ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਚਾੜ੍ਹਿਆ ਚੰਨ, ਮੁੰਡਾ ਖ਼ੁਦਕੁਸ਼ੀ ਕਰਨ ਨੂੰ ਹੋਇਆ ਮਜ਼ਬੂਰ
Sunday, Jul 11, 2021 - 11:46 AM (IST)
ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਨਾਲ ਧੋਖਾ ਕਰਨ ਦੇ ਮਾਮਲੇ ਅਕਸਰ ਦੇਖਣ ਨੂੰ ਮਿਲਦੇ ਸਨ ਪਰ ਹੁਣ ਕੁੜੀਆਂ ਵਲੋਂ ਨੌਜਵਾਨਾਂ ਦੇ ਮਾਪਿਆਂ ਦੇ ਲੱਖਾਂ ਰੁਪਏ ਖ਼ਰਚਾ ਕੇ ਵਿਦੇਸ਼ ਪੁੱਜ ਕੇ ਮੁਕਰਨ ਦੇ ਮਾਮਲੇ ਰਫ਼ਤਾਰ ਫੜ੍ਹਦੇ ਜਾ ਰਹੇ ਹਨ। ਮਾਛੀਵਾੜਾ ਨੇੜਲੇ ਪਿੰਡ ਪੰਜੇਟਾ ਦੇ ਨੌਜਵਾਨ ਸੁਖਵਿੰਦਰ ਸਿੰਘ ਨੇ ਆਪਣੀ ਹੱਡਬੀਤੀ ਬਿਆਨ ਕਰਦਿਆਂ ਨਵ-ਵਿਆਹੁਤਾ ਪਤਨੀ ’ਤੇ ਦੋਸ਼ ਲਗਾਇਆ ਕਿ ਉਸ ਦੇ ਮਾਪਿਆਂ ਦਾ 24 ਲੱਖ ਰੁਪਏ ਖਰਚਾ ਕੇ ਹੁਣ ਉਸਦੀ ਪਤਨੀ ਵਿਦੇਸ਼ ਬੁਲਾਉਣ ਤੋਂ ਮੁੱਕਰ ਗਈ। ਨੌਜਵਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਸੰਦੀਪ ਕੌਰ ਨੇੜਲੇ ਹੀ ਪਿੰਡ ਦੀ ਵਸਨੀਕ ਹੈ ਜਿਸ ਦੀ ਆਈਲੈੱਟਸ ਕੀਤੀ ਹੋਣ ਕਰਕੇ ਵਿਚੋਲੇ ਨੇ ਰਿਸ਼ਤਾ ਕਰਵਾ ਦਿੱਤਾ ਕਿ ਕੈਨੇਡਾ ਭੇਜਣ ਤੇ ਪੜ੍ਹਾਈ ਦਾ ਖਰਚਾ ਮੁੰਡੇ ਦਾ ਪਰਿਵਾਰ ਕਰੇਗਾ ਅਤੇ ਵਿਆਹ ਤੋਂ ਬਾਅਦ ਕੁੜੀ ਵਿਦੇਸ਼ ਜਾ ਕੇ ਉਨ੍ਹਾਂ ਦੇ ਪੁੱਤਰ ਨੂੰ ਵੀ ਉੱਥੇ ਬੁਲਾ ਲਵੇਗੀ।
ਇਹ ਵੀ ਪੜ੍ਹੋ: ਸ਼ਰਮਨਾਕ! ਅੰਮ੍ਰਿਤਸਰ 'ਚ ਮਿਲੀਆਂ ਦੋ ਨਵ-ਜਨਮੀਆਂ ਬੱਚੀਆਂ ਦੀਆਂ ਲਾਸ਼ਾਂ, ਕੁੱਤਿਆਂ ਨੇ ਨੋਚ-ਨੋਚ ਖਾਧੀਆਂ
ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਸੰਦੀਪ ਕੌਰ ਨਾਲ 5 ਫਰਵਰੀ 2020 ਨੂੰ ਵਿਆਹ ਹੋ ਗਿਆ ਅਤੇ ਉਸਦੇ ਪਿਤਾ ਵਲੋਂ ਇੱਕ ਪਲਾਟ ਵੇਚਣ ਤੋਂ ਇਲਾਵਾ ਵੱਡੀ ਭੈਣ ਦੇ ਵਿਆਹ ਲਈ ਬੈਂਕ ’ਚ ਰੱਖਿਆ ਪੈਸਾ ਵੀ ਨੂੰਹ ਦੀ ਕੈਨੇਡਾ ਵਿਖੇ ਕਾਲਜ ਫੀਸ, ਟਿਕਟ ਸਮੇਤ ਹੋਰ ਕਾਰਾਜ਼ਾਂ ਲਈ 24 ਲੱਖ ਰੁਪਏ ਖਰਚ ਕਰ ਦਿੱਤੇ। ਸੁਖਵਿੰਦਰ ਸਿੰਘ ਅਨੁਸਾਰ ਉਸ ਦੀ ਪਤਨੀ 7 ਮਹੀਨੇ ਸਹੁਰੇ ਘਰ ਰਹੀ ਅਤੇ ਸਭ ਕੁਝ ਠੀਕ ਚੱਲਦਾ ਰਿਹਾ ਪਰ ਜਦੋਂ ਅਗਸਤ ਮਹੀਨੇ ’ਚ ਸੰਦੀਪ ਕੌਰ ਵਿਦੇਸ਼ ਚਲੀ ਗਈ ਤਾਂ ਉਸ ਦੇ 10 ਦਿਨ ਬਾਅਦ ਹੀ ਉਸ ਨੇ ਤਿੱਖੇ ਤੇਵਰ ਦਿਖਾਉਣੇ ਸ਼ੁਰੂ ਕਰ ਗੱਲਬਾਤ ਕਰਨੀ ਘਟਾ ਦਿੱਤੀ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਸਹੁਰਾ ਸੰਦੀਪ ਕੌਰ ਦੇ ਵਿਦੇਸ਼ ਜਾਣ ਤੋਂ ਬਾਅਦ 4 ਲੱਖ ਰੁਪਏ ਹੋਰ ਮੰਗਣ ਲੱਗ ਪਿਆ ਜਿਸ ਤੋਂ ਉਨ੍ਹਾਂ ਨੇ ਕੁਝ ਇਨਕਾਰ ਕੀਤਾ।
ਇਹ ਵੀ ਪੜ੍ਹੋ: ਨਵਜਨਮੇ ਬੱਚੇ ਲਈ ਖ਼ੂਨ ਲੈਣ ਗਏ ਪਿਓ ਨੂੰ ਸ਼ਰਾਬੀ ਤਕਨੀਸ਼ੀਅਨ ਕਹਿੰਦਾ 'ਦਫ਼ਾ ਹੋ ਜਾਓ', ਬੱਚੇ ਦੀ ਮੌਤ
ਸਹੁਰੇ ਵਲੋਂ ਪੈਸੇ ਮੰਗਣ ਸਬੰਧੀ ਜਦੋਂ ਉਸਨੇ ਆਪਣੀ ਪਤਨੀ ਸੰਦੀਪ ਕੌਰ ਨਾਲ ਕੈਨੇਡਾ ਵਿਖੇ ਗੱਲ ਕੀਤੀ ਤਾਂ ਉਸ ਨੇ ਵੀ ਕਿਹਾ ਕਿ ਇਹ ਰਾਸ਼ੀ ਉਸਦੇ ਪਿਤਾ ਨੂੰ ਦੇ ਦਿੱਤੀ ਜਾਵੇ ਪਰ ਉਹ ਪਹਿਲਾਂ ਹੀ ਪਲਾਟ ਵੇਚ ਤੇ ਕਰਜ਼ੇ ਦੇ ਬੋਝ ਹੇਠਾਂ ਐਨੇ ਦਬੇ ਸਨ ਕਿ ਹੋਰ ਪੈਸੇ ਦੇਣ ਤੋਂ ਅਸਮਰੱਥ ਸਨ। ਕੈਨੇਡਾ ਗਈ ਸੰਦੀਪ ਕੌਰ ਨੇ ਕੁਝ ਦਿਨ ਗੱਲ ਕਰਨ ਤੋਂ ਬਾਅਦ ਉਸ ਦੇ ਮੋਬਾਇਲ ਨੰਬਰ ਨੂੰ ਬਲਾਕ ਕਰ ਦਿੱਤਾ। ਨੌਜਵਾਨ ਸੁਖਵਿੰਦਰ ਸਿੰਘ ਅਨੁਸਾਰ ਉਸ ਨੇ ਆਪਣੇ ਸਹੁਰੇ ਪਰਿਵਾਰ ਦੀਆਂ ਮਿੰਨਤਾਂ ਵੀ ਕੀਤੀਆਂ ਕਿ ਪਤਨੀ ਸੰਦੀਪ ਕੌਰ ਨੂੰ ਕਹੇ ਕਿ ਉਸ ਨਾਲ ਗੱਲ ਕਰੇ ਪਰ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਇਹ ਮਾਮਲਾ ਇਨਸਾਫ਼ ਲਈ ਪੁਲਸ ਅਧਿਕਾਰੀਆਂ ਕੋਲ ਵੀ ਪਹੁੰਚਾਇਆ। ਨੌਜਵਾਨ ਸੁਖਵਿੰਦਰ ਸਿੰਘ ਅਨੁਸਾਰ ਉਹ ਆਪਣੇ ਪਿਤਾ ਦੇ ਕਰਜ਼ੇ, ਵੱਡੀ ਭੈਣ ਦੇ ਵਿਆਹ ਲਈ ਰੱਖੇ ਪੈਸੇ ਅਤੇ ਹੋਰ ਸਭ ਕੁਝ ਗੁਆਉਣ ਤੋਂ ਬਾਅਦ ਡਿਪ੍ਰੈਸ਼ਨ ਵਿਚ ਚਲਾ ਗਿਆ ਜਿਸ ਕਾਰਨ ਉਸਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਬਚਾਅ ਹੋ ਗਿਆ। ਨੌਜਵਾਨ ਸੁਖਵਿੰਦਰ ਸਿੰਘ ਤੇ ਉਸਦੇ ਪਿਤਾ ਮਲਕੀਤ ਸਿੰਘ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਕਿ ਉਸਦੇ ਪੁੱਤ ਤੇ ਪਰਿਵਾਰ ਨਾਲ ਧੋਖਾ ਕਰ ਕੈਨੇਡਾ ਪੁੱਜਣ ਵਾਲੀ ਕੁੜੀ ਨੂੰ ਤੁਰੰਤ ਡਿਪੋਰਟ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਪੰਜਾਬ ਪੁਲਸ ਉਸਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰੇ।
ਇਹ ਵੀ ਪੜ੍ਹੋ: ਸੰਗਰੂਰ: ਭਿਆਨਕ ਸੜਕ ਹਾਦਸੇ ਨੇ ਪਰਿਵਾਰ 'ਚ ਵਿਛਾਏ ਸੱਥਰ, ਮਾਂ ਸਮੇਤ ਦੋ ਪੁੱਤਰਾਂ ਦੀ ਮੌਤ
ਕੁੜੀ ਦੇ ਮਾਪਿਆਂ ਨੇ ਨਕਾਰੇ ਸਾਰੇ ਦੋਸ਼
ਦੂਜੇ ਪਾਸੇ ਜਦੋਂ ਇਸ ਸਬੰਧੀ ਕੈਨੇਡਾ ਗਈ ਸੰਦੀਪ ਕੌਰ ਦੇ ਪਿਤਾ ਗੁਰਮੀਤ ਸਿੰਘ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜਵਾਈ ਸੁਖਵਿੰਦਰ ਸਿੰਘ ਦੇ ਮਾਪਿਆਂ ਵਲੋਂ ਜੋ 24 ਲੱਖ ਰੁਪਏ ਖਰਚਣ ਦੇ ਦਾਅਵੇ ਕੀਤੇ ਜਾ ਰਹੇ ਹਨ ਉਹ ਬੇ-ਬੁਨਿਆਦ ਹਨ ਜਦਕਿ ਉਨ੍ਹਾਂ ਦਾ ਕੇਵਲ 10 ਲੱਖ ਰੁਪਏ ਖਰਚਾ ਆਇਆ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਕੈਨੇਡਾ ਗਈ ਸੰਦੀਪ ਕੌਰ ਨੂੰ ਪ੍ਰੇਸ਼ਾਨ ਕਰਨ ਲੱਗ ਪਿਆ ਸੀ ਕਿ ਜਾਂ ਤਾਂ ਉਸ ਨੂੰ ਇੱਕ ਹਫ਼ਤੇ ’ਚ ਕੈਨੇਡਾ ਬੁਲਾਵੇ ਜਾਂ ਵਾਪਸ ਪਰਤ ਆਵੇ। ਸੁਖਵਿੰਦਰ ਸਿੰਘ ਉਸਦੀ ਕੁੜੀ ਨੂੰ ਸੁਸਾਇਡ ਕਰਨ ਦੀਆਂ ਧਮਕੀਆਂ ਦੇਣ ਲੱਗ ਪਿਆ ਸੀ ਜਿਸ ਤੋਂ ਪਰੇਸ਼ਾਨ ਉਨ੍ਹਾਂ ਦੀ ਕੁੜੀ ਨੇ ਗੱਲਬਾਤ ਕਰਨੀ ਬੰਦ ਕੀਤੀ।
ਇਹ ਵੀ ਪੜ੍ਹੋ: ਬਿਜਲੀ ਸੰਕਟ: ਪੰਜਾਬ ’ਚ 15 ਜੁਲਾਈ ਤੱਕ ਉਦਯੋਗ ਰਹਿਣਗੇ ਬੰਦ
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਕੋਲ ਵੀ ਮਾਮਲਾ ਪੁੱਜਾ ਜਿੱਥੇ ਉਸਦੀ ਧੀ ਦਾ ਸਹੁਰਾ ਪਰਿਵਾਰ 10 ਲੱਖ ਰੁਪਏ ਖਰਚਾ ਹੀ ਸਾਬਤ ਕਰ ਸਕਿਆ ਜੋ ਕਿ ਉਹ ਵਾਪਸ ਕਰਨ ਨੂੰ ਵੀ ਤਿਆਰ ਹਨ। ਪਿਤਾ ਗੁਰਮੀਤ ਸਿੰਘ ਅਨੁਸਾਰ 10 ਲੱਖ ਰੁਪਏ ਤੋਂ ਇਲਾਵਾ ਜੋ ਹੋਰ ਖਰਚੇ ਵਿਦੇਸ਼ ਭੇਜਣ ’ਤੇ ਆਏ ਹਨ ਉਹ ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਕੀਤੇ ਜੋ ਮੁੰਡੇ ਦੇ ਪਰਿਵਾਰ ਵਲੋਂ ਦੇਣ ਤੋਂ ਇਨਕਾਰ ਕਰ ਦਿੱਤੇ। ਪਿਤਾ ਗੁਰਮੀਤ ਸਿੰਘ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਦੀ ਧੀ ਦਾ ਪਤੀ ਬਹੁਤ ਹੀ ਸ਼ੱਕੀ ਸੁਭਾਅ ਦਾ ਹੈ ਅਤੇ ਬਹੁਤ ਗੁੱਸੇਵਾਲਾ ਹੈ ਜਿਸ ਕਾਰਨ ਹੁਣ ਪਤੀ-ਪਤਨੀ ਵਿਚ ਕਾਫ਼ੀ ਦਰਾਰ ਪੈ ਗਈ ਹੈ। ਉਨ੍ਹਾਂ ਕਿਹਾ ਕਿ ਮੁੰਡੇ ਪਰਿਵਾਰ ਦੇ ਜੋ ਵੀ ਅਸਲ ਪੈਸੇ ਖਰਚ ਹੋਏ ਹਨ ਉਹ ਵਾਪਸ ਕਰਨ ਨੂੰ ਤਿਆਰ ਹਨ।
ਇਹ ਵੀ ਪੜ੍ਹੋ: ਪਰਮਿਦਰ ਢੀਂਡਸਾ ਨੇ ਘੇਰੇ ਅਕਾਲੀ, ਕਿਹਾ- ਹਮੇਸ਼ਾ ਕਿਸਾਨ ਵਿਰੋਧੀ ਰਿਹਾ ਬਾਦਲ ਪਰਿਵਾਰ