ਮੈਡੀਕਲ ਹਾਲ ’ਚ ਦਾਖ਼ਲ ਹੋ ਕੇ ਵਿਅਕਤੀ ’ਤੇ ਗੰਡਾਸੀ ਨਾਲ ਕੀਤਾ ਹਮਲਾ
Sunday, Oct 25, 2026 - 02:08 PM (IST)
ਜਲਾਲਾਬਾਦ (ਬਜਾਜ) : ਜਲਾਲਾਬਾਦ ਦੀ ਅਰਾਈਆਂ ਵਾਲਾ ਰੋਡ ’ਤੇ ਘੁਮਿਆਰਾ ਵਾਲੀ ਬਸਤੀ ਵਿਖੇ ਇਕ ਮੈਡੀਕਲ ਹਾਲ 'ਚ ਦਾਖ਼ਲ ਹੋ ਕੇ ਵਿਅਕਤੀ ’ਤੇ ਗੰਡਾਸੀ ਨਾਲ ਹਮਲਾ ਕਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਜਲਾਲਾਬਾਦ ਪੁਲਸ ਨੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਸੁਖਵਿੰਦਰ ਚੰਦ ਪੁੱਤਰ ਨਥਾ ਰਾਮ ਵਾਸੀ ਘੁਮਿਆਰਾ ਵਾਲੀ ਬਸਤੀ ਨੇ ਦੱਸਿਆ ਕਿ ਉਹ 8 ਅਕਤੂਬਰ 2026 ਨੂੰ ਸ਼ਾਮ ਕਰੀਬ 7 ਵਜੇ ਅਰਾਈਆਂ ਵਾਲਾ ਰੋਡ, ਘੁਮਿਆਰਾ ਵਾਲੀ ਬਸਤੀ ਸਥਿਤ ਆਪਣੇ ਚਾਂਦਨੀ ਮੈਡੀਕਲ ਹਾਲ ਵਿੱਚ ਬੈਠਾ ਹੋਇਆ ਸੀ। ਇਸ ਦੌਰਾਨ ਗੁਰਵਿੰਦਰ ਕੁਮਾਰ ਉਰਫ਼ ਡਾਕਟਰ ਸੋਨੂੰ ਪੁੱਤਰ ਕਸ਼ਮੀਰ ਚੰਦ ਵਾਸੀ ਪੀਰ ਬਖ਼ਸ਼ ਚੋਹਾਨ ਉੱਥੇ ਆ ਗਿਆ।
ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਨੇ ਉਸ ਦੇ ਸਿਰ ’ਤੇ ਗੰਡਾਸੀ ਨਾਲ ਵਾਰ ਕੀਤਾ ਅਤੇ ਹੋਰ ਸੱਟਾਂ ਵੀ ਮਾਰੀਆਂ। ਏ.ਐੱਸ.ਆਈ. ਗੁਰਦੇਵ ਰਾਜ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪੀੜ੍ਹਤ ਸੁਖਵਿੰਦਰ ਚੰਦ ਵੱਲੋਂ ਪੁਲਸ ਕੋਲ ਬਿਆਨ ਦਰਜ ਕਰਵਾਏ ਗਏ। ਇਨ੍ਹਾਂ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਗੁਰਵਿੰਦਰ ਕੁਮਾਰ ਉਰਫ਼ ਡਾਕਟਰ ਸੋਨੂੰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਰਿਕਾਰਡ ਅਨੁਸਾਰ ਇਹ ਮਾਮਲਾ 24 ਅਕਤੂਬਰ 2026 ਨੂੰ ਧਾਰਾ 333 ਅਤੇ 115 (2) ਬੀ.ਐੱਨ.ਐੱਸ ਤਹਿਤ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
