ਬੱਸ ਵਲੋਂ ਅਚਾਨਕ ਬਰੇਕ ਲਾਉਣ ’ਤੇ ਪਿੱਛੋਂ ਟਕਰਾਈ ਕਾਰ, 2 ਭਰਾ ਜ਼ਖ਼ਮੀ

07/19/2018 6:42:21 AM

ਜਲੰਧਰ, (ਮਹੇਸ਼)— ਭਾਣਜੇ ਦਾ ਪਹਿਲਾ ਜਨਮ ਦਿਨ ਮਨਾਉਣ ਪਿੱਛੋਂ ਉਸਦੀ ਦਾਦੀ ਤਾਈ ਨੂੰ  ਮੁਕੰਦਪੁਰ ਛੱਡ ਕੇ ਵਾਪਸ ਆ ਰਹੇ 2 ਚਚੇਰੇ ਭਰਾ ਬੁੱਧਵਾਰ ਸ਼ਾਮ ਵੇਲੇ ਸਥਾਨਕ ਬਿੱਗ ਬਾਜ਼ਾਰ  ਦੇ ਸਾਹਮਣੇ ਇਕ ਸੜਕ ਹਾਦਸੇ ਵਿਚ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਇਕ ਦੀ ਹਾਲਤ  ਗੰਭੀਰ ਦੱਸੀ ਜਾਂਦੀ ਹੈ। ਦੋਵਾਂ ਨੂੰ ਰਾਮਾਮੰਡੀ ਦੇ ਜੌਹਲ ਹਸਪਤਾਲ ਵਿਚ ਦਾਖਲ ਕਰਵਾਇਆ  ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਜਲੰਧਰ-ਲੁਧਿਆਣਾ ਸੜਕ ’ਤੇ ਪਰਾਗਪੁਰ ਨੇੜੇ ਬਿੱਗ  ਬਾਜ਼ਾਰ ਦੇ ਸਾਹਮਣੇ ਸ਼ਾਮ 6 ਵਜੇ ਇਕ ਤੇਜ਼ ਰਫਤਾਰ ਮਾਰੂਤੀ ਸਲੈਰੀਓ ਕਾਰ ਆਪਣੇ ਅੱਗੇ ਜਾ  ਰਹੀ ਬੱਸ ਦੀ ਅਚਾਨਕ ਬ੍ਰੇਕ ਲੱਗਣ ਕਾਰਨ ਉਸ ਨਾਲ ਟਕਰਾ ਗਈ। ਟੱਕਰ ਪਿੱਛੋਂ ਕਾਰ ਦੀ ਛੱਤ  ਉਡ ਗਈ। ਕਾਰ ਵਿਚ ਫਸੇ ਦੋਵਾਂ ਚਚੇਰੇ ਭਰਾਵਾਂ ਗੁਰਪ੍ਰੀਤ ਸਿੰਘ ਪੁੱਤਰ ਪ੍ਰਿਥੀਪਾਲ ਸਿੰਘ  ਵਾਸੀ ਪਿੰਡ ਭਤੀਜਾ ਰੰਧਾਵਾ ਥਾਣਾ ਮਕਸੂਦਾਂ ਜਲੰਧਰ ਅਤੇ ਹਰਪ੍ਰੀਤ ਸਿੰਘ ਪੁੱਤਰ  ਬਲਵਿੰਦਰ ਸਿੰਘ ਵਾਸੀ ਪਿੰਡ ਸਰਹਾਲੀ ਥਾਣਾ ਸਦਰ ਜਲੰਧਰ ਨੂੰ ਮੌਕੇ ’ਤੇ ਪੁੱਜੀ ਥਾਣਾ  ਕੈਂਟ ਦੀ ਪੁਲਸ ਨੇ ਲੋਕਾਂ ਦੀ ਮਦਦ ਨਾਲ ਕਾਰ ਵਿਚੋਂ ਬਾਹਰ ਕੱਢਿਆ ਅਤੇ ਹਸਪਤਾਲ ਦਾਖਲ  ਕਰਵਾਇਆ। ਦੋਵਾਂ ਦੀ ਉਮਰ 22 ਤੋਂ 24 ਸਾਲ ਦੇ ਦਰਮਿਆਨ ਦੱਸੀ ਜਾਂਦੀ ਹੈ।
ਗੁਰਪ੍ਰੀਤ  ਸੂਰਾਨੁੱਸੀ ਸਥਿਤ ਹਿੰਗ ਦੋਸਤਾਨ ਹਾਈਡ੍ਰੋਲਿਕ ਫੈਕਟਰੀ ਵਿਚ ਕੰਮ ਕਰਦਾ ਹੈ, ਜਦਕਿ  ਹਰਪ੍ਰੀਤ ਇਕ ਸਕੂਲ ਦੀ ਬੱਸ ਦਾ ਡਰਾਈਵਰ ਹੈ। ਜੌਹਲ ਹਸਪਤਾਲ ਦੇ ਮੁਖੀ ਡਾ. ਬੀ. ਐੱਸ.  ਜੌਹਲ ਨੇ ਦੱਸਿਆ ਕਿ ਗੁਰਪ੍ਰੀਤ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਹਰਪ੍ਰੀਤ ਦੀ ਹਾਲਤ   ਗੰਭੀਰ ਹੈ। ਥਾਣਾ ਕੈਂਟ ਦੇ ਇੰਚਾਰਜ ਸੁਖਬੀਰ ਸਿੰਘ ਬੁੱਟਰ ਨੇ ਦੱਸਿਆ ਕਿ ਪੁਲਸ ਨੇ ਬੱਸ  ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।  ਜ਼ਖ਼ਮੀਆਂ ਦੇ ਬਿਆਨਾਂ ਤੋਂ ਬਾਅਦ ਹੀ ਬਣਦੀ ਕਾਨੂੰਨੀ  ਕਾਰਵਾਈ ਕੀਤੀ ਜਾਏਗੀ।
ਜ਼ਖ਼ਮੀ ਗੁਰਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਆਪਣੇ ਪਿੰਡ ਭਤੀਜਾ  ਰੰਧਾਵਾ ਵਿਖੇ ਆਪਣੇ ਭਾਣਜੇ ਦਾ ਪਹਿਲਾ ਜਨਮ ਦਿਨ ਮਨਾਇਆ ਸੀ, ਜਿਸ ਵਿਚ ਉਨ੍ਹਾਂ ਦੀ ਦਾਦੀ  ਤਾਈ ਵੀ ਸ਼ਾਮਲ ਹੋਈ ਸੀ। ਉਹ ਆਪਣੀ ਦਾਦੀ ਤਾਈ ਨੂੰ ਮੁਕੰਦਪੁਰ ਛੱਡ ਕੇ ਵਾਪਸ ਆ ਰਹੇ ਸਨ  ਕਿ ਇਹ ਹਾਦਸਾ ਹੋ ਗਿਆ। ਗੁਰਪ੍ਰੀਤ ਅਤੇ ਹਰਪ੍ਰੀਤ ਦੇ ਪਰਿਵਾਰਕ ਮੈਂਬਰ ਵੀ ਜੌਹਲ ਹਸਪਤਾਲ  ਪੁੱਜੇ। ਹਾਦਸੇ ਕਾਰਨ ਮੁੱਖ ਸੜਕ ’ਤੇ ਕਾਫੀ ਦੇਰ ਜਾਮ ਲੱਗਾ ਰਿਹਾ, ਜਿਸ ਨੂੰ ਪੁਲਸ ਨੇ  ਬੜੀ ਮੁਸ਼ਕਲ ਨਾਲ ਖੁਲ੍ਹਵਾਇਆ।
 


Related News