ਕੇਂਦਰੀ ਬਜਟ ਕਿਸਾਨਾਂ ਨੂੰ ਤੋਹਫਾ ਨਹੀਂ ਧੋਖਾ : ਯੋਗਿੰਦਰ ਯਾਦਵ

02/05/2018 7:02:21 AM

ਚੰਡੀਗੜ੍ਹ  (ਸ਼ਰਮਾ) - ਸਵਰਾਜ ਇੰਡੀਆ ਦੇ ਕੌਮੀ ਪ੍ਰਧਾਨ ਅਤੇ ਜੈ ਕਿਸਾਨ ਅੰਦੋਲਨ ਦੇ ਸੰਸਥਾਪਕ ਯੋਗਿੰਦਰ ਯਾਦਵ ਨੇ ਕਿਹਾ ਹੈ ਦੀ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਪੇਸ਼ ਬਜਟ, ਜਿਸ ਨੂੰ ਕਿਸਾਨਾਂ ਲਈ ਤੋਹਫਾ ਕਿਹਾ ਜਾ ਰਿਹਾ ਹੈ, ਅਸਲ ਵਿਚ ਕਿਸਾਨਾਂ ਨਾਲ ਧੋਖਾ ਹੈ, ਕਿਉਂਕਿ ਸਰਕਾਰ ਨੇ ਖੇਤੀਬਾੜੀ ਲਾਗਤ ਦੀ ਗਿਣਤੀ  ਦੇ ਆਧਾਰ ਨੂੰ ਹੀ ਬਦਲ ਦਿੱਤਾ ਹੈ। ਯਾਦਵ ਐਤਵਾਰ ਨੂੰ ਆਲ ਇੰਡੀਆ ਕਿਸਾਨ ਸੰਘਰਸ਼ ਕੁਆਰਡੀਨੇਸ਼ਨ ਕਮੇਟੀ ਵੱਲੋਂ ਆਯੋਜਿਤ ਸੰਪਾਦਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।  
ਉਨ੍ਹਾਂ ਕਿਹਾ ਕਿ ਇਸ ਵਾਰ ਦੇ ਆਰਥਿਕ ਸਰਵੇਖਣ ਦੀ ਰਿਪੋਰਟ ਦੱਸਦੀ ਹੈ ਕਿ ਕਿਸਾਨ ਦੀ ਆਮਦਨੀ ਪਿਛਲੇ 4 ਸਾਲ ਤੋਂ ਸਥਿਰ ਹੈ, ਪੇਂਡੂ ਖੇਤਰਾਂ ਵਿਚ ਮਜ਼ਦੂਰੀ ਘਟੀ ਹੈ, ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਨਹੀਂ ਮਿਲ ਰਿਹਾ ਹੈ। ਬਜਟ 'ਚ ਕਿਸਾਨਾਂ ਦੀ ਭਾਰੀ ਅਣਦੇਖੀ ਹੋਈ ਹੈ।
 ਇਸ ਮੌਕੇ ਸੰਘਰਸ਼ ਕਮੇਟੀ ਦੇ ਕਨਵੀਨਰ ਵੀ. ਐੱਮ. ਸਿੰਘ ਨੇ ਕਿਹਾ ਹੈ ਕਿ ਇਸ ਬਜਟ ਦੇ ਜ਼ਰੀਏ ਘੱਟੋ-ਘੱਟ ਸਮਰਥਨ ਮੁੱਲ ਦੇ ਨਾਂ 'ਤੇ ਕਿਸਾਨਾਂ ਨੂੰ ਠੱਗਣ ਅਤੇ ਦੇਸ਼ ਨੂੰ ਗੁੰਮਰਾਹ ਕਰਨ ਦਾ ਕੰਮ ਹੋਇਆ ਹੈ। ਇਸ ਧੋਖੇ ਤੋਂ ਬਾਅਦ 191 ਕਿਸਾਨ ਸੰਗਠਨਾਂ ਦੇ ਮਿਲਣ ਨਾਲ ਬਣੀ ਸੰਪੂਰਨ ਭਾਰਤੀ ਕਿਸਾਨ ਸੰਘਰਸ਼ ਸੰਜੋਗ ਕਮੇਟੀ (ਏ. ਆਈ. ਕੇ. ਐੱਸ. ਸੀ. ਸੀ.) ਨੇ 'ਮੰਡੀ ਸੱਤਿਆਗ੍ਰਹਿ' ਦਾ ਵੀ ਫੈਸਲਾ ਲਿਆ ਹੈ, ਜਿਸ ਵਿਚ ਮੰਡੀਆਂ ਵਿਚ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ) ਵੱਲੋਂ ਘੱਟ ਮੁੱਲ 'ਤੇ ਇਕ ਵੀ ਦਾਣਾ ਨਹੀਂ ਵੇਚਣ ਦਿੱਤਾ ਜਾਵੇਗਾ। ਇਸ ਮੌਕੇ ਖੇਤ ਮਜ਼ਦੂਰ ਸੰਗਠਨ ਮੱਧ ਪ੍ਰਦੇਸ਼ ਦੇ ਡਾ. ਸੁਨੀਲਮ ਨੇ ਵੀ ਆਪਣੇ ਵਿਚਾਰ ਰੱਖੇ। ਇਸ ਤੋਂ ਬਾਅਦ ਏ. ਆਈ. ਕੇ. ਐੱਸ. ਸੀ. ਸੀ. ਵੱਲੋਂ ਆਯੋਜਿਤ ਕਿਸਾਨ ਸੰਮੇਲਨ ਵਿਚ ਕਿਸਾਨਾਂ ਦੀ ਕਰਜ਼ਾ ਮੁਕਤੀ ਅਤੇ ਖੇਤੀਬਾੜੀ ਉਤਪਾਦ ਲਾਭਕਾਰੀ ਮੁੱਲ ਗਾਰੰਟੀ ਬਿੱਲਾਂ 'ਤੇ ਚਰਚਾ ਕੀਤੀ ਗਈ। ਆਲ ਇੰਡੀਆ ਕਿਸਾਨ ਸੰਘਰਸ਼ ਕੁਆਰਡੀਨੇਸ਼ਨ ਕਮੇਟੀ ਨੇ ਇਹ ਵੀ ਐਲਾਨ ਕੀਤਾ ਕਿ 6,7, 8, 9 ਮਾਰਚ ਨੂੰ ਦੋਆਬਾ, ਮਾਲਵਾ ਅਤੇ ਮਾਝੇ ਵਿਚ ਕਿਸਾਨ ਮਾਰਚ ਕਰਕੇ ਸੰਮੇਲਨ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਵਿਚ ਉਕਤ ਬਿੱਲ ਦੇ ਮੁੱਦਿਆਂ ਨੂੰ ਉਠਾਇਆ ਜਾਵੇਗਾ। ਇਸੇ ਤਰ੍ਹਾਂ 6 ਫਰਵਰੀ ਨੂੰ ਦਿੱਲੀ 'ਚ ਕਿਸਾਨ ਅੰਦੋਲਨ ਦੇ ਅਗਲੇ ਪੜਾਅ ਦਾ ਐਲਾਨ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ 7 ਫਰਵਾਰੀ ਨੂੰ ਸੂਬੇ ਦੀਆਂ 7 ਕਿਸਾਨ ਜਥੇਬੰਦੀਆਂ 12 ਤੋਂ 2 ਵਜੇ ਤੱਕ ਸੜਕਾਂ ਜਾਮ ਕਰਨਗੀਆਂ।


Related News