ਕੈਨੇਡਾ : 16 ਮੌਤਾਂ ਲਈ ਜ਼ਿੰਮੇਵਾਰ ਪੰਜਾਬੀ ਟਰੱਕ ਡਰਾਈਵਰ ਨੂੰ 8 ਸਾਲ ਦੀ ਜੇਲ
Saturday, Mar 23, 2019 - 02:05 AM (IST)

ਓਨਟਾਰੀਓ - 6 ਅਪ੍ਰੈਲ, 2018 ਨੂੰ ਹਾਈਵੇਅ 355, ਨਿਪਾਵਿਨ ਨੇੜੇ ਵਾਪਰੇ ਬੱਸ ਹਾਦਸੇ 'ਚ ਸ਼ੁੱਕਰਵਾਰ ਨੂੰ ਅਦਾਲਤ ਵੱਲੋਂ ਪੰਜਾਬੀ ਟਰੱਕ ਡਰਾਈਵਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮੈਲਫੋਰਟ ਸੂਬਾਈ ਅਦਾਲਤ ਨੇ ਪੰਜਾਬੀ ਟਰੱਕ ਡਰਾਈਵਰ ਨੂੰ 8 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਜਸਕੀਰਤ ਸਿੰਘ ਸਿੱਧੂ (30) ਜਿਹੜਾ ਕਿ ਪੰਜਾਬੀ ਟਰੱਕ ਡਰਾਈਵਰ ਹੈ, 6 ਅਪ੍ਰੈਲ, 2018 ਨੂੰ ਆਪਣੇ ਟਰੱਕ ਲੋਡ ਕਰਨ ਲਈ ਸਸਕੈਚਵਨ ਜਾ ਰਿਹਾ ਸੀ ਅਤੇ ਰਸਤੇ 'ਚ ਉਸ ਦੀ ਟੱਕਰ ਹਾਕੀ ਟੀਮ ਨੂੰ ਲਿਜਾ ਰਹੀ ਬੱਸ ਨਾਲ ਹੋ ਗਈ। ਹਾਦਸਾ ਇੰਨਾ ਜਬਰਦਸ਼ਤ ਸੀ ਕਿ ਇਸ 'ਚ 16 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 13 ਜ਼ਖਮੀ ਹੋ ਗਏ ਸਨ।
ਮੈਲਫੋਰਡ ਅਦਾਲਤ ਦੇ ਜੱਜ ਨੇ ਆਖਿਆ ਕਿ ਜਸਕੀਰਤ ਹਾਦਸੇ ਵਾਲੇ ਦਿਨ ਕਾਫੀ ਤੇਜ਼ ਰਫਤਾਰ 'ਚ ਟਰੱਕ ਚਲਾ ਰਿਹਾ ਹੈ ਅਤੇ ਉਸ ਨੇ ਸੜਕ 'ਤੇ ਲੱਗੇ ਸਾਈਨ ਬੋਰਡ 'ਤੇ ਲਿਖੀ ਸਪੀਡ ਲਿਮਟ ਵੱਲ ਵੀ ਧਿਆਨ ਨਾ ਦਿੱਤਾ। ਜਿਸ ਤੋਂ ਬਾਅਦ ਅਚਾਨਕ ਇੰਨਾ ਵੱਡਾ ਹਾਦਸਾ ਵਾਪਰ ਗਿਆ। ਇਸ ਸਾਲ ਜਨਵਰੀ ਨੂੰ ਸੁਣਵਾਈ ਦੌਰਾਨ ਜੱਜ ਨੇ ਕਿਹਾ ਕਿ ਹਾਦਸੇ ਵਾਲੇ ਦਿਨ ਉਹ ਟਰੱਕ 86 ਤੋਂ 96 ਪ੍ਰਤੀ ਘੰਟੇ ਦੀ ਰਫਤਾਰ ਨਾਲ ਟਰੱਕ ਚਲਾ ਰਿਹਾ ਸੀ। ਇਸ 'ਤੇ ਜਸਕੀਰਤ ਨੇ ਮੁਆਫੀ ਮੰਗਦੇ ਹੋਏ ਕਿਹਾ ਸੀ ਕਿ, ' ਮੈਂ ਮੁਆਫੀ ਮੰਗਦਾ ਹੈ ਅਤੇ ਮੈਂ ਆਪਣੇ ਆਪ ਨੂੰ ਇਸ ਹਾਦਸੇ ਦਾ ਦੋਸ਼ੀ ਮੰਨਦਾ ਹਾਂ। ਮੈਨੂੰ ਹਾਦਸੇ ਤੋਂ ਕੁਝ ਸਕਿੰਟਾਂ ਬਾਅਦ ਪਤਾ ਲੱਗਾ ਸੀ ਕਿ ਉਸ ਦਾ ਟਰੱਕ ਇਕ ਬੱਸ ਨਾਲ ਟੱਕਰਾ ਗਿਆ। ਜਿਸ 'ਚ ਹਾਕੀ ਟੀਮ ਦੇ ਖਿਡਾਰੀ ਬੈਠੇ ਸਨ।' ਦੱਸ ਦਈਏ ਕਿ ਵਿਰੋਧੀ ਧਿਰ ਦੇ ਵਕੀਲ ਵੱਲੋਂ ਜਸਕੀਰਤ ਦੀ ਡਰਾਈਵਿੰਗ 'ਤੇ ਪਾਬੰਦੀ ਲਾਉਣ ਅਤੇ ਉਸ ਨੂੰ ਭਾਰਤ ਡਿਪੋਰਟ ਕਰਨ ਦੀ ਗੱਲ ਆਖੀ ਸੀ, ਪਰ ਜੱਜ ਨੇ ਇਸ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਸੁਣਾਇਆ।
ਜ਼ਿਕਰਯੋਗ ਹੈ ਕਿ ਜਸਕੀਰਤ ਸਿੰਘ ਸਿੱਧੂ ਸਟੱਡੀ ਵੀਜ਼ੇ 'ਤੇ 2013 'ਚ ਭਾਰਤ ਤੋਂ ਕੈਨੇਡਾ ਆਇਆ ਸੀ। ਪੜ੍ਹਾਈ ਦੇ ਨਾਲ-ਨਾਲ ਉਹ ਪਾਰਟੀ ਟਾਈਮ ਨੌਕਰੀ ਵੀ ਕਰਦਾ ਸੀ। ਪੜਾਈ ਪੂਰੀ ਹੋਣ ਤੋਂ ਬਾਅਦ 2017 'ਚ ਉਸ ਨੇ ਇਕ ਸ਼ਾਰਟ ਟ੍ਰੇਨਿੰਗ ਕੌਰਸ ਲਿਆ ਅਤੇ ਉਦੋਂ ਹੀ ਉਸ ਨੇ ਕਮਰਸ਼ੀਅਲ ਟਰੱਕ ਡਰਾਈਵਰ ਦਾ ਲਾਇਸੰਸ ਹਾਸਲ ਕੀਤਾ। ਮਾਰਚ 17, 2018 ਨੂੰ ਕੈਲਗਰੀ ਦੀ ਇਕ ਟਰੱਕ ਕੰਪਨੀ 'ਚ ਡਰਾਈਵਿੰਗ ਸ਼ੁਰੂ ਕੀਤੀ, ਇਨ੍ਹਾਂ ਦਿਨਾਂ 'ਚ ਉਹ ਆਪਣੇ ਸਾਥੀ ਟਰੱਕ ਡਰਾਈਵਰ ਨਾਲ ਡਰਾਈਵਰ ਕਰਦਾ ਸੀ। ਪਰ ਕੁਝ ਹੀ ਸਮੇਂ ਬਾਅਦ ਉਹ ਇਕੱਲਾ ਟਰੱਕ 'ਚ ਸਮਾਨ ਲੋਡ ਕਰਨ ਲਈ ਜਾਂਦਾ ਸੀ। ਪਰ ਅਪ੍ਰੈਲ, 2018 ਨੂੰ ਉਸ ਦੀ ਟੱਕਰ ਇਕ ਬੱਸ ਨਾਲ ਹੋਈ ਜਿਸ 'ਚ 16 ਲੋਕਾਂ ਦੀ ਮੌਤ ਹੋ ਗਈ ਅਤੇ 13 ਜ਼ਖਮੀ ਹੋ ਗਏ ਸਨ। ਜੁਲਾਈ, 2018 ਨੂੰ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਖਿਲਾਫ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਸੀ। ਜਿਸ ਤੋਂ ਬਾਅਦ ਮਾਰੇ ਅਤੇ ਜ਼ਖਮੀ ਹੋਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਜਸਕੀਰਤ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੀ ਮੰਗ ਕੀਤੀ ਸੀ। ਅਦਾਲਤ 'ਚ ਚੱਲ ਰਹੀਆਂ ਸੁਣਵਾਈਆਂ ਤੋਂ ਬਾਅਦ ਅੱਜ (ਸ਼ੁੱਕਰਵਾਰ) ਉਸ ਨੂੰ ਕੋਰਟ ਨੇ ਇਹ ਹਾਦਸੇ ਦਾ ਦੋਸ਼ੀ ਮੰਨਦੇ ਹੋਏ 8 ਸਾਲ ਜੇਲ ਦੀ ਸਜ਼ਾ ਸੁਣਾਈ ਹੈ।