ਕੈਨੇਡਾ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ, ਪਿਓ-ਧੀ ਤੇ ਭਰਾ ’ਤੇ ਮਾਮਲਾ ਦਰਜ

Saturday, Apr 22, 2023 - 06:16 PM (IST)

ਕੈਨੇਡਾ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ, ਪਿਓ-ਧੀ ਤੇ ਭਰਾ ’ਤੇ ਮਾਮਲਾ ਦਰਜ

ਖਰੜ (ਰਣਬੀਰ) : ਸਿਟੀ ਪੁਲਸ ਨੇ ਕੈਨੇਡਾ ਦਾ ਵੀਜ਼ਾ ਲਗਵਾਉਣ ਦੇ ਬਦਲੇ ਇਕ ਨੌਜਵਾਨ ਪਾਸੋਂ ਲੱਖਾਂ ਰੁਪਏ ਲੈਣ ਬਾਵਜੂਦ ਉਸ ਦਾ ਵੀਜ਼ਾ ਨਾ ਲਗਵਾਉਣ ਦੇ ਦੋਸ਼ ’ਚ ਫਰਜ਼ੀ ਟਰੈਵਲ ਏਜੰਟ ਲੜਕੀ, ਉਸ ਦੇ ਪਿਓ ਅਤੇ ਭਰਾ ਖਿਲਾਫ-406, 420, 24 ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੀੜਤ ਗੁਰਵਿੰਦਰ ਸਿੰਘ ਵਾਸੀ ਜ਼ਿਲ੍ਹਾ ਸੰਗਰੂਰ ਨੇ ਦੱਸਿਆ ਕਿ ਉਸ ਦੀ ਸਾਲ 2017 ਅੰਦਰ ਕੈਨੇਡਾ ਦਾ ਵਰਕ ਵੀਜ਼ਾ ਲਗਵਾਉਣ ਨੂੰ ਲੈ ਕੇ ਰਾਜਵਿੰਦਰ ਕੌਰ, ਉਸ ਦੇ ਪਿਤਾ ਰਣਜੀਤ ਸਿੰਘ ਭਰਾ ਜੁਗਰਾਜ ਸਿੰਘ ਵਾਸੀ ਪਿੰਡ ਪੰਜਗਰਾਈਆਂ ਧੂਰੀ ਨਾਲ ਖਰੜ ਵਿਚ ਮੁਲਾਕਾਤ ਹੋਈ ਸੀ। ਵੀਜ਼ਾ ਲਗਵਾਉਣ ਬਦਲੇ ਉਕਤ ਵਿਅਕਤੀਆਂ ਨਾਲ ਉਸ ਦੀ ਗੱਲ 10 ਲੱਖ ਰੁਪਏ ’ਚ ਫਾਈਨਲ ਹੋਈ ਸੀ ਕਿਉਂਕਿ ਰਾਜਵਿੰਦਰ ਕੌਰ ਦੇ ਕਹਿਣ ਮੁਤਾਬਕ ਉਸ ਦੇ ਚੰਡੀਗੜ੍ਹ ਸਥਿਤ ਬੁਟੀਕ ਅੰਦਰ ਕੈਨੇਡੀਅਨ ਹਾਈ ਕਮਿਸ਼ਨ ਅੰਬੈਸੀ ’ਚ ਕੰਮ ਕਰਨ ਵਾਲੀ ਲੜਕੀ ਜੋ ਅਕਸਰ ਉਸ ਕੋਲ ਆਉਂਦੀ ਰਹਿੰਦੀ ਹੈ ਨਾਲ ਦੋਸਤੀ ਸੀ। 

ਦਰਖਾਸਤਕਰਤਾ ਨੇ ਦੱਸਿਆ ਕਿ ਰਾਜਵਿੰਦਰ ਕੌਰ ਨੇ ਆਪਣਾ ਕੈਨੇਡਾ ਦਾ ਵੀਜ਼ਾ ਲੱਗਾ ਉਸ ਨੂੰ ਵਿਖਾਉਂਦੀਆਂ ਕਿਹਾ ਸੀ ਕਿ ਉਸ ਦਾ ਵੀਜ਼ਾ ਵੀ ਉਸ ਦੀ ਦੋਸਤ ਨੇ ਹੀ ਲਗਵਾ ਕੇ ਦਿੱਤਾ ਹੈ। ਇਹ ਦੇਖ ਗੁਰਵਿੰਦਰ ਸਿੰਘ ਨੂੰ ਉਸ ਦੀ ਗੱਲ ’ਤੇ ਯਕੀਨ ਹੋ ਗਿਆ ਅਤੇ ਉਸ ਨੇ 2 ਲੱਖ ਰੁਪਏ ਕੈਸ਼ ਸਣੇ ਕੇਸ ਸੌਂਪ ਦਿੱਤਾ, ਜਦੋਂ ਕਿ ਹੋਰ ਸਾਢੇ 4 ਲੱਖ ਰੁਪਏ ਵੀਜ਼ਾ ਲੱਗਣ ਤੋਂ ਬਾਅਦ ਉਕਤ ਵਿਅਕਤੀਆਂ ਦੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ। ਗੁਰਵਿੰਦਰ ਮੁਤਾਬਕ ਉਸ ਨੂੰ ਕੁਝ ਸ਼ੱਕ ਹੋਇਆ ਇਸ ਲਈ ਉਸ ਨੇ ਬਾਕੀ ਦੀ‌ ਰਕਮ ਉਨ੍ਹਾਂ ਨੂੰ ਦੇਣ ਤੋਂ ਪਹਿਲਾਂ ਆਪਣਾ ਵੀਜ਼ਾ ਕਿਸੇ ਹੋਰ ਏਜੰਟ ਕੋਲੋਂ ਚੈੱਕ ਕਰਵਾਇਆ ਤਾਂ ਉਹ ਫਰਜ਼ੀ ਨਿਕਲਿਆ। ਇਸ ਦਾ ਪਤਾ ਚਲਦਿਆਂ ਹੀ ਉਸ ਨੇ ਉਕਤ ਵਿਅਕਤੀਆਂ ਪਾਸੋਂ ਆਪਣੀ ਰਕਮ ਵਾਪਸ ਮੰਗੀ ਤਾਂ ਉਨ੍ਹਾਂ ਵਲੋਂ ਉਸ ਨੂੰ 4.5 ਲੱਖ ਦਾ ਚੈੱਕ ਦੇ ਦਿੱਤਾ ਜੋ ਬਾਊਂਸ ਹੋ ਗਿਆ। ਇਸ ਮਗਰੋਂ 6 ਮਹੀਨੇ ਤਕ ਇਨ੍ਹਾਂ ਵਿਅਕਤੀਆਂ ਦੇ ਪਿੱਛੇ ਘੁੰਮਣ ’ਤੇ ਵੀ ਉਸ ਦੀ ਰਕਮ ਵਾਪਸ ਨਾ ਮਿਲੀ।

ਉਸ ਵਲੋਂ ਇਨ੍ਹਾਂ ਜਾਲਸਾਜ਼ ਵਿਅਕਤੀਆਂ ਉੱਤੇ ਦਬਾਅ ਪਾਏ ਜਾਣ ’ਤੇ ਉਨ੍ਹਾਂ ਇਕ ਹਲਫ਼ੀਆ ਬਿਆਨ ਦੇ ਕੇ 6 ਮਹੀਨੇ ਦੇ ਅੰਦਰ ਮੁਕੰਮਲ ਰਕਮ ਵਾਪਸ ਮੋੜ ਦਾ ਵਾਅਦਾ ਕੀਤਾ ਸੀ ਇਸ ਦਰਮਿਆਨ ਦਰਖਾਸਤਕਰਤਾ ਨੂੰ ਪਤਾ ਲੱਗਾ ਕਿ ਉਕਤ ਰਾਜਵਿੰਦਰ ਕੌਰ ਕੈਨੇਡਾ ਜਦੋਂ ਕਿ ਉਸ ਦਾ ਪਿਓ ਅਤੇ ਭਰਾ ਪਿੰਡ ਵਾਪਸ ਜਾ ਚੁੱਕੇ ਹਨ। ਉਪਰੰਤ ਉਸ ਦਾ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਹੋ ਸਕਿਆ। ਇਸ ਤੋਂ ਬਾਅਦ ਗੁਰਵਿੰਦਰ ਕਿਸੇ ਹੋਰ ਏਜੰਟ ਕੋਲੋਂ ਇੰਗਲੈਂਡ ਦਾ ਵਰਕ ਵੀਜ਼ਾ ਲਗਵਾ ਕੇ ਉਥੇ ਚਲਾ ਗਿਆ, ਪਰ ਹਲਫ਼ੀਆ ਬਿਆਨ ਦੀ ਸਮਾਂ ਸੀਮਾ ਬੀਤ ਜਾਣ ਦੇ ਬਾਵਜੂਦ ਗੁਰਵਿੰਦਰ ਨੂੰ ਉਸ ਦੀ ਸਾਢੇ 6 ਲੱਖ ਰੁਪਏ ਦੀ ਰਕਮ ਵਾਪਸ ਨਾ ਮਿਲਣ ’ਤੇ ਉਕਤ ਤਿੰਨੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਇਸ ਸਬੰਧ ਵਿਚ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।


author

Gurminder Singh

Content Editor

Related News