ਅਕਾਲੀ ਸਰਪੰਚ ’ਤੇ ਨਰੇਗਾ ਗ੍ਰਾਂਟ ਦੇ ਗਬਨ ਦਾ ਦੋਸ਼ ਸਾਬਤ, ਅਹੁਦੇ ਤੋਂ ਤੁਰੰਤ ਮੁਅੱਤਲ
Tuesday, Nov 25, 2025 - 12:43 PM (IST)
ਤਰਸਿੱਕਾ/ਮੱਤੇਵਾਲ (ਸਰਬਜੀਤ)— ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਤਰਸਿੱਕਾ ਵਲੋਂ ਜਾਰੀ ਕੀਤੇ ਪੱਤਰ ਨੰ. 2704 , ਮਿਤੀ 19 ਨਵੰਬਰ 2025 ਅਨੁਸਾਰ ਗ੍ਰਾਮ ਪੰਚਾਇਤ ਖਿੱਦੋਵਾਲੀ ’ਚ ਨਰੇਗਾ ਸਕੀਮ ਤਹਿਤ ਹੋਈਆਂ ਵਿੱਤੀ ਗੜਬੜੀਆਂ ਦੇ ਗੰਭੀਰ ਮਾਮਲੇ ਸਾਹਮਣੇ ਆਏ ਹਨ। ਲੋਕਪਾਲ ਨਰੇਗਾ ਦਫਤਰ, ਜੋ ਕਿ ਵਧੀਕ ਡਿਪਟੀ ਕਮਿਸ਼ਨਰ (ਪੇ. ਵਿ.) ਅੰਮ੍ਰਿਤਸਰ ਦੇ ਅਧੀਨ ਕੰਮ ਕਰਦਾ ਹੈ, ਦੀ ਪੜਤਾਲ ਰਿਪੋਰਟ ’ਚ ਮੌਜੂਦਾ ਸਰਪੰਚ ਸੁਖਦੇਵ ਸਿੰਘ, ਪੰਚਾਇਤ ਮੈਂਬਰ ਕੈਪਟਨ ਸਿੰਘ ਪੁੱਤਰ ਸਰਦੂਲ ਸਿੰਘ ਅਤੇ ਜੀ. ਆਰ. ਐੱਸ. ਦਿਲਬਾਗ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਮਿਲੀਭੁਗਤ ਨਾਲ ਵੱਡੇ ਪੱਧਰ ’ਤੇ ਗ੍ਰਾਂਟ ਨੂੰ ਖੁਰਦ-ਬੁਰਦ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ: 10 ਤੇ 20 ਰੁਪਏ ਦੇ ਨਵੇਂ ਨੋਟਾਂ ਦੀ ਹੋ ਰਹੀ ਬਲੈਕ, ਬੈਂਕ ਅਧਿਕਾਰੀ ਕਰ ਰਹੇ...
ਰਿਪੋਰਟ ਮੁਤਾਬਕ ਉਕਤ ਚਾਰਾਂ ਵਲੋਂ ਕੁੱਲ 5,82,600 ਰੁਪਏ ਦੀ ਰਕਮ ਦਾ ਗਬਨ ਕੀਤਾ ਗਿਆ ਹੈ, ਜੋ ਕਿ ਨਰੇਗਾ ਸਕੀਮ ਤਹਿਤ ਗ੍ਰਾਮ ਪੰਚਾਇਤ ਨੂੰ ਜਾਰੀ ਕੀਤੀ ਗਈ ਸੀ। ਲੋਕਪਾਲ ਦੀ ਜਾਂਚ ਨੇ ਸਾਫ਼ ਕੀਤਾ ਹੈ ਕਿ ਸਰਪੰਚ ਅਤੇ ਹੋਰ ਜ਼ਿੰਮੇਵਾਰ ਮੁਲਜ਼ਮਾਂ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਗ੍ਰਾਮ ਪੰਚਾਇਤ ਨੂੰ ਵਿੱਤੀ ਨੁਕਸਾਨ ਪਹੁੰਚਾਇਆ।
ਇਹ ਵੀ ਪੜ੍ਹੋ- ਮੈਰਿਜ ਪੈਲੇਸਾਂ ਵਿਚ ਵਰਤਾਈ ਜਾਣ ਵਾਲੀ ਸ਼ਰਾਬ ਦੇ ਰੇਟ ਨੂੰ ਲੈ ਕੇ ਪੈ ਗਿਆ ਰੌਲਾ, ਪੜ੍ਹੋ ਕੀ ਹੈ ਮਾਮਲਾ
ਉਕਤ ਰਿਪੋਰਟ ਨੂੰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਤਰਸਿੱਕਾ ਵਲੋਂ ਨਿਰਧਾਰਿਤ ਤਰੀਕੇ ਨਾਲ ਖੰਗਾਲਿਆ ਗਿਆ ਅਤੇ ਪਾਇਆ ਗਿਆ ਕਿ ਸਰਪੰਚ ਸੁਖਦੇਵ ਸਿੰਘ ਵਲੋਂ ਗ੍ਰਾਂਟ ਖੁਰਦ-ਬੁਰਦ ਕਰਕੇ ਭ੍ਰਿਸ਼ਟਾਚਾਰ ਕੀਤਾ ਗਿਆ ਹੈ। ਇਸ ਪੂਰੀ ਪ੍ਰਕਿਰਿਆ ਦੇ ਅਧਿਐਨ ਉਪਰੰਤ ਅਧਿਕਾਰੀ ਇਸ ਨਤੀਜੇ ’ਤੇ ਪਹੁੰਚੇ ਕਿ ਸਰਪੰਚ ਦਾ ਆਪਣੇ ਅਹੁਦੇ ’ਤੇ ਕਾਇਮ ਰਹਿਣਾ ਲੋਕ ਹਿੱਤ ’ਚ ਨਹੀਂ ਹੈ।
ਇਹ ਵੀ ਪੜ੍ਹੋ- ਹੋਟਲ ’ਚ ਔਰਤ ਦਾ ਕਤਲ ਕਰਨ ਦੇ ਮਾਮਲੇ 'ਚ ਵੱਡਾ ਖੁਲਾਸਾ, ਫੜੇ ਗਏ ਮੁਲਜ਼ਮ ਨੇ ਦੱਸੀ ਇਹ ਵਜ੍ਹਾ
ਇਸ ਲਈ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 (4) ਤਹਿਤ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਰਪੰਚ ਸੁਖਦੇਵ ਸਿੰਘ ਨੂੰ ਤੁਰੰਤ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਹੁਕਮਾਂ ਅਨੁਸਾਰ ਮੁਅੱਤਲੀ ਦੌਰਾਨ ਉਹ ਗ੍ਰਾਮ ਪੰਚਾਇਤ ਦੀ ਕਿਸੇ ਵੀ ਕਾਰਵਾਈ ’ਚ ਭਾਗ ਨਹੀਂ ਲਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਸੁੱਕੀ ਠੰਡ ਦਾ ਛਾਇਆ ਕਹਿਰ; ਮੀਂਹ ਨਾ ਪੈਣ ਕਾਰਨ ਪ੍ਰਦੂਸ਼ਣ 'ਚ ਵੀ ਵਾਧਾ, ਬੱਚੇ ਤੇ ਬਜ਼ੁਰਗ ਪ੍ਰਭਾਵਿਤ
