ਦੇਖੋ ਮੋਦੀ ਸਰਕਾਰ ਦੇ ਬਜਟ ''ਤੇ ਕੀ ਬੋਲੇ ਸੁਖਬੀਰ ਬਾਦਲ
Sunday, Feb 02, 2020 - 05:30 PM (IST)

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਬਜਟ 2020 ਦੀ ਇਕ ਕਿਸਾਨ-ਪੱਖੀ ਅਤੇ ਗਰੀਬ-ਪੱਖੀ ਬਜਟ ਵਜੋਂ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨਕਮ ਟੈਕਸ 'ਚ ਦਿੱਤੀ ਛੋਟ ਨਾਲ ਆਮ ਆਦਮੀ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਡਿਜੀਟਾਈਜੇਸ਼ਨ, ਬੁਨਿਆਦੀ ਢਾਂਚੇ ਅਤੇ ਇੰਡਸਟਰੀ ਨੂੰ ਹੁਲਾਰਾ ਦੇ ਕੇ ਉੱਚੀ ਜੀ. ਡੀ. ਪੀ. ਹਾਸਿਲ ਕਰਨ ਲਈ ਜ਼ਮੀਨ ਤਿਆਰ ਕਰ ਦਿੱਤੀ ਗਈ ਹੈ। ਉਨ੍ਹਾਂ ਖੇਤੀਬਾੜੀ ਸੈਕਟਰ ਲਈ 15 ਲੱਖ ਕਰੋੜ ਰੁਪਏ ਰੱਖੇ ਜਾਣ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ 20 ਲੱਖ ਸੋਲਰ ਪੰਪਾਂ 'ਤੇ ਸਬਸਿਡੀ ਦੇ ਕੇ ਸਰਕਾਰ ਦੇ ਸੂਰਜੀ ਊਰਜਾ ਦੀ ਵਰਤੋਂ ਨੂੰ ਹੱਲਾਸ਼ੇਰੀ ਦੇਣ ਦੇ ਫੈਸਲੇ ਨਾਲ ਪੰਜਾਬ ਸਮੇਤ ਪੂਰੇ ਦੇਸ਼ ਦੇ ਕਿਸਾਨਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਖਰਾਬ ਹੋਣ ਯੋਗ ਵਸਤਾਂ ਦੀ ਜਲਦੀ ਢੋ-ਢੁਆਈ ਲਈ ਪੀ.ਪੀ.ਪੀ. ਵਿਧੀ ਜ਼ਰੀਏ ਕਿਸਾਨ ਰੇਲ ਸਥਾਪਤ ਕਰਨ ਅਤੇ ਖੇਤੀ ਵਸਤਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਡੀਆਂ 'ਚ ਪਹੁੰਚਾਉਣ ਲਈ ਕ੍ਰਿਸ਼ੀ ਉਡਾਣ ਕਾਇਮ ਕਰਨ ਦੇ ਫੈਸਲੇ ਨਾਲ ਪੰਜਾਬ 'ਚ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਨੂੰ ਵੱਡਾ ਹੁਲਾਰਾ ਮਿਲੇਗਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ 6 ਕਰੋੜ ਕਿਸਾਨਾਂ ਨੂੰ ਦਿੱਤੀ ਬੀਮੇ ਦੀ ਸਹੂਲਤ ਵੀ ਇਕ ਬਹੁਤ ਹੀ ਅਹਿਮ ਕਦਮ ਹੈ, ਜਿਹੜਾ ਕਿ ਕਿਸਾਨਾਂ ਦੀ ਕੁਦਰਤੀ ਆਫਤਾਂ ਤੋਂ ਰਾਖੀ ਕਰੇਗਾ। ਉਨ੍ਹਾਂ ਨੇ ਮੱਛੀ ਪਾਲਣ ਅਤੇ ਸਤੁੰਲਿਤ ਖਾਦਾਂ ਦੀ ਵਰਤੋਂ ਲਈ ਦਿੱਤੀਆਂ ਸਹੂਲਤਾਂ ਦੀ ਵੀ ਸ਼ਲਾਘਾ ਕੀਤੀ। ਸੁਖਬੀਰ ਨੇ ਕਿਹਾ ਕਿ ਟੈਕਸ ਪ੍ਰਬੰਧ ਦੀ ਕੀਤੇ ਸਰਲੀਕਰਨ ਨਾਲ ਆਮ ਆਦਮੀ ਨੂੰ ਭਾਰੀ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ 10 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ ਵਾਲਿਆਂ ਨੂੰ ਹੁਣ ਸਿਰਫ 62 ਹਜ਼ਾਰ ਰੁਪਏ ਇਨਕਮ ਟੈਕਸ ਦੇਣਾ ਪਵੇਗਾ, ਜਿਸ ਨਾਲ ਪਿਛਲੇ ਟੈਕਸ ਪ੍ਰਬੰਧ ਦੇ ਮੁਕਾਬਲੇ 37,500 ਰੁਪਏ ਦੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਘਟਾਈਆਂ ਜੀ.ਐਸ.ਟੀ. ਦਰਾਂ ਕਰਕੇ ਹੁਣ ਔਸਤ ਘਰ ਨੂੰ ਮਹੀਨਾਵਰ ਖਰਚਿਆਂ 'ਚ 4 ਫੀਸਦੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਪਾਈਪਾਂ ਰਾਹੀਂ ਪਾਣੀ ਦੀ ਸਪਲਾਈ ਵਾਸਤੇ 3.6 ਕਰੋੜ ਰੁਪਏ ਰਾਂਖਵੇ ਰੱਖਣਾ ਇਕ ਵੱਡਾ ਗਰੀਬ-ਪੱਖੀ ਕਦਮ ਹੈ।
ਅਕਾਲੀ ਦਲ ਪ੍ਰਧਾਨ ਨੇ ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗਾਂ ਦੀ ਭਲਾਈ ਲਈ 85 ਹਜ਼ਾਰ ਕਰੋੜ ਰੁਪਏ ਰੱਖੇ ਜਾਣ ਦਾ ਵੀ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਦਯੋਗ ਅਤੇ ਵਪਾਰ ਦੇ ਵਿਕਾਸ ਲਈ 27,300 ਕਰੋੜ ਰੁਪਏ ਅਤੇ ਰਾਸ਼ਟਰੀ ਟੈਕਸਟਾਇਲ ਮਿਸ਼ਨ ਸ਼ੁਰੂ ਕਰਨ ਲਈ 1,480 ਕਰੋੜ ਰੁਪਏ ਰਾਂਖਵੇ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਵਲੋਂ ਲਏ ਪੰਜ ਲੱਖ ਤੋਂ ਵੱਧ ਛੋਟੇ ਕਾਰੋਬਾਰਾਂ ਨੂੰ ਰਿਆਇਤੀ ਕਰਜ਼ੇ ਦੇਣ ਦੇ ਫੈਸਲੇ ਨਾਲ ਛੋਟੀਆਂ ਇਕਾਈਆਂ ਨੂੰ ਮੁੜ ਪੈਰਾਂ 'ਤੇ ਖੜ੍ਹੇ ਕਰਨ 'ਚ ਮੱਦਦ ਮਿਲੇਗੀ।