ਗੁਰੂਹਰਸਹਾਏ ਵਿਖੇ ਆਬਕਾਰੀ ਟੀਮ ’ਤੇ ਜਾਨਲੇਵਾ ਹਮਲਾ, 11 ਖ਼ਿਲਾਫ਼ ਮਾਮਲਾ ਦਰਜ

Tuesday, Oct 27, 2026 - 10:37 AM (IST)

ਗੁਰੂਹਰਸਹਾਏ ਵਿਖੇ ਆਬਕਾਰੀ ਟੀਮ ’ਤੇ ਜਾਨਲੇਵਾ ਹਮਲਾ, 11 ਖ਼ਿਲਾਫ਼ ਮਾਮਲਾ ਦਰਜ

ਗੁਰੂਹਰਸਹਾਏ (ਪਵਨ ਸਿਕਰੀ) : ਥਾਣਾ ਗੁਰੂਹਰਸਹਾਏ ਦੀ ਪੁਲਸ ਵੱਲੋਂ ਆਬਕਾਰੀ ਟੀਮ ’ਤੇ ਹਮਲਾ ਕਰਨ, ਉਨ੍ਹਾਂ ਦੀ ਗੱਡੀ ਦੀ ਭੰਨ-ਤੋੜ ਕਰਨ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ’ਚ ਅੱਧਾ ਦਰਜਨ ਤੋਂ ਵੱਧ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਗੁਰਪ੍ਰੀਤ ਸਿੰਘ ਆਬਕਾਰੀ ਨਿਰੀਖਕ, ਸਰਕਲ ਗੁਰੂਹਰਸਹਾਏ ਦੇ ਬਿਆਨਾਂ ’ਤੇ ਅਮਲ ਵਿਚ ਲਿਆਂਦੀ ਗਈ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਆਬਕਾਰੀ ਨਿਰੀਖਕ, ਸਰਕਲ ਗੁਰੂਹਰਸਹਾਏ ਨੇ ਦੱਸਿਆ ਕਿ ਮਿਤੀ 23 ਅਕਤੂਬਰ 2026 ਨੂੰ ਉਹ ਪੁਲਸ ਪਾਰਟੀ ਅਤੇ ਪ੍ਰਾਈਵੇਟ ਠੇਕੇਦਾਰ ਦੇ ਵਿਅਕਤੀਆਂ ਸਮੇਤ ਪਿੰਡ ਬਾਵੇ ਵਾਲਾ ਤੋਂ ਅੱਗੇ ਸੇਮ ਨਾਲੇ ’ਤੇ ਚੈਕਿੰਗ ਲਈ ਗਏ ਸਨ।

ਜਦੋਂ ਉਹ ਚੈਕਿੰਗ ਤੋਂ ਬਾਅਦ ਵਾਪਸ ਪਿੰਡ ਬਾਵੇ ਵਾਲਾ ਪਹੁੰਚੇ ਤਾਂ ਉੱਥੇ ਮੌਜੂਦ ਦੋਸ਼ੀਅਨ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ। ਜਿਵੇਂ ਹੀ ਚਾਲਕ ਨੇ ਗੱਡੀ ਹੌਲੀ ਕੀਤੀ ਤਾਂ ਜਗਦੀਸ਼ ਪੁੱਤਰ ਕਰਨੈਲ ਸਿੰਘ, ਪਵਨ ਕੁਮਾਰ ਪੁੱਤਰ ਜਗਦੀਸ਼ ਸਿੰਘ, ਬੋਵੀ ਪੁੱਤਰ ਜਗਿੰਦਰ ਸਿੰਘ, ਗੁਰਨਾਮ ਸਿੰਘ, ਸੂਬਾ ਸਿੰਘ ਪੁੱਤਰ ਗੁਰਨਾਮ ਸਿੰਘ, ਅਜੇ ਕੁਮਾਰ ਪੁੱਤਰ ਸਾਵਨ ਸਿੰਘ ਅਤੇ 4-5 ਅਣਪਛਾਤੀਆਂ ਔਰਤਾਂ ਵਾਸੀਅਨ ਬਾਵੇ ਵਾਲਾ ਨੇ ਅਚਾਨਕ ਆਬਕਾਰੀ ਟੀਮ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਸਰਕਾਰੀ ਗੱਡੀ ਦਾ ਅਗਲਾ ਸ਼ੀਸ਼ਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਤੋਂ ਬਾਅਦ ਉਸ ਨੇ ਗੱਡੀ ਭਜਾ ਕੇ ਆਪਣੀ ਅਤੇ ਆਪਣੀ ਟੀਮ ਦੀ ਜਾਨ ਬਚਾਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
 


author

Babita

Content Editor

Related News