ਸਰਹੱਦੀ ਇਲਾਕੇ ’ਚ ਵਗਦੇ ਦਰਿਆ ’ਚ ਮੁੜ ਵਧਿਆ ਪਾਣੀ ਦਾ ਪੱਧਰ

Sunday, Oct 18, 2026 - 01:08 PM (IST)

ਸਰਹੱਦੀ ਇਲਾਕੇ ’ਚ ਵਗਦੇ ਦਰਿਆ ’ਚ ਮੁੜ ਵਧਿਆ ਪਾਣੀ ਦਾ ਪੱਧਰ

ਫਾਜ਼ਿਲਕਾ (ਕ੍ਰਿਸ਼ਨ) : ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿਚੋਂ ਲੰਘਦੇ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਇਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ। ਪਿਛਲੇ ਦਿਨੀਂ ਪਹਾੜੀ ਅਤੇ ਮੈਦਾਨੀ ਇਲਾਕਿਆਂ ’ਚ ਹੋਈ ਬਾਰਿਸ਼ ਕਾਰਨ ਦਰਿਆ ’ਚ ਪਾਣੀ ਦਾ ਵਹਾਅ ਕਾਫੀ ਵੱਧ ਗਿਆ ਹੈ। ਦਰਿਆ ਦੇ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਬਾਰਡਰ ਪੱਟੀ ਦੇ ਪਿੰਡਾਂ, ਖਾਸ ਕਰ ਕੇ ਰਾਮ ਸਿੰਘ ਭੈਣੀ, ਝੰਗੜ ਭੈਣੀ, ਦੋਨਾ ਨਾਨਕਾ, ਮਹਾਤਮ ਨਗਰ, ਤੇਜਾ ਰੁਹੇਲਾ ਅਤੇ ਹੋਰਨਾਂ ਨਾਲ ਲੱਗਦੇ ਇਲਾਕਿਆਂ ਦੇ ਕਿਸਾਨ ਆਪਣੀਆਂ ਪੱਕਣ ਕਿਨਾਰੇ ਆਈਆਂ ਫਸਲਾਂ ਦੀ ਸੁਰੱਖਿਆ ਨੂੰ ਲੈ ਕੇ ਚੌਕਸ ਹੋ ਗਏ ਹਨ। ਇਸ ਸਮੇਂ ਕਿਸਾਨਾਂ ਦੀ ਛੇ ਮਹੀਨਿਆਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਕਟਾਈ ਲਈ ਬਿਲਕੁਲ ਤਿਆਰ ਖੜ੍ਹੀ ਹੈ, ਜਿਸ ਕਰ ਕੇ ਪਾਣੀ ਵਧਣ ਕਾਰਨ ਦਰਿਆ ਦੇ ਨਾਲ ਲੱਗਦੀਆਂ ਜ਼ਮੀਨਾਂ ’ਚ ਪਾਣੀ ਪਹੁੰਚਣ ਦੀ ਸੰਭਾਵਨਾ ਨੇ ਉਨ੍ਹਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਚੇਤਿਆਂ ਵਿਚ ਸਾਲ 2023 ਅਤੇ 2025 ਦੌਰਾਨ ਆਏ ਹੜ੍ਹਾਂ ਦੀ ਭਾਰੀ ਤਬਾਹੀ ਅਜੇ ਵੀ ਤਾਜ਼ਾ ਹੈ। ਇਨ੍ਹਾਂ ਸਾਲਾਂ ਦੌਰਾਨ ਹੜ੍ਹ ਦੇ ਪਾਣੀ ਨੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਤਿਆਰ ਫਸਲਾਂ ਅਤੇ ਜਾਇਦਾਦ ਦਾ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਸੀ, ਜਿਸ ਦਾ ਆਰਥਿਕ ਸੰਤਾਪ ਇਲਾਕਾ ਨਿਵਾਸੀ ਅਜੇ ਤੱਕ ਹੰਢਾ ਰਹੇ ਹਨ। ਇਸੇ ਕਰ ਕੇ ਪਾਣੀ ਦਾ ਪੱਧਰ ਮੁੜ ਵਧਦਾ ਦੇਖ ਕੇ ਉਹ ਪਹਿਲਾਂ ਹੀ ਸੁਚੇਤ ਹੋ ਗਏ ਹਨ ਅਤੇ ਆਪਣੇ ਪੱਧਰ ’ਤੇ ਵੀ ਬਚਾਅ ਪ੍ਰਬੰਧਾਂ (ਜਿਵੇਂ ਬੰਨ੍ਹਾਂ ’ਤੇ ਪਹਿਰਾ ਦੇਣਾ) ’ਚ ਜੁੱਟ ਗਏ ਹਨ, ਤਾਂ ਜੋ ਕਿਸੇ ਵੀ ਸੰਭਾਵੀ ਵੱਡੇ ਨੁਕਸਾਨ ਤੋਂ ਸਮਾਂ ਰਹਿੰਦਿਆਂ ਬਚਿਆ ਜਾ ਸਕੇ।


author

Babita

Content Editor

Related News