ਬਜਟ ਖਤਮ, ਟੋਏ ਨਾ ਘਟੇ, 16 ਸਾਲਾਂ ਤੋਂ ਸਿਰਫ ''ਪੈਚ ਵਰਕ''
Friday, Jun 23, 2017 - 07:48 AM (IST)
ਸਮਰਾਲਾ (ਬੰਗੜ, ਗਰਗ) – ਮਾਲਵੇ ਨੂੰ ਦੋਆਬੇ ਨਾਲ ਜੋੜਨ ਵਾਲੀ ਸਮਰਾਲਾ ਤੋਂ ਖੰਨਾ ਜਾਣ ਵਾਲੀ ਸੜਕ ਦੀ ਹਾਲ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਜਿਸ ਕਾਰਨ ਰਾਹਗੀਰਾਂ ਦੀ ਮੁਸ਼ਕਿਲ ਵਧਦੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿਛਲੇ 16 ਸਾਲਾਂ ਤੋਂ ਖੰਨਾ-ਸਮਰਾਲਾ ਮਾਰਗ ਦੀ ਹਾਲਤ ਤਰਸਯੋਗ ਚਲਦੀ ਆ ਰਹੀ ਹੈ, ਜਿਸ ਉੱਪਰ ਲੋੜ ਅਨੁਸਾਰ ਪੈਚ ਵਰਕ ਕਰਕੇ ਡੰਗ ਟਪਾ ਲਿਆ ਜਾਂਦਾ ਰਿਹਾ ਹੈ।
ਲੰਘੇ ਮਾਰਚ ਮਹੀਨੇ ਕਰੀਬ ਸਵਾ ਕਰੋੜ ਰੁਪਏ ਖ਼ਰਚ ਕੇ ਸੜਕ ਉੱਪਰ ਪਏ ਵੱਡੇ ਟੋਇਆਂ 'ਤੇ ਪੈਚ ਵਰਕ ਕੀਤਾ ਗਿਆ ਸੀ ਪਰ ਅੱਜ ਫਿਰ ਇਸ ਸੜਕ ਦੀ ਹਾਲਤ ਇੰਨੀ ਮਾੜੀ ਹੈ ਕਿ ਸਵਾ ਕਰੋੜ ਦਾ ਬਜਟ ਖ਼ਤਮ ਹੋ ਗਿਆ ਪਰ ਟੋਇਆਂ ਦੀ ਗਿਣਤੀ ਖ਼ਤਮ ਨਾ ਹੋਈ। ਟੋਇਆਂ ਦੀ ਬਦੌਲਤ ਇਸ ਉੱਪਰੋਂ ਲੰਘਣ ਵਾਲ਼ੇ ਛੋਟੇ-ਵੱਡੇ ਵਾਹਨਾਂ ਦੇ ਚਾਲਕ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਨੂੰ ਕੋਸ ਰਹੇ ਹਨ, ਇਸ ਸੜਕ 'ਤੇ ਹੁਣ ਪੈਦਲ ਤੁਰਨਾ ਵੀ ਮੁਸ਼ਕਿਲ ਹੋ ਚੁੱਕਾ ਹੈ।
ਜਾਣਕਾਰੀ ਅਨੁਸਾਰ ਸਮਰਾਲਾ ਤੋਂ ਖੰਨਾ ਨੂੰ ਜਾਣ ਵਾਲੀ 13 ਕਿ. ਮੀ. ਸੜਕ ਦੇ ਇਸ ਟੁਕੜੇ 'ਚੋਂ ਹੁਣ ਸੜਕ ਕਿਤੇ-ਕਿਤੇ ਨਜ਼ਰ ਆਉਂਦੀ ਹੈ, ਜਦਕਿ ਬਾਕੀ ਸਾਰੀ ਸੜਕ ਉੱਪਰ ਟੋਇਆਂ ਦੀ ਭਰਮਾਰ ਹੈ। ਸੂਤਰਾਂ ਅਨੁਸਾਰ 2000 'ਚ ਇਸ ਸੜਕ ਦੀ ਚੌੜਾਈ ਨੂੰ 7 ਮੀਟਰ ਤੋਂ ਵਧਾ ਕੇ 10 ਮੀਟਰ ਕੀਤਾ ਗਿਆ ਸੀ, ਇਸ ਮੌਕੇ ਸੜਕ ਦੇ ਦੋਵੇਂ ਪਾਸਿਆਂ ਨੂੰ ਡੇਢ-ਡੇਢ ਮੀਟਰ ਵਧਾਇਆ ਗਿਆ ਸੀ। ਸੜਕ ਉੱਪਰ ਪ੍ਰੀਮਿਕਸ ਪੈਣ ਮੌਕੇ ਸੜਕ ਦੇ ਵਿਚਕਾਰਲੇ ਤੇ ਪੁਰਾਣੇ ਹਿੱਸੇ 'ਚ ਬਹੁਤ ਬਾਰੀਕ ਤੈਅ ਦਾ ਪੱਥਰ ਵਿਛਾਇਆ ਗਿਆ ਸੀ, ਜਿਸ ਕਾਰਨ ਇਹ ਸੜਕ ਓਵਰਲੋਡ ਵਾਹਨਾਂ ਦੀ ਬਦੌਲਤ ਜਲਦੀ ਖਿੱਲਰ ਜਾਂਦੀ ਹੈ। ਬਦਕਿਸਮਤੀ ਨਾਲ ਲਗਾਤਾਰ 16 ਸਾਲ ਇਹ ਸੜਕ ਟੁੱਟਦੀ ਰਹੀ ਤੇ ਇਸ ਉੱਪਰ ਸਿਰਫ਼ ਪੈਚਵਰਕ ਹੀ ਮਨਜ਼ੂਰ ਹੋਇਆ।
ਇਨ੍ਹਾਂ ਟੋਇਆਂ ਤੋਂ ਬਚਣ ਦੇ ਚੱਕਰ 'ਚ ਵਾਹਨ ਚਾਲਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਦਿੱਲੀ ਤੋਂ ਜੰਮੂ ਨਾਲ ਜੋੜਦੀ ਇਸ ਸੜਕ ਉੱਪਰ ਜਿੱਥੇ ਦੋਵੇਂ ਪਾਸੇ ਦਰਜਨਾਂ ਪਿੰਡ ਵਸੇ ਹੋਏ ਹਨ, ਉੱਥੇ ਹੀ ਇਸ ਉੱਪਰ ਏ. ਐੱਸ. ਕਾਲਜ ਖੰਨਾ, ਸਰਕਾਰੀ ਤੇ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਤੋਂ ਇਲਾਵਾ 5 ਮੈਰਿਜ ਪੈਲੇਸ ਬਣੇ ਹੋਏ ਹਨ, ਜਿਸ ਕਾਰਨ ਵਿਦਿਆਰਥੀ ਵਰਗ, ਮੁਲਾਜ਼ਮ ਤੇ ਹੋਰ ਰਾਹਗੀਰਾਂ ਦਾ ਰੋਜ਼ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਸੜਕ ਉੱਪਰੋਂ ਦਿੱਲੀ ਤੋਂ ਜੰਮੂ ਤੇ ਅੰਮ੍ਰਿਤਸਰ ਵਾਲੇ ਵਪਾਰਕ ਵਾਹਨਾਂ ਦੀ ਗਿਣਤੀ ਵੀ ਬੇਸ਼ੁਮਾਰ ਹੈ। ਲੰਬੇ ਸਮੇਂ ਤੋਂ ਇਲਾਕੇ ਦੇ ਲੋਕ ਸੜਕ ਨੂੰ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਆਪਣਾ ਡੰਗ ਟਪਾ ਕੇ ਤੁਰਦੀਆਂ ਬਣੀਆਂ ਤੇ ਸੜਕ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ।