ਪਿੰਡ ਸਤੀਏਵਾਲਾ ਅਤੇ ਮੱਲਵਾਲ ''ਚ ਅਣ-ਅਧਿਕਾਰਤ ਕਾਲੋਨੀਆਂ ''ਤੇ ਚੱਲਿਆ ਪੀਲਾ ਪੰਜਾ
Wednesday, Jul 29, 2026 - 03:46 PM (IST)
ਫਿਰੋਜ਼ਪੁਰ (ਸੋਨੂੰ ਚੋਪੜਾ) : ਫਿਰੋਜ਼ਪੁਰ ਦੇ ਵਧੀਕ ਡਿਪਟੀ ਕਮਿਸ਼ਨਰ (ਜ.) ਡਾ. ਅਮਨਦੀਪ ਕੌਰ ਨੇ ਅਣ-ਅਧਿਕਾਰਤ ਕਾਲੋਨੀਆਂ ਖ਼ਿਲਾਫ਼ ਸਖ਼ਤ ਰਵੱਈਆ ਅਪਣਾਇਆ ਹੈ। ਉਨ੍ਹਾਂ ਵੱਲੋਂ ਜਾਰੀ ਕੀਤੇ ਹੁਕਮਾਂ ਤਹਿਤ ਅਣ-ਅਧਿਕਾਰਤ ਕਾਲੋਨੀਆਂ ਨੂੰ ਢਾਹੁਣ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਿਊਟੀ ਮੈਜਿਸਟ੍ਰੇਟ, ਪੁਲਸ ਬੱਲ ਅਤੇ ਦਫ਼ਤਰ ਜ਼ਿਲ੍ਹਾ ਨਗਰ ਯੋਜਨਾਕਾਰ ਦੀ ਟੀਮ ਵੱਲੋਂ ਅੱਜ ਪਿੰਡ ਸਤੀਏਵਾਲਾ, ਮੱਲਵਾਲ ਵਿਖੇ ਉਸਾਰੀਆਂ ਗਈਆਂ ਅਣ-ਅਧਿਕਾਰਤ ਕਾਲੋਨੀਆਂ ਨੂੰ ਢਾਹੁੰਦੇ ਹੋਏ ਉਨ੍ਹਾਂ ਦੇ ਰਾਹਾਂ/ਗਲੀਆਂ, ਸੀਵਰ/ਮੇਨ ਹੋਲ ਅਤੇ ਗੈਰ-ਕਨੂੰਨੀ ਨਿਰਮਾਣਾਂ ਨੂੰ ਤੋੜ ਦਿੱਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ (ਜ.) ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਨ੍ਹਾਂ ਅਣ-ਅਧਿਕਾਰਤ ਕਾਲੋਨੀਆਂ 'ਚ ਪਲਾਟ/ਬਿਲਡਿੰਗ/ਘਰ ਅਤੇ ਦੁਕਾਨਾਂ ਨਾ ਖਰੀਦੇ ਜਾਣ ਕਿਉਂ ਜੋ ਇਨ੍ਹਾਂ ਅਣ-ਅਧਿਕਾਰਤ ਕਾਲੋਨੀਆਂ ਨੂੰ ਕਿਸੇ ਤਰ੍ਹਾਂ ਦੀ ਸਹੂਲਤ ਸਰਕਾਰ ਵੱਲੋਂ ਮੁਹੱਈਆ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ 'ਚ ਹੋਂਦ ਵਿੱਚ ਆਉਣ ਵਾਲੀਆਂ ਅਣ-ਅਧਿਕਾਰਤ ਕਾਲੋਨੀਆਂ 'ਤੇ ਵੀ ਇਸੇ ਤਰ੍ਹਾਂ ਕਾਰਵਾਈ ਆਰੰਭੀ ਜਾਵੇਗੀ। ਇਸ ਤੋਂ ਇਲਾਵਾ ਇਨ੍ਹਾਂ ਅਣ-ਅਧਿਕਾਰਤ ਕਾਲੋਨੀਆਂ ਦੇ ਮਾਲਕਾਂ ਖ਼ਿਲਾਫ਼ ਮੁਕੱਦਮੇ ਵੀ ਦਰਜ ਕਰਵਾਏ ਜਾਣਗੇ।
