ਫਗਵਾੜਾ ਰੇਲਵੇ ਸਟੇਸ਼ਨ ’ਤੇ ਡਿਜੀਟਲ ਲਾਕਰ ਸੁਵਿਧਾ ਸ਼ੁਰੂ
Saturday, Oct 17, 2026 - 05:00 PM (IST)
ਫਿਰੋਜ਼ਪੁਰ (ਰਾਜੇਸ਼ ਢੰਡ) : ਫਿਰੋਜ਼ਪੁਰ ਮੰਡਲ ਵੱਲੋਂ ਯਾਤਰੀਆਂ ਨੂੰ ਸੁਰੱਖਿਅਤ, ਬਿਹਤਰ ਅਤੇ ਆਧੁਨਿਕ ਸੁਵਿਧਾਵਾਂ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਮਿਤੀ 16 ਅਕਤੂਬਰ 2026 ਤੋਂ ਫਗਵਾੜਾ ਰੇਲਵੇ ਸਟੇਸ਼ਨ ’ਤੇ ਡਿਜੀਟਲ ਲਾਕਰ ਸੁਵਿਧਾ ਸ਼ੁਰੂ ਕੀਤੀ ਗਈ ਹੈ। ਡਿਜੀਟਲ ਲਾਕਰ ਵਿੱਚ ਯਾਤਰੀ ਆਪਣੇ ਬੈਗ ਅਤੇ ਹੋਰ ਸਮਾਨ ਨੂੰ ਸੁਰੱਖਿਅਤ ਰੂਪ ਵਿਚ ਰੱਖ ਸਕਣਗੇ। ਇਸ ਨਾਲ ਯਾਤਰੀਆਂ ਨੂੰ ਆਪਣੇ ਸਮਾਨ ਦੇ ਨਾਲ ਹਰ ਸਮੇਂ ਘੁੰਮਣ ਦੀ ਅਸੁਵਿਧਾ ਤੋਂ ਮੁਕਤੀ ਮਿਲੇਗੀ। ਵਿਸ਼ੇਸ਼ ਤੌਰ ’ਤੇ ਉਹ ਯਾਤਰੀ ਜਿਨ੍ਹਾਂ ਨੇ ਟਰੇਨ ਦੀ ਉਡੀਕ ਕਰਨੀ ਹੁੰਦੀ ਹੈ ਜਾਂ ਕੁੱਝ ਸਮੇਂ ਲਈ ਸਟੇਸ਼ਨ ਤੋਂ ਬਾਹਰ ਜਾਣਾ ਹੁੰਦਾ ਹੈ। ਡਿਜੀਟਲ ਲਾਕਰ ਸੁਵਿਧਾ ਦੇ ਤਹਿਤ ਯਾਤਰੀ, ਆਪਣੀ ਲੋੜ ਅਨੁਸਾਰ, ਲਾਕਰ ਨੂੰ ਨਿਰਧਾਰਿਤ ਸਮੇਂ ਲਈ ਬੁੱਕ ਕਰ ਸਕਣਗੇ।
ਕਿਰਾਇਆ ਵੀ ਸਮੇਂ ਦੀ ਮਿਆਦ ਦੇ ਅਨੁਸਾਰ ਹੀ ਲਿਆ ਜਾਵੇਗਾ। ਯਾਤਰੀ ਨੂੰ, ਲਾਕਰ ਪੈਨਲ ’ਤੇ, ਆਪਣਾ ਮੋਬਾਇਲ ਨੰਬਰ ਦਰਜ ਕਰਕੇ ਓ. ਟੀ. ਪੀ. ਪ੍ਰਾਪਤ ਕਰਨਾ ਹੋਵੇਗਾ। ਉਸ ਤੋਂ ਬਾਅਦ ਲਾਕਰ ਦੀ ਚੋਣ ਕਰਕੇ, ਕਿਊ.ਆਰ. ਕੋਡ ਸਕੈਨ ਕਰਕੇ, ਆਨਲਾਈਨ ਭੁਗਤਾਨ ਕੀਤਾ ਜਾ ਸਕੇਗਾ। ਫਗਵਾੜਾ ਰੇਲਵੇ ਸਟੇਸ਼ਨ ’ਤੇ ਇਸ ਸੁਵਿਧਾ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਆਧੁਨਿਕ ਸੁਵਿਧਾਵਾਂ ਦਾ ਲਾਭ ਮਿਲੇਗਾ ਅਤੇ ਯਾਤਰੀਆਂ ਦੇ ਸਮਾਨ ਦੀ ਸੁਰੱਖਿਆ ਯਕੀਨੀ ਹੋਵੇਗੀ।
