ਕੈਨੇਡਾ ਤੋਂ ਕੁੜੀ ਨੂੰ ਵਿਆਹ ਲਈ ਸੱਦਿਆ, ਹਵਸ ਮਿਟਾ ਕੇ ਦਿੱਤਾ ਧੋਖਾ
Saturday, Feb 23, 2019 - 04:32 PM (IST)
![ਕੈਨੇਡਾ ਤੋਂ ਕੁੜੀ ਨੂੰ ਵਿਆਹ ਲਈ ਸੱਦਿਆ, ਹਵਸ ਮਿਟਾ ਕੇ ਦਿੱਤਾ ਧੋਖਾ](https://static.jagbani.com/multimedia/2019_2image_16_31_205490000girlsad.jpg)
ਲੁਧਿਆਣਾ (ਮਹੇਸ਼, ਵਰਮਾ) : ਕੈਨੇਡਾ 'ਚ ਪੜ੍ਹਾਈ ਕਰ ਕੇ ਪਰਤੀ 22 ਸਾਲਾ ਇਕ ਲੜਕੀ ਨੇ ਪੁਲਸ ਦੇ ਰਵੱਈਏ ਤੋਂ ਨਿਰਾਸ਼ ਹੋ ਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ। ਲੜਕੀ ਨੇ ਨਸ਼ੇ ਵਾਲੀਆਂ ਗੋਲੀਆਂ ਨਿਗਲ ਲਈਆਂ ਸਨ। ਉਹ ਇਸ ਸਮੇਂ ਸ਼ਹਿਰ ਦੇ ਇਕ ਹਸਪਤਾਲ 'ਚ ਜ਼ੇਰੇ ਇਲਾਜ ਹੈ। ਡਾਕਟਰਾਂ ਨੇ ਲੜਕੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ। ਲੜਕੀ ਨੇ ਕਰੀਬ ਡੇਢ ਮਹੀਨੇ ਪਹਿਲਾਂ ਆਪਣੇ ਮੰਗੇਤਰ ਅਤੇ ਉਸ ਦੇ ਪਰਿਵਾਰ ਵਾਲਿਆਂ ਵਿਰੁੱਧ ਸ਼ਿਕਾਇਤ ਕੀਤੀ ਸੀ ਪਰ ਪੁਲਸ ਨੇ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਲੜਕੀ ਨੇ ਇਹ ਕਦਮ ਚੁੱਕਿਆ। ਲੜਕੀ ਦੇ ਕੋਲੋਂ ਇਕ ਸੁਸਾਇਡ ਨੋਟ ਵੀ ਮਿਲਿਆ ਹੈ।
ਤਾਂ ਇਸ ਕਾਰਨ ਟੁੱਟਿਆ ਰਿਸ਼ਤਾ
ਉਧਰ, ਪੁਲਸ ਨੂੰ ਦਿੱਤੀ ਗਈ ਦਰਖਾਸਤ 'ਚ ਨੂਰਵਾਲਾ ਰੋਡ ਇਲਾਕੇ ਦੀ ਰਹਿਣ ਵਾਲੀ ਲੜਕੀ ਦਾ ਕਹਿਣਾ ਹੈ ਕਿ 17 ਸਤੰਬਰ 2018 ਨੂੰ ਉਸ ਦੀ ਮੰਗਣੀ ਨਿਊ ਸ਼ਿਵਪੁਰੀ, ਪ੍ਰੀਤ ਨਗਰ ਦੇ ਨੌਜਵਾਨ ਨਾਲ ਮਲਹਾਰ ਰੋਡ ਦੇ ਇਕ ਰੇਸਤਰਾਂ 'ਚ ਹੋਈ, ਜਿਸ ਨਾਲ ਉਹ ਪ੍ਰੇਮ ਕਰਦੀ ਸੀ। ਇਸ ਸਮਾਗਮ 'ਚ ਦੋਵੇਂ ਪਰਿਵਾਰਾਂ ਤੋਂ ਇਲਾਵਾ ਸਕੇ ਸਬੰਧੀ ਵੀ ਸ਼ਾਮਲ ਹੋਏ। 27 ਫਰਵਰੀ (2019) ਵਿਆਹ ਦੀ ਤਰੀਕ ਪੱਕੀ ਕੀਤੀ ਗਈ ਸੀ ਪਰ ਇਸੇ ਦੌਰਾਨ ਲੜਕੇ ਦੇ ਮਾਤਾ-ਪਿਤਾ ਨੇ ਦਾਜ 'ਚ ਲਗਜ਼ਰੀ ਆਡੀ ਕਾਰ ਅਤੇ 50 ਲੱਖ ਰੁਪਏ ਦੀ ਮੰਗ ਰੱਖ ਦਿੱਤੀ, ਜਿਸ ਨੂੰ ਪੂਰੀ ਕਰ ਸਕਣਾ ਉਸ ਦੇ ਪਰਿਵਾਰ ਵਾਲਿਆਂ ਦੇ ਵੱਸ ਤੋਂ ਬਾਹਰ ਸੀ। ਇਸ ਗੱਲ ਕਾਰਨ ਰਿਸ਼ਤਾ ਤੋੜ ਦਿੱਤਾ ਗਿਆ। ਇਸ ਸਬੰਧੀ ਜਦੋਂ ਉਸ ਨੇ ਆਪਣੇ ਮੰਗੇਤਰ ਨਾਲ ਗੱਲ ਕੀਤੀ ਤਾਂ ਪਹਿਲਾਂ ਉਹ ਉਸ ਨੂੰ ਦਿਲਾਸਾ ਦਿੰਦਾ ਰਿਹਾ ਕਿ ਉਹ ਉਸ ਦੇ ਨਾਲ ਹੀ ਵਿਆਹ ਕਰੇਗਾ ਪਰ ਬਾਅਦ 'ਚ ਉਹ ਸਾਫ ਮੁੱਕਰ ਗਿਆ।
ਹਵਸ ਮਿਟਾ ਕੇ ਦਿੱਤਾ ਧੋਖਾ
ਪੀੜਤਾ ਦਾ ਦੋਸ਼ ਹੈ ਕਿ ਘਟਨਾਕ੍ਰਮ ਤੋਂ ਪਹਿਲਾਂ ਉਸ ਦਾ ਮੰਗੇਤਰ ਉਸ ਦੀ ਰਜ਼ਾਮੰਦੀ ਤੋਂ ਬਿਨਾਂ ਉਸ ਦੇ ਨਾਲ ਸਰੀਰਕ ਸੰਬੰਧ ਸਥਾਪਤ ਕਰ ਚੁੱੱਕਾ ਸੀ ਅਤੇ ਉਸ ਨੇ ਹੀ ਉਸ ਦੀ ਪੜ੍ਹਾਈ ਵੀ ਛੁਡਵਾ ਕੇ ਉਸ ਨੂੰ ਕੈਨੇਡਾ ਤੋਂ ਵਾਪਸ ਇੰਡੀਆ ਬੁਲਾ ਲਿਆ ਸੀ। ਉਸ ਦੇ ਮੰਗੇਤਰ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇਕਰ ਉਹ ਉਸ ਦੇ ਰਸਤੇ 'ਚ ਆਈ ਤਾਂ ਉਸ ਨੂੰ ਜਾਨ ਤੋਂ ਮਾਰ ਦੇਵੇਗਾ। ਇਨਸਾਫ ਲੈਣ ਲਈ ਉਸ ਨੇ 5 ਜਨਵਰੀ (2019) ਨੂੰ ਪੁਲਸ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋ ਕੇ ਇਨਸਾਫ ਦੀ ਫਰਿਆਦ ਕੀਤੀ ਤਾਂ ਉਸ ਦੇ ਚਰਿੱਤਰ 'ਤੇ ਦੋਸ਼ ਲਾ ਕੇ ਉਸ ਨੂੰ ਸਮਾਜ 'ਚ ਬਦਨਾਮ ਕਰਨ ਦਾ ਯਤਨ ਕੀਤਾ ਗਿਆ। ਇਸ ਦੇ ਬਾਵਜੂਦ ਜਦੋਂ ਉਹ ਆਪਣੇ ਫੈਸਲੇ 'ਤੇ ਅਟਲ ਰਹੀ ਤਾਂ ਉਸ ਦੇ ਮੰਗੇਤਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਿਵਾਲਵਰ ਦੇ ਜ਼ੋਰ 'ਤੇ ਜਬਰਨ ਸਹੁੰ ਪੱਤਰਾਂ 'ਤੇ ਦਸਤਖ਼ਤ ਕਰਵਾਏ ਅਤੇ ਉਸ ਨੂੰ ਮਜਬੂਰ ਕੀਤਾ ਕਿ ਉਹ ਪੁਲਸ ਨੂੰ ਦਿੱਤੀ ਗਈ ਦਰਖਾਸਤ ਵਾਪਸ ਲਵੇ। ਉਸ ਨੂੰ ਧਮਕਾਇਆ ਗਿਆ ਕਿ ਜੇਕਰ ਉਸ ਨੇ ਉਸ ਦੀ ਗੱਲ ਨਾ ਮੰਨੀ ਤਾਂ ਉਹ ਉਸ ਦੇ ਮਾਤਾ-ਪਿਤਾ ਅਤੇ ਭਰਾ ਨੂੰ ਜਾਨ ਤੋਂ ਮਾਰ ਦੇਵੇਗਾ।
ਉੱਚੀ ਪਹੁੰਚ ਕਾਰਨ ਨਹੀਂ ਮਿਲ ਰਿਹਾ ਇਨਸਾਫ
ਪੀੜਤਾ ਦਾ ਦੋਸ਼ ਹੈ ਕਿ ਕਰੀਬ ਇਕ ਮਹੀਨੇ ਤੱਕ ਪੁਲਸ ਕੇਸ ਦੀ ਲੀਪਾਪੋਤੀ ਕਰਦੀ ਰਹੀ। 6 ਫਰਵਰੀ 2019 ਨੂੰ ਉਸ ਨੇ ਆਪਣੀ ਸ਼ਿਕਾਇਤ 'ਤੇ ਕਾਰਵਾਈ ਦੀ ਮੰਗ ਸਬੰਧੀ ਫਿਰ ਪੁਲਸ ਨੂੰ ਸ਼ਿਕਾਇਤ ਦਿੱਤੀ। ਬਾਵਜੂਦ ਇਸ ਦੇ ਕੋਈ ਕਾਰਵਾਈ ਨਹੀਂ ਹੋਈ। ਲੜਕੀ ਦੇ ਮਾਤਾ-ਪਿਤਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੈਸੇ ਵਾਲਾ ਹੋਣ ਕਾਰਨ ਲੜਕੇ ਵਾਲਿਆਂ ਦੀ ਪੁਲਸ ਪ੍ਰਸ਼ਾਸਨ 'ਚ ਉੱਪਰ ਤੱਕ ਪਹੁੰਚ ਹੈ, ਜਿਸ ਕਾਰਨ ਉਨ੍ਹਾਂ ਦੀ ਲੜਕੀ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਉਹ ਆਖਰੀ ਦਮ ਤੱਕ ਇਨਸਾਫ ਲਈ ਲੜਨਗੇ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਰਹਿਣਗੇ। ਕੋਰਟ ਲੜਕੀ ਦੇ ਬਿਆਨ ਲੈਣ ਲਈ ਪੁਲਸ ਮੁਲਾਜ਼ਮਾਂ ਨੂੰ ਭੇਜਿਆ ਗਿਆ ਸੀ ਪਰ ਡਾਕਟਰਾਂ ਨੇ ਉਸ ਨੂੰ ਅਨਫਿਟ ਐਲਾਨ ਦਿੱਤਾ ਸੀ ਜਿਸ ਕਾਰਨ ਉਸ ਦੇ ਬਿਆਨ ਨਹੀਂ ਲਏ ਜਾ ਸਕੇ। ਕੇਸ ਉੱਚ ਅਧਿਕਾਰੀਆਂ ਦੇ ਧਿਆਨ 'ਚ ਪਹਿਲਾਂ ਹੀ ਲਿਆ ਦਿੱਤਾ ਗਿਆ ਸੀ। ਲੜਕੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਕੇਸ ਦਰਜ ਕਰ ਲਿਆ ਜਾਵੇਗਾ। ਤਤਕਾਲੀ ਵਧੀਕ ਥਾਣਾ ਮੁਖੀ ਸਬ ਇੰਸਪੈਕਟਰ ਅਰਸ਼ਦੀਪ ਕੌਰਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਦੂਜੀ ਧਿਰ ਨੇ ਸਾਰੇ ਦੋਸ਼ਾਂ ਨੂੰ ਝੂਠੇ, ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਮੰਗਣੀ ਤੋੜਨ ਦੇ ਕਾਫੀ ਕਾਰਨ ਸਨ। ਦੋਵਾਂ ਧਿਰਾਂ 'ਚ ਸਮਝੌਤਾ ਹੋ ਚੁੱਕਾ ਹੈ। ਲੜਕੀ ਅਤੇ ਲੜਕੀ ਦੇ ਮਾਤਾ-ਪਿਤਾ ਨੇ ਬਿਨਾਂ ਕਿਸੇ ਦਬਾਅ ਜਾਂ ਡਰ ਦੇ ਖੁਦ ਉਨ੍ਹਾਂ ਨੂੰ ਤਸਦੀਕਸ਼ੁਦਾ ਸਮਝੌਤੇ ਦੇ ਸਹੁੰ ਪੱਤਰ ਦਿੱਤੇ ਸਨ।