ਇਕ ਗਲੋਕ ਪਿਸਤੌਲ, ਤਿੰਨ ਮੈਗਜ਼ੀਨ ਅਤੇ ਜ਼ਿੰਦਾ ਕਾਰਤੂਸ ਬਰਾਮਦ
Wednesday, Oct 21, 2026 - 05:18 PM (IST)
ਜਲਾਲਾਬਾਦ (ਬਜਾਜ, ਬੰਟੀ, ਆਦਰਸ਼, ਜਤਿੰਦਰ) : ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੇ ਗੁਰਦੁਆਰਾ ਢਾਣੀ ਨੱਥਾ ਸਿੰਘ ਵਾਲੀ ਨੇੜਿਓਂ ਪਿਸਤੌਲ ਅਤੇ ਹੋਰ ਸਮਾਨ ਬਰਾਮਦ ਹੋਣ ਦੇ ਮਾਮਲੇ ’ਚ ਮੁਕੱਦਮਾ ਦਰਜ ਕੀਤਾ ਹੈ। ਬਰਾਮਦ ਕੀਤੇ ਗਏ ਸਮਾਨ ’ਚ ਇਕ ਗਲੋਕ ਪਿਸਤੌਲ, ਤਿੰਨ ਮੈਗਜ਼ੀਨ, ਤਿੰਨ ਜ਼ਿੰਦਾ ਕਾਰਤੂਸ ਅਤੇ ਇਕ ਛੋਟੀ ਟਾਰਚ ਸਮੇਤ ਡਰਾਪਿੰਗ ਹੁੱਕ ਸ਼ਾਮਲ ਹੈ। ਜਾਣਕਾਰੀ ਮੁਤਾਬਕ ਸਹਾਇਕ ਥਾਣੇਦਾਰ ਸਤਨਾਮ ਦਾਸ ਆਪਣੇ ਸਾਥੀ ਕਰਮਚਾਰੀਆਂ ਸਮੇਤ ਇਲਾਕੇ ਵਿਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ।
ਇਸੇ ਦੌਰਾਨ ਉਨ੍ਹਾਂ ਨੂੰ ਬੀ. ਐੱਸ. ਐੱਫ. ਦੀ ਡੀ ਕੰਪਨੀ, ਬੀ. ਓ. ਪੀ. ਢਾਣੀ ਨੱਥਾ ਸਿੰਘ ਵਾਲੀ ਦੇ ਕੰਪਨੀ ਕਮਾਂਡਰ ਐੱਸ. ਚੰਗਲੋਈ ਵੱਲੋਂ ਟੈਲੀਫੋਨ ਰਾਹੀਂ ਸੂਚਨਾ ਦਿੱਤੀ ਗਈ ਕਿ ਉਕਤ ਸਥਾਨ ਤੋਂ ਇਕ ਪਿਸਤੌਲ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ, ਜਿੱਥੇ ਬੀ. ਐੱਸ. ਐੱਫ. ਵੱਲੋਂ ਬਰਾਮਦਗੀ ਸਬੰਧੀ ਪੱਤਰ ਅਤੇ ਸਾਮਾਨ ਪੁਲਸ ਦੇ ਹਵਾਲੇ ਕੀਤਾ ਗਿਆ। ਇਸ ਤੋਂ ਬਾਅਦ ਥਾਣਾ ਸਦਰ ਜਲਾਲਾਬਾਦ ਵਿਖੇ ਕਾਨੂੰਨੀ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਥਾਣਾ ਸਦਰ ਜਲਾਲਾਬਾਦ ਵਿਖੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ 20 ਅਕਤੂਬਰ ਨੂੰ ਦਰਜ ਕੀਤਾ ਗਿਆ ਹੈ।
