CM ਮਾਨ ਤੇ ਇੰਗਲੈਂਡ ਦੇ ਵਕੀਲਾਂ ਵਿਚਾਲੇ ਮੀਟਿੰਗ! ਰੱਖੀ ਗਈ ਇਹ ਮੰਗ
Saturday, Oct 18, 2025 - 11:53 AM (IST)

ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਦੁਰਲੱਭ ਵੀਡੀਓ ਫੁਟੇਜ ਹਾਸਲ ਕਰਨ ’ਚ ਸੂਬਾ ਸਰਕਾਰ ਦੀ ਸਹਾਇਤਾ ਲਈ ਬ੍ਰਿਟੇਨ ਦੇ ਕਾਨੂੰਨਦਾਨੀਆਂ ਤੋਂ ਸਮਰਥਨ ਦੀ ਮੰਗ ਕੀਤੀ। ਆਪਣੇ ਸਰਕਾਰੀ ਨਿਵਾਸ ’ਤੇ ਇੰਗਲੈਂਡ ਤੇ ਵੇਲਜ਼ ਦੀ ਬਾਰ ਕੌਂਸਲ ਦੇ ਵਫ਼ਦ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ’ਚ ਇਸ ਮਹਾਨ ਸ਼ਹੀਦ ਦਾ ਕੋਈ ਵੀ ਵੀਡੀਓ ਰਿਕਾਰਡ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਪਤਾ ਚੱਲਿਆ ਹੈ ਕਿ ਸਕਾਟਲੈਂਡ ਯਾਰਡ ਕੋਲ ਸ਼ਹੀਦ ਭਗਤ ਸਿੰਘ ਦੀਆਂ ਦੁਰਲੱਭ ਵੀਡੀਓ, ਖ਼ਾਸ ਤੌਰ ’ਤੇ ਗ੍ਰਿਫ਼ਤਾਰੀ ਤੇ ਸੁਣਵਾਈ ਦੀਆਂ ਵੀਡੀਓਜ਼ ਹੋ ਸਕਦੀਆਂ ਹਨ। ਭਗਵੰਤ ਸਿੰਘ ਮਾਨ ਨੇ ਆਖਿਆ ਕਿ ਇਨ੍ਹਾਂ ਵੀਡੀਓਜ਼ ਦਾ ਸਾਰੇ ਭਾਰਤੀਆਂ ਖ਼ਾਸ ਤੌਰ ’ਤੇ ਪੰਜਾਬੀਆਂ ਲਈ ਬਹੁਤ ਜ਼ਿਆਦਾ ਮਹੱਤਵ ਹੈ, ਜੋ ਭਗਤ ਸਿੰਘ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 'ਆਪ' ਵਿਧਾਇਕ ਨਾਲ ਵਾਪਰਿਆ ਸੜਕ ਹਾਦਸਾ! ਸ਼ਰਾਬ ਦੀ ਲੋਰ 'ਚ ਕਾਰ ਚਾਲਕ ਨੇ ਮਾਰੀ ਟੱਕਰ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਇਹ ਵੀਡੀਓ ਫੁਟੇਜ ਹਾਸਲ ਕਰਨ ਲਈ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਤੋਂ ਪ੍ਰੇਰਨਾ ਲੈ ਸਕਣ। ਉਨ੍ਹਾਂ ਇੰਗਲੈਂਡ ਤੇ ਵੇਲਜ਼ ਦੀ ਬਾਰ ਕੌਂਸਲ ਨੂੰ ਅਪੀਲ ਕੀਤੀ ਕਿ ਸ਼ਹੀਦ ਭਗਤ ਸਿੰਘ ਦੀ ਸ਼ਾਨਾਮੱਤੀ ਵਿਰਾਸਤ ਦੇ ਨੌਜਵਾਨਾਂ ਲਈ ਪ੍ਰੇਰਨਾਸਰੋਤ ਬਣਨ ਵਾਸਤੇ ਉਹ ਸੂਬਾ ਸਰਕਾਰ ਦੇ ਇਸ ਲੋਕ ਭਲਾਈ ਕਾਰਜ ਵਿਚ ਸਹਿਯੋਗ ਦੇਣ। ਮਾਨ ਨੇ ਆਖਿਆ ਕਿ ਇਸ ਕੌਮੀ ਮਹੱਤਵ ਵਾਲੇ ਮਸਲੇ ਦੀ ਪੈਰਵਾਈ ਕਰਨ ’ਚ ਸੂਬਾ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਇਕ ਹੋਰ ਮਸਲੇ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਬਰਤਾਨੀਆ ਦੇ ਨਿਵੇਸ਼ਕਾਂ ਨੂੰ ਪੰਜਾਬ ’ਚ ਨਿਵੇਸ਼ ਲਈ ਉਤਸ਼ਾਹਿਤ ਕਰਨ ਵਾਸਤੇ ਵੀ ਬਾਰ ਕੌਂਸਲ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਸੂਚਨਾ ਤਕਨਾਲੋਜੀ, ਫੂਡ ਪ੍ਰਾਸੈਸਿੰਗ ਤੇ ਆਟੋ ਮੋਬਾਈਲ ਖ਼ੇਤਰ ’ਚ ਬਹੁਤ ਜ਼ਿਆਦਾ ਸੰਭਾਵਨਾਵਾਂ ਹਨ, ਜਿਸ ਤੋਂ ਨਿਵੇਸ਼ਕ ਲਾਭ ਲੈ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਬਰਤਾਨੀਆ ਦੇ ਨਿਵੇਸ਼ਕਾਂ ਨੂੰ ਅਗਲੇ ਸਾਲ ਮਾਰਚ ਵਿਚ ਹੋਣ ਵਾਲੇ ‘ਇਨਵੈਸਟ ਪੰਜਾਬ ਸੰਮੇਲਨ’ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 170,00,00,000 ਰੁਪਏ ਦਾ ਵੱਡਾ ਘਪਲਾ! ਹੋਸ਼ ਉਡਾ ਦੇਣਗੇ ਖ਼ੁਲਾਸੇ
ਇਸ ਦੌਰਾਨ ਇੰਗਲੈਂਡ ਤੇ ਵੇਲਜ਼ ਦੀ ਬਾਰ ਕੌਂਸਲ ਦੀ ਚੇਅਰ ਬਾਰਬਰਾ ਮਿੱਲਜ਼ ਕੇ. ਸੀ., ਬਾਰ ਦੀ ਚੇਅਰ ਦੀ ਸਲਾਹਕਾਰ ਪੀਰਨ ਢਿੱਲੋਂ-ਸਟਾਰਕਿੰਗਜ਼, ਕੰਸਲਟੈਂਟ ਮੇਲੀਸ਼ਾ ਚਾਰਲਜ਼ ਅਤੇ ਬੈਰਿਸਟਰ 4ਪੀ.ਬੀ. ਬਲਜਿੰਦਰ ਬਾਠ ਤੇ ਹੋਰਾਂ ਨੇ ਮੁੱਖ ਮੰਤਰੀ ਨੂੰ ਪੂਰਨ ਸਮਰਥਨ ਤੇ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੀ ਆਰਥਿਕ ਤਰੱਕੀ ਤੇ ਲੋਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਕੀਤੀਆਂ ਅਹਿਮ ਪਹਿਲਕਦਮੀਆਂ ਦੀ ਵੀ ਸ਼ਲਾਘਾ ਕੀਤੀ।