ਕੈਨੇਡਾ ''ਚ ਹੋਏ ਮੁਕਾਬਲਿਆਂ ''ਚ ਭੁਲੱਥ ਦੇ ਨੌਜਵਾਨ ਨੇ ਜਿੱਤਿਆ ਗੋਲਡ ਮੈਡਲ
Thursday, Sep 19, 2019 - 04:18 PM (IST)

ਟੋਰਾਂਟੋ (ਰਾਜ ਗੋਗਨਾ)— 14 ਤੋਂ 21 ਸਤੰਬਰ ਤੱਕ ਕੈਨੇਡਾ ਦੇ ਸੂਬੇ ਨਿਊਫੋਰਟਲੈਂਡ ਦੇ ਸ਼ਹਿਰ ਸੇਂਟ ਜੋਹਨ ਸਿਟੀ ਵਿਖੇ ਚੱਲ ਰਹੀ 'ਕਾਮਨਵੈਲਥ ਪਾਵਰਲਿਫਟਿੰਗ ਪ੍ਰਤਿਯੋਗਤਾ' ਵਿਚ ਪੰਜਾਬ ਦੇ ਭੁਲੱਥ ਕਸਬੇ ਦੇ ਜੰਮਪਲ ਅਜੇ ਗੋਗਨਾ ਨੇ ਆਪਣੇ ਅੱਥਰੇਜ਼ੋਰ ਨਾਲ ਕੈਨੇਡਾ ਦੀ ਧਰਤੀ 'ਤੇ ਸਭ ਤੋਂ ਵੱਧ ਬੈਂਚ ਪੈੱਸ ਲਾ ਕੇ ਆਪਣੇ 120 ਕਿੱਲੋਗ੍ਰਾਮ ਵਰਗ ਦੇ ਭਾਰ ਵਿਚ ਗੋਲਡ ਮੈਡਲ ਜਿੱਤਿਆ। 29 ਸਾਲਾ ਨੌਜਵਾਨ ਅਜੇ ਗੋਗਨਾ ਸਪੁੱਤਰ ਪਰਵਾਸੀ ਪੱਤਰਕਾਰ ਰਾਜ ਗੋਗਨਾ ਪਾਵਰਲਿਫਟਰ ਇਸ ਤੋਂ ਪਹਿਲਾਂ ਜੋ ਭਾਰਤ ਦੀ ਨਾਮਵਰ ਇੰਡੀਅਨ ਪਾਵਰਲਿਫਟਿੰਗ ਫੈਡਰੇਸ਼ਨ ਵੱਲੋਂ ਖੇਡਦਾ ਰਿਹਾ ਹੈ। ਪਿਛਲੇ ਦੋ ਸਾਲਾਂ ਵਿਚ ਅਜੇ ਦੁਬਈ, ਆਸਟ੍ਰੇਲੀਆ, ਜਾਪਾਨ ਅਤੇ ਹੁਣ ਕੈਨੇਡਾ ਵਿਖੇ ਹੋਏ ਪਾਵਰਲਿਫਟਿੰਗ ਦੇ ਮੁਕਾਬਲਿਆਂ ਵਿਚ ਦੇਸ਼ ਅਤੇ ਆਪਣੇ ਸੂਬੇ ਦਾ ਨਾਂ ਰੋਸ਼ਨ ਕਰ ਰਿਹਾ ਹੈ ਅਤੇ ਕਾਮਨਵੈਲਥ ਦੇ ਹੋਏ ਪਾਵਰਲਿਫਟਿੰਗ ਮੁਕਾਬਲਿਆਂ ਚ ਇਕ ਹੋਰ ਗੋਲਡ ਮੈਡਲ ਭਾਰਤ ਦੀ ਝੋਲੀ ਵਿਚ ਪਾਇਆ ਹੈ।
ਇੱਥੇ ਦੱਸ ਦਈਏ ਕਿ 29 ਸਾਲਾ ਅਜੇ ਗੋਗਨਾ ਪੰਜਾਬ ਦੀਆਂ ਅਨੇਕਾਂ ਕਲੱਬਾਂ, ਸੰਸਥਾਵਾਂ ਵੱਲੋਂ 'ਸਟਰੋਂਗਮੈਨ ਆਫ ਪੰਜਾਬ' ਦੇ ਖਿਤਾਬ ਵੀ ਜਿੱਤ ਚੁੱਕਾ ਹੈ ਅਤੇ ਪਾਵਰਲਿਫਟਿੰਗ ਵਿਚ ਅਨੇਕਾਂ ਮਾਣਮੱਤੇ ਇਨਾਮ ਹਾਸਲ ਕਰ ਚੁੱਕਾ ਹੈ। ਅਜੇ ਗੋਗਨਾ ਦੀ ਜਿੱਤ ਦੀ ਖੁਸ਼ੀ ਵਿਚ ਪੂਰਾ ਭਾਈਚਾਰਾ ਖੁਸ਼ੀ ਮਨਾ ਰਿਹਾ ਹੈ। ਭੁਲੱਥ ਦੇ ਨਜ਼ਦੀਕ ਪਿੰਡ ਬਾਗੜੀਆਂ ਵਿਖੇ ਹਰ ਸਾਲ ਦੀ ਤਰ੍ਹਾਂ ਹੋ ਰਹੇ ਵਿਸ਼ਾਲ ਕਬੱਡੀ ਟੂਰਨਾਮੈਂਟ ਵਿਚ ਅਜੇ ਗੋਗਨਾ ਦਾ 100000 ਰੁਪਏ ਅਤੇ ਨਵੇਂ ਮੋਟਰ-ਸਾਈਕਲ ਨਾਲ ਕੈਨੇਡਾ ਦੇ ਐਨ.ਆਰ.ਆਈ. ਨੌਜਵਾਨ ਚੰਨਾ ਧਾਲੀਵਾਲ ਪਿੰਡ (ਭਗਵਾਨਪੁਰ) ਨੇੜੇ ਭੁਲੱਥ ਅਤੇ ਕਬੱਡੀ ਦੇ ਨਾਮਵਰ ਖਿਡਾਰੀ ਕਾਲਾ ਬਾਗੜੀਆਂ ਸਰਪ੍ਰਸਤ ਦਸਮੇਸ਼ ਸਪੋਰਟਸ, ਸਾਹਿਬਜ਼ਾਦੇ ਸਪੋਰਟਸ ਕਲੱਬ ਪਿੰਡ ਬਾਗੜੀਆਂ ਨੇੜੇ ਵੱਲੋਂ ਮਿਤੀ 20 ਨਵੰਬਰ ਨੂੰ ਵਿਸ਼ੇਸ਼ ਤੋਰ 'ਤੇ ਸਨਮਾਨ ਕੀਤਾ ਜਾਵੇਗਾ।