‘ਬੁੱਢਾ ਨਾਲਾ ਕਮੇਟੀ’ ਨੇ ਰਾਜਪਾਲ ਕੋਲ ਚੁੱਕਿਆ ਬੁੱਢੇ ਨਾਲੇ ’ਚ ਗੰਦਾ ਪਾਣੀ ਸੁੱਟਣ ਦਾ ਮੁੱਦਾ
Wednesday, Oct 09, 2024 - 03:22 PM (IST)
ਮੋਹਾਲੀ (ਨਿਆਮੀਆਂ)- ‘ਬੁੱਢਾ ਨਾਲਾ ਕਮੇਟੀ’ ਦੇ ਇਕ ਵਫ਼ਦ ਨੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦੀ ਅਗਵਾਈ ’ਚ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਰੰਗਾਈ ਉਦਯੋਗ ਵੱਲੋਂ ਗੰਦੇ ਪਾਣੀ ਨੂੰ ਬੁੱਢੇ ਨਾਲੇ ’ਚ ਸੁੱਟਣ ਤੋਂ ਰੋਕਣ ਲਈ ਸਰਕਾਰੀ ਹੁਕਮਾਂ ਨੂੰ ਲਾਗੂ ਕਰਨ ਲਈ ਮੰਗ ਪੱਤਰ ਸੌਂਪਿਆ। ਲੁਧਿਆਣਾ ਦੀਆਂ ਤਿੰਨ ਸੀ. ਈ. ਟੀ. ਪੀ. ਵੱਲੋਂ ਲਗਭਗ 10 ਸਾਲਾਂ ਤੋਂ ਜ਼ੀਰੋ ਲਿਕਵਿਡ ਡਿਸਚਾਰਜ ਨੂੰ ਯਕੀਨੀ ਬਣਾਉਣ ਦੀ ਸ਼ਰਤ ਦੀ ਉਲੰਘਣਾ ਕੀਤੀ ਜਾ ਰਹੀ ਸੀ। ਰਾਜਪਾਲ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ ਤੇ ਪੰਜਾਬ ਸਰਕਾਰ ਕੋਲ ਮਾਮਲਾ ਉਠਾਉਣਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਣ ਜਾ ਰਿਹੈ ਵੱਡਾ ਸਿਆਸੀ ਧਮਾਕਾ! ਕਿਸੇ ਵੇਲੇ ਵੀ ਹੋ ਸਕਦੈ ਉਲਟਫ਼ੇਰ
ਇਸ ਵਫ਼ਦ ’ਚ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਅਮਿਤੋਜ ਮਾਨ (ਅਦਾਕਾਰ, ਨਿਰਦੇਸ਼ਕ ਤੇ ਪਟਕਥਾ ਲੇਖਕ), ਜਸਕੀਰਤ ਸਿੰਘ (ਸੰਚਾਲਕ, ਨਰੋਆ ਪੰਜਾਬ ਮੰਚ), ਡਾ. ਅਮਨਦੀਪ ਬੈਂਸ (ਮੈਂਬਰ ਲੋਕ ਐਕਸ਼ਨ ਕਮੇਟੀ ਮੱਤੇਵਾੜਾ), ਕਰਨਲ ਜੇ. ਐੱਸ. ਗਿੱਲ (ਸਾਬਕਾ ਮੈਂਬਰ ਬੁੱਢਾ ਦਰਿਆ ਟਾਸਕ ਫੋਰਸ) ਤੇ ਕਪਿਲ ਅਰੋੜਾ (ਪ੍ਰਧਾਨ ਕੌਂਸਲ ਆਫ ਇੰਜੀਨੀਅਰਜ) ਸ਼ਾਮਲ ਸਨ।
ਮੰਗ ਪੱਤਰ ’ਚ ਕਿਹਾ ਗਿਆ ਹੈ ਕਿ ਵਾਟਰ ਐਕਟ 1974 ਦੀਆਂ ਵਿਵਸਥਾਵਾਂ ਦੇ ਬਾਵਜੂਦ ਸੁਪਰੀਮ ਕੋਰਟ ਦੇ ਜ਼ੈੱਡ. ਐੱਲ. ਡੀ., ਰਿਸਟ੍ਰਿਕਟਿਵ ਇਨਵਾਇਰਮੈਂਟ ਕਲੀਅਰੈਂਸ (ਈ. ਸੀ.) ਦੀ ਸ਼ਰਤ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.), ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.), ਲੁਧਿਆਣਾ ਦੇ ਹੁਕਮਾਂ ਦੇ ਬਾਵਜੂਦ ਰੰਗਾਈ ਦੇ ਤਿੰਨ ਸੀ. ਈ. ਟੀ. ਪੀ. ਉਦਯੋਗ ਗ਼ੈਰ-ਕਾਨੂੰਨੀ ਤੌਰ ’ਤੇ ਕੰਮ ਕਰ ਰਹੇ ਹਨ ਤੇ ਆਪਣਾ ਗੰਦਾ ਪਾਣੀ ਬੁੱਢੇ ਨਾਲੇ ’ਚ ਸੁੱਟ ਰਹੇ ਹਨ ਜਦਕਿ ਕੇਂਦਰੀ ਵਾਤਾਵਰਨ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ 2013 ਤੇ 2014 ’ਚ ਜ਼ੈੱਡ. ਐੱਲ. ਡੀ. ਤਕਨਾਲੋਜੀ ਦੇ ਆਧਾਰ ’ਤੇ ਇਨ੍ਹਾਂ ਪਲਾਂਟਾਂ ਦੀ ਸਥਾਪਨਾ ’ਤੇ ਪਾਬੰਦੀ ਲਾ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ - ਸ੍ਰੀ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ! ਹੋਈ ਇਹ ਤਬਦੀਲੀ
ਵਫ਼ਦ ਨੇ ਰਾਜਪਾਲ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਲੁਧਿਆਣਾ ਦੇ ਪਿੰਡ ਵਲੀਪੁਰ ਦਾ ਦੌਰਾ ਕਰਨ ਤੇ ਦੇਖਣ ਕਿ ਕਿਵੇਂ ਬੁੱਢਾ ਨਾਲਾ ਸਤਲੁਜ ’ਚ ਰਲ ਕੇ ਪੰਜਾਬ ਤੇ ਰਾਜਸਥਾਨ ਦੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਤਬਾਹ ਕਰ ਰਿਹਾ ਹੈ, ਜਿਸ ਨਾਲ ਨਾ ਸਿਰਫ਼ ਜਲ-ਜੀਵਨ ਖ਼ਤਰੇ ’ਚ ਪੈ ਗਿਆ ਸਗੋਂ ਆਮ ਲੋਕਾਂ ਤੇ ਪਸ਼ੂਆਂ ਨੂੰ ਕੈਂਸਰ, ਹੈਪੇਟਾਈਟਸ, ਚਮੜੀ ਦੀਆਂ ਬਿਮਾਰੀਆਂ ਆਦਿ ਵਰਗੀਆਂ ਘਾਤਕ ਬਿਮਾਰੀਆਂ ਲੱਗ ਰਹੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8