ਵੱਡੀ ਖ਼ਬਰ- ਸੁਖਬੀਰ ਬਾਦਲ ਦਾ ਅਸਤੀਫ਼ਾ ਹੋਇਆ ਨਾ-ਮਨਜ਼ੂਰ
Monday, Nov 18, 2024 - 08:24 PM (IST)
ਚੰਡੀਗੜ੍ਹ- ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤਾ ਗਿਆ ਅਸਤੀਫ਼ਾ ਨਾ-ਮਨਜ਼ੂਰ ਹੋ ਗਿਆ ਹੈ। ਜੀ ਹਾਂ, ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਤਾਜ਼ਾ ਲਏ ਗਏ ਫੈਸਲੇ ਮੁਤਾਬਕ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਲਈ ਆਖ਼ ਦਿੱਤਾ ਗਿਆ ਹੈ।
ਇਸ ਸਬੰਧੀ ਜਾਰੀ ਕੀਤੇ ਗਏ ਇਕ ਪ੍ਰੈੱਸ ਨੋਟ ਮੁਤਾਬਕ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੁਖਬੀਰ ਬਾਦਲ ਨੂੰ ਆਪਣੇ ਅਸਤੀਫੇ ਤੇ ਵਿਚਾਰ ਕਰਨ ਲਈ ਆਖ ਦਿ੍ੱਤਾ ਹੈ। ਕਮੇਟੀ ਨੇ ਅਪੀਲ ਕੀਤੀ ਹੈ ਕਿ ਉਹ ਚੰਗੀ ਤਰ੍ਹਾਂ ਸੋਚ-ਵਿਚਾਰ ਲੈਣ। ਇਸ ਦੇ ਨਾਲ ਹੀ ਵਰਕਿੰਗ ਕਮੇਟੀ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਅਸਤੀਫਾ ਵਾਪਸ ਨਾ ਲਿਆ ਤਾਂ ਸਾਰੇ ਮੈਂਬਰ ਵੀ ਸਮੂਹਿਕ ਤੌਰ ਤੇ ਅਸਤੀਫਾ ਦੇ ਦੇਣਗੇ।
ਕਮੇਟੀ ਦਾ ਕਹਿਣਾ ਹੈ ਕਿ ਸਾਨੂੰ ਸੁਖਬੀਰ ਦੀ ਲੀਡਰਸ਼ਿਪ ਤੇ ਪੂਰਾ ਭਰੋਸਾ ਹੈ ਤੇ ਅਸ਼ੀ ਚਾਹੁਦੇ ਹਾ ਕਿ ਉਹ ਪ੍ਰਧਾਨ ਵਜੋਂ ਪਾਰਟੀ ਦੀ ਅਗਵਾਈ ਕਰਦੇ ਰਹਿਣ, ਇਸ ਵੇਲੇ ਦੀ ਇਹ ਮੁੱਖ ਲੋੜ ਹੈ।
ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨਾਂ, ਹਲਕਾ ਇੰਚਾਰਜਾਂ, ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਯੂਥ ਅਕਾਲੀ ਦਲ ਤੇ ਇਸਤਰੀ ਅਕਾਲੀ ਦਲ ਦੇ ਮੈਂਬਰਾਂ ਤੋਂ ਦੋ ਦਿਨਾਂ ਵਿਚ ਅਣਗਿਣਤ ਫੋਨ ਆਏ ਹਨ। ਕੁਝ ਮੈਂਬਰਾਂ ਨੇ ਤਾਂ ਪਾਰਟੀ ਪ੍ਰਧਾਨ ਨਾਲ ਇਕਜੁੱਟਤਾ ਪ੍ਰਗਟ ਕਰਨ ਵਾਸਤੇ ਆਪੋ-ਆਪਣੇ ਅਸਤੀਫੇ ਵੀ ਭੇਜ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਇਹ ਸਾਰੇ ਵਾਪਰ ਰਹੇ ਘਟਨਾਕ੍ਰਮ ਤੋਂ ਚਿੰਤਤ ਹਨ ਅਤੇ ਨਿੱਜੀ ਤੌਰ ’ਤੇ ਆਪਣਾ ਰੋਸ ਵੀ ਜ਼ਾਹਰ ਕਰ ਰਹੇ ਹਨ। ਇਨ੍ਹਾਂ ਆਗੂਆਂ ਨੇ ਕਮੇਟੀ ਨੂੰ ਆਖਿਆ ਹੈ ਕਿ ਉਹ ਪਾਰਟੀ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਤੋਂ ਜਾਣੂੰ ਕਰਵਾਉਣ। ਉਨ੍ਹਾਂ ਕਿਹਾ ਕਿ ਇਸੇ ਕਾਰਨ ਉਨ੍ਹਾਂ ਨੇ ਜ਼ਿਲ੍ਹਾ ਪ੍ਰਧਾਨਾਂ, ਹਲਕਾ ਇੰਚਾਰਜਾਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਮੀਟਿੰਗਾਂ ਸੱਦ ਲਈਆਂ ਹਨ ਤਾਂ ਜੋ ਉਨ੍ਹਾਂ ਦੇ ਵਿਚਾਰ ਸੁਣੇ ਜਾ ਸਕਣ ਅਤੇ ਇਸ ਔਖੀ ਘੜੀ ਵਿਚ ਵਿਆਪਕ ਆਮ ਰਾਇ ਬਣਾਈ ਜਾ ਸਕੇ।