ਨਹਿਰ ਕਿਨਾਰਿਓਂ ਨੌਜਵਾਨ ਦੀ ਲਾਸ਼ ਮਿਲੀ, ਨਸ਼ੇ ਦਾ ਟੀਕਾ ਲਗਾ ਕੇ ਮਾਰਨ ਦੇ ਦੋਸ਼ ’ਚ 3 ’ਤੇ ਮਾਮਲਾ ਦਰਜ
Saturday, Dec 03, 2022 - 05:07 PM (IST)
ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ) : ਫਿਰੋਜ਼ਪੁਰ ਦੇ ਪਿੰਡ ਨੌਰੰਗ ਸਿੰਘ ਵਾਲਾ ਦੇ ਇਲਾਕੇ ਵਿਚ ਨਹਿਰ ਦੀ ਪੱਟੜੀ ’ਤੇ ਜਗਜੀਤ ਸਿੰਘ (24 ਸਾਲ) ਦੀ ਲਾਸ਼ ਸ਼ੱਕੀ ਹਾਲਤ ਵਿਚ ਮਿਲੀ ਹੈ, ਜਿਸ ਸਬੰਧੀ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਮ੍ਰਿਤਕ ਦੇ ਭਰਾ ਬੂਟਾ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਬੋਤੀਆਂ ਵਾਲਾ ਦੇ ਬਿਆਨਾਂ ’ਤੇ ਸੁਖਚੈਨ ਸਿੰਘ, ਜਤਿੰਦਰ ਸਿੰਘ ਅਤੇ ਗੁਰਦੇਵ ਸਿੰਘ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁੱਦਈ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸਦਾ ਭਰਾ ਜਗਜੀਤ ਸਿੰਘ ਪਿੰਡ ਦੇ ਹੀ ਸਤਨਾਮ ਸਿੰਘ ਨਾਲ ਗੱਡੀਆਂ ਧੋਣ ਦਾ ਕੰਮ ਕਰਦਾ ਸੀ, ਜੋ ਗੁਰਦੇਵ ਸਿੰਘ ਵਾਸੀ ਲੋਹਕੇ ਕਲਾਂ ਤੋਂ ਹੈਰੋਇਨ ਲਿਆ ਕੇ ਪੀਂਦੇ ਸੀ।
1 ਦਸੰਬਰ ਨੂੰ ਸਵੇਰੇ 9 ਵਜੇ ਉਸਦਾ ਭਰਾ ਇਹ ਕਹਿ ਕੇ ਚਲਾ ਗਿਆ ਕਿ ਅਸੀਂ ਨਕੋਦਰ ਬਾਬੇ ਦੇ ਮੱਥਾ ਟੇਕਣ ਜਾ ਰਹੇ ਹਾਂ ਅਤੇ ਦੇਰ ਰਾਤ ਤੱਕ ਜਦੋਂ ਉਹ ਵਾਪਸ ਨਾ ਆਇਆ ਤਾਂ ਉਹ ਅਤੇ ਉਸਦਾ ਪਿਤਾ ਪਿੰਡ ਦੇ ਸਤਨਾਮ ਸਿੰਘ ਨੂੰ ਨਾਲ ਲੈ ਕੇ ਉਸਦੀ ਭਾਲ ਕਰਦੇ ਰਹੇ ਅਤੇ ਬਾਅਦ ’ਚ ਜਗਜੀਤ ਸਿੰਘ ਦੀ ਲਾਸ਼ ਨਹਿਰ ਦੀ ਪੱਟੜੀ ’ਤੇ ਪਈ ਮਿਲੀ ਅਤੇ ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਸ ਦੇ ਨੱਕ ’ਚੋਂ ਖੂਨ ਨਿਕਲ ਰਿਹਾ ਸੀ। ਸ਼ਿਕਾਇਤਕਰਤਾ ਮੁਦਈ ਅਨੁਸਾਰ ਨਾਮਜ਼ਦ ਵਿਅਕਤੀਆਂ ਨੇ ਜਗਜੀਤ ਸਿੰਘ ਨੂੰ ਨਸ਼ੇ ਦੀ ਓਵਰਡੋਜ਼ ਟੀਕਾ ਲਗਾ ਕੇ ਮਾਰ ਦਿੱਤਾ ਹੈ।