ਪਲਾਟ ਦੇ ਝਗੜੇ ਕਾਰਨ ਚੱਲੀ ਗੋਲ਼ੀ, ਪੁਲਸ ਨੇ ਦਰਜ ਕੀਤਾ ਕਰਾਸ ਪਰਚਾ

Saturday, Apr 17, 2021 - 07:09 PM (IST)

ਪਲਾਟ ਦੇ ਝਗੜੇ ਕਾਰਨ ਚੱਲੀ ਗੋਲ਼ੀ, ਪੁਲਸ ਨੇ ਦਰਜ ਕੀਤਾ ਕਰਾਸ ਪਰਚਾ

ਗੁਰਦਾਸਪੁਰ (ਹਰਮਨ)- ਥਾਣਾ ਸਿਟੀ ਦੀ ਪੁਲਸ ਨੇ ਪਲਾਟ ਦੇ ਝਗੜੇ ਨੂੰ ਲੈ ਕੇ ਗੋਲ਼ੀ ਚੱਲਣ ਦੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਦੋਵਾਂ ਧਿਰਾਂ ਦੇ ਇਕ-ਇਕ ਵਿਅਕਤੀ ਖ਼ਿਲਾਫ਼ ਕਰਾਸ ਪਰਚਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਵਾਸੀ ਗੋਹਤ ਪੋਖਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤ ਕੀਤੀ ਸੀ ਕਿ ਉਹ ਅਤੇ ਉਸਦਾ ਭਰਾ ਹਰਜੀਤ ਸਿੰਘ ਗੁਰਦੁਆਰਾ ਬਾਬਾ ਲਾਲ ਸਿੰਘ ਕੁੱਲੀ ਵਾਲੇ ਤਿੱਬੜੀ ਰੋਡ ਨੇਡੇ ਰੇਤ ਬੱਜਰੀ ਦਾ ਕਾਰੋਬਾਰ ਕਰਦੇ ਹਨ। ਇਸ ਤੋਂ ਪਹਿਲਾਂ ਉਹ ਗੁਰਜੀਤ ਸਿੰਘ ਨਾਮ ਦੇ ਵਿਅਕਤੀ ਨਾਲ ਪ੍ਰਾਪਰਟੀ ਵੇਚਣ ਦਾ ਕੰਮ ਵੀ ਕਰਦੇ ਸਨ। ਬਾਅਦ ਵਿਚ ਗੁਰਜੀਤ ਸਿੰਘ ਨਾਲ ਉਨ੍ਹਾਂ ਦੀ ਅਣਬਣ ਹੋ ਗਈ। ਉਨ੍ਹਾਂ ਕਿਹਾ ਕਿ ਗੁਰਜੀਤ ਸਿੰਘ ਦੇ ਘਰ ਦੇ ਪਿਛਲੇ ਪਾਸੇ ਦੋਵਾਂ ਧਿਰਾਂ ਦਾ ਇਕ ਸਾਂਝਾ ਪਲਾਟ ਹੈ ਜਿਸ ਵਿਚ ਮੁਦਈ ਪਹਿਲਾਂ ਤੋਂ ਹੀ ਆਪਣੇ ਟਰੱਕ ਖੜ੍ਹੇ ਕਰਦਾ ਆ ਰਿਹਾ ਹੈ ਅਤੇ ਗੁਰਜੀਤ ਸਿੰਘ ਵੀ ਇਸ ਪਲਾਟ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ।

ਉਨ੍ਹਾਂ ਕਿਹਾ ਕਿ ਮੁਦਈ ਦਾ ਡਰਾਈਵਰ ਇਸ ਪਲਾਂਟ ਵਿਚ ਆਪਣਾ ਟਰੱਕ ਖੜ੍ਹਾ ਕਰਨ ਲੱਗਾ ਸੀ, ਜਿਸ ਦੌਰਾਨ ਗੁਰਜੀਤ ਸਿੰਘ ਨੇ ਬੰਦੂਕ ਨਾਲ ਦੋ ਫਾਇਰ ਕਰ ਦਿੱਤੇ। ਇਨ੍ਹਾਂ ਬਿਆਨਾਂ ਦੇ ਆਧਾਰ ’ਤੇ ਗੁਰਜੀਤ ਸਿੰਘ ਖ਼ਿਲਾਫ਼ ਸਬੰਧਤ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬੰਦੂਕ ਸਮੇਤ ਚੱਲੇ ਹੋਏ ਕਾਰਤੂਸ ਵੀ ਬਰਾਮਦ ਕੀਤੇ ਹਨ। ਦੂਜੇ ਪਾਸੇ ਗੁਰਜੀਤ ਸਿੰਘ ਨੇ ਵੀ ਉਕਤ ਹਰਜੀਤ ਸਿੰਘ ’ਤੇ ਹਮਲਾ ਕਰਨ ਅਤੇ ਜਾਨੋਮਾਰਨ ਦੀ ਕੋਸ਼ਿਸ਼ ਕਰਨ ਸਮੇਤ ਹੋਰ ਗੰਭੀਰ ਲਗਾਏ ਹਨ ਜਿਸ ਕਾਰਨ ਪੁਲਸ ਨੇ ਹਰਜੀਤ ਸਿੰਘ ਖ਼ਿਲਾਫ਼ ਵੀ ਧਾਰਾ 452 ਅਤੇ 307 ਤਹਿਤ ਕਰਾਸ ਕੇਸ ਦਰਜ ਕੀਤਾ ਹੈ। ਇਸ ਕਰਾਸ ਪਰਚੇ ਨੂੰ ਲੈ ਕੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸੁਖਜਿੰਦਰ ਸਿੰਘ ਗੋਹਤ ਪੋਖਰ, ਤਰਮੇਸ ਸਿੰਘ, ਅਰਜਨ ਸਿੰਘ, ਅਜੀਤ ਸਿੰਘ, ਤਾਰਾ ਸਿੰਘ, ਬਲਵੀਰ ਸਿੰਘ ਅਤੇ ਸੁਖਦੇਵ ਸਿੰਘ ਨੇ ਪੁਲਿਸ ਦੇ ਐੱਸ. ਪੀ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਹਰਜੀਤ ਸਿੰਘ ਖ਼ਿਲਾਫ਼ ਦਰਜ ਪਰਚਾ ਰੱਦ ਕੀਤਾ ਜਾਵੇ।


author

Gurminder Singh

Content Editor

Related News