ਗੁਰੂਹਰਸਹਾਏ ’ਚ ਬਿਨਾਂ ਲਾਇਸੈਂਸ ਵਿਕਣਗੇ ਪਟਾਕੇ, ਪ੍ਰਸ਼ਾਸਨ ’ਤੇ ਉੱਠੇ ਵੱਡੇ ਸਵਾਲ

Monday, Oct 26, 2026 - 11:06 AM (IST)

ਗੁਰੂਹਰਸਹਾਏ ’ਚ ਬਿਨਾਂ ਲਾਇਸੈਂਸ ਵਿਕਣਗੇ ਪਟਾਕੇ, ਪ੍ਰਸ਼ਾਸਨ ’ਤੇ ਉੱਠੇ ਵੱਡੇ ਸਵਾਲ

ਗੁਰੂਹਰਸਹਾਏ (ਮਨਜੀਤ) : ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਪਟਾਕਿਆਂ ਦੀ ਵਿਕਰੀ ਨੂੰ ਲੈ ਕੇ ਗੁਰੂਹਰਸਹਾਏ ’ਚ ਇਕ ਵੱਡਾ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਕੀ ਇਸ ਵਾਰ ਸ਼ਹਿਰ ਅੰਦਰ ਬਿਨਾਂ ਲਾਇਸੈਂਸ ਤੋਂ ਪਟਾਕਿਆਂ ਦੀ ਵਿਕਰੀ ਹੋਵੇਗੀ ਜਾਂ ਪ੍ਰਸ਼ਾਸਨ ਵੱਲੋਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ? ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂਹਰਸਹਾਏ ’ਚ ਕਿਸੇ ਵੀ ਦੁਕਾਨਦਾਰ ਵੱਲੋਂ ਪਟਾਕੇ ਵੇਚਣ ਲਈ ਲਾਇਸੈਂਸ ਵਾਸਤੇ ਅਪਲਾਈ ਨਾ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਅਜਿਹੇ ’ਚ ਇਹ ਸਵਾਲ ਮਹੱਤਵਪੂਰਨ ਬਣ ਜਾਂਦਾ ਹੈ ਕਿ ਜੇਕਰ ਕੋਈ ਦੁਕਾਨਦਾਰ ਬਿਨਾਂ ਲੋੜੀਂਦੀ ਮਨਜ਼ੂਰੀ ਤੋਂ ਪਟਾਕੇ ਵੇਚਦਾ ਹੈ ਤਾਂ ਉਸ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਬਣਾਈ ਗਈ ਕਮੇਟੀ ’ਚ ਉਪ-ਮੰਡਲ ਮੈਜਿਸਟ੍ਰੇਟ, ਗੁਰੂਹਰਸਹਾਏ ਮੈਂਬਰ, ਸਹਾਇਕ ਆਬਕਾਰੀ ਤੇ ਕਰ ਅਧਿਕਾਰੀ ਮੈਂਬਰ, ਉਪ ਕਪਤਾਨ ਪੁਲਸ ਗੁਰੂਹਰਸਹਾਏ ਮੈਂਬਰ ਅਤੇ ਜ਼ਿਲ੍ਹਾ ਉਦਯੋਗਿਕ ਕੇਂਦਰ ਫਿਰੋਜ਼ਪੁਰ ਦੇ ਜਨਰਲ ਮੈਨੇਜਰ ਨੂੰ ਮੈਂਬਰ ਵਜੋਂ ਜ਼ਿੰਮੇਵਾਰੀਆਂ ਸੌਂਪੇ ਜਾਣ ਦੀ ਜਾਣਕਾਰੀ ਹੈ। ਕਮੇਟੀ ਦੀ ਜ਼ਿੰਮੇਵਾਰੀ ਆਪਣੇ ਅਧਿਕਾਰ ਖੇਤਰ ਵਿਚ ਤਿਉਹਾਰਾਂ ਦੌਰਾਨ ਪਟਾਕਿਆਂ ਦੀ ਗੈਰ-ਕਾਨੂੰਨੀ ਸਟੋਰੇਜ ਅਤੇ ਵਿਕਰੀ ਦੀ ਜਾਂਚ ਕਰਨਾ ਅਤੇ ਨਿਯਮਾਂ ਦੀ ਉਲੰਘਣਾ ਨੂੰ ਰੋਕਣਾ ਹੈ ਪਰ ਲੋਕਾਂ ’ਚ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਇਹ ਕਮੇਟੀ ਗੁਰੂਹਰਸਹਾਏ ’ਚ ਬਿਨਾਂ ਲਾਇਸੈਂਸ ਪਟਾਕਿਆਂ ਦੀ ਵਿਕਰੀ ਨੂੰ ਰੋਕਣ ਲਈ ਜ਼ਮੀਨੀ ਪੱਧਰ ’ਤੇ ਸਰਗਰਮ ਹੋਵੇਗੀ।
ਹਾਦਸਾ ਵਾਪਰਨ ’ਤੇ ਜ਼ਿੰਮੇਵਾਰੀ ਕਿਸ ਦੀ ਹੋਵੇਗੀ 
ਪਟਾਕਿਆਂ ਦੀ ਗਲਤ ਸਟੋਰੇਜ ਜਾਂ ਗੈਰ-ਕਾਨੂੰਨੀ ਵਿਕਰੀ ਕਾਰਨ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰਨ ਦਾ ਖ਼ਤਰਾ ਬਣ ਸਕਦਾ ਹੈ। ਅਜਿਹੀ ਸਥਿਤੀ ’ਚ ਸਵਾਲ ਇਹ ਹੈ ਕਿ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜਾਂਚ ਅਤੇ ਜਵਾਬਦੇਹੀ ਕਿਵੇਂ ਤੈਅ ਕੀਤੀ ਜਾਵੇਗੀ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਪ੍ਰਸ਼ਾਸਨ ਤਿਉਹਾਰਾਂ ਦੌਰਾਨ ਪਟਾਕਿਆਂ ਦੀ ਵਿਕਰੀ ਅਤੇ ਸਟੋਰੇਜ ਸਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਏ। ਨਾਲ ਹੀ ਸਬੰਧਿਤ ਅਧਿਕਾਰੀਆਂ ਵੱਲੋਂ ਸਪੱਸ਼ਟ ਕੀਤਾ ਜਾਵੇ ਕਿ ਬਿਨਾਂ ਲਾਇਸੈਂਸ ਵਿਕਰੀ ਨੂੰ ਰੋਕਣ ਲਈ ਕੀ ਪ੍ਰਬੰਧ ਕੀਤੇ ਗਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਗੁਰੂਹਰਸਹਾਏ ਦਾ ਪ੍ਰਸ਼ਾਸਨ ਤਿਉਹਾਰਾਂ ਦੌਰਾਨ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਕੀ ਕਦਮ ਚੁੱਕਦਾ ਹੈ ਅਤੇ ਕੀ ਪਟਾਕਿਆਂ ਦੀ ਗੈਰ-ਕਾਨੂੰਨੀ ਵਿਕਰੀ ’ਤੇ ਰੋਕ ਲੱਗ ਸਕੇਗੀ ਜਾਂ ਫਿਰ ਗੁਰੂਹਰਸਹਾਏ ਦਾ ਪ੍ਰਸ਼ਾਸਨ ਕਿਸੇ ਵੱਡੀ ਘਟਨਾ ਦੀ ਉਡੀਕ ਕਰੇਗਾ।


author

Babita

Content Editor

Related News