ਸ਼ਹੀਦੀ ਸਮਾਗਮਾਂ ਲਈ ਪੰਜਾਬ ਦੇ ਮੰਤਰੀਆਂ ਵੱਲੋਂ ਕਰਨਾਟਕ ਦੇ ਮੁੱਖ ਮੰਤਰੀ ਨੂੰ ਸੱਦਾ

Thursday, Oct 16, 2025 - 05:09 PM (IST)

ਸ਼ਹੀਦੀ ਸਮਾਗਮਾਂ ਲਈ ਪੰਜਾਬ ਦੇ ਮੰਤਰੀਆਂ ਵੱਲੋਂ ਕਰਨਾਟਕ ਦੇ ਮੁੱਖ ਮੰਤਰੀ ਨੂੰ ਸੱਦਾ

ਚੰਡੀਗੜ੍ਹ/ਬੈਂਗਲੁਰੂ : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਨਾਲ ਬੈਂਗਲੁਰੂ ਵਿਖੇ ਮੁਲਾਕਾਤ ਕਰਕੇ ਅਗਲੇ ਮਹੀਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਰਸਮੀ ਸੱਦਾ ਦਿੱਤਾ। ਮੁੱਖ ਮੰਤਰੀ ਰਿਹਾਇਸ਼ ਵਿਖੇ ਮੁਲਾਕਾਤ ਦੌਰਾਨ ਦੋਵਾਂ ਮੰਤਰੀਆਂ ਨੇ ਮੁੱਖ ਮੰਤਰੀ ਸ੍ਰੀ ਸਿੱਧਾਰਮੱਈਆ ਨੂੰ "ਹਿੰਦ ਦੀ ਚਾਦਰ" ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਦੀ ਲੜੀ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਰਨਾਟਕ ਦੇ ਮੁੱਖ ਮੰਤਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਾਵਨ ਸਮਾਪਤੀ ਸਮਾਗਮਾਂ ਵਿਚ ਹਿੱਸਾ ਲੈਣ ਲਈ ਰਸਮੀ ਸੱਦਾ ਦਿੰਦਿਆਂ ਇਸ ਇਤਿਹਾਸਕ ਦਿਹਾੜੇ ਮੌਕੇ ਕਰਵਾਏ ਜਾ ਰਹੇ ਦੇਸ਼-ਵਿਆਪੀ ਸਮਾਗਮਾਂ ਬਾਰੇ ਵੀ ਵੇਰਵੇ ਸਾਂਝੇ ਕੀਤੇ।

ਇਹ ਵੀ ਪੜ੍ਹੋ : ਪਿੰਡ ਕਕਰਾਲਾ ਭਾਈਕਾ 'ਚ ਪੈ ਗਿਆ ਭੜਥੂ, ਵਾਪਰੀ ਘਟਨਾ ਦੇਖ ਸੁੰਨ ਹੋ ਗਿਆ ਹਰ ਕੋਈ

ਸਮਾਗਮਾਂ ਦੇ ਪ੍ਰਬੰਧਾਂ ਬਾਰੇ ਦੱਸਦਿਆਂ ਕੈਬਨਿਟ ਮੰਤਰੀਆਂ ਨੇ ਦੱਸਿਆ ਕਿ ਯਾਦਗਾਰੀ ਸਮਾਗਮ 25 ਅਕਤੂਬਰ ਨੂੰ ਦਿੱਲੀ ਦੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਅਰਦਾਸ ਨਾਲ ਅਰੰਭ ਹੋਣਗੇ ਅਤੇ ਉਸੇ ਸ਼ਾਮ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਕੀਰਤਨ ਦਰਬਾਰ ਵੀ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ 1 ਤੋਂ 18 ਨਵੰਬਰ ਤੱਕ ਸਾਰੇ 23 ਜ਼ਿਲ੍ਹਿਆਂ ਵਿਚ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਏਗੀ, ਜਦੋਂ ਕਿ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ 130 ਅਸਥਾਨਾਂ ਵਿਖੇ ਕੀਰਤਨ ਦਰਬਾਰ ਅਤੇ ਧਾਰਮਿਕ ਸਮਾਗਮ ਕਰਵਾਏ ਜਾਣਗੇ।

ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬ ਗਿਆ ਪੰਜਾਬ ਦਾ ਇਹ ਇਲਾਕਾ, ਆਪ ਆਗੂ ਨੂੰ ਸ਼ਰੇਆਮ ਮਾਰ 'ਤੀਆਂ ਗੋਲੀਆਂ

ਕੈਬਨਿਟ ਮੰਤਰੀਆਂ ਨੇ ਦੱਸਿਆ ਕਿ ਚਾਰ ਨਗਰ ਕੀਰਤਨ ਵੱਖ-ਵੱਖ ਥਾਵਾਂ ਜਿਵੇਂ ਸ੍ਰੀਨਗਰ (ਜੰਮੂ ਤੇ ਕਸ਼ਮੀਰ) ਅਤੇ ਪੰਜਾਬ ਦੇ ਗੁਰਦਾਸਪੁਰ, ਫ਼ਰੀਦਕੋਟ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਣਗੇ ਅਤੇ ਸਾਰੇ ਨਗਰ ਕੀਰਤਨ 22 ਨਵੰਬਰ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕੱਤਰ ਹੋਣਗੇ। ਮੁੱਖ ਸ਼ਹੀਦੀ ਸਮਾਗਮ 23 ਤੋਂ 25 ਨਵੰਬਰ ਤੱਕ ਹੋਣਗੇ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਇੱਕ ਟੈਂਟ ਸਿਟੀ (ਚੱਕ ਨਾਨਕੀ) ਦਾ ਬੰਦੋਬਸਤ ਕੀਤਾ ਜਾਵੇਗਾ, ਜਿੱਥੇ ਪ੍ਰਤੀ ਦਿਨ 11,000 ਤੋਂ ਵੱਧ ਲੋਕਾਂ ਦੇ ਰਹਿਣ ਦੀ ਸਹੂਲਤ ਹੋਵੇਗੀ। ਸਮਾਗਮਾਂ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ, ਸਰਬ ਧਰਮ ਸੰਮੇਲਨ, ਭਾਈ ਜੈਤਾ ਜੀ ਯਾਦਗਾਰ ਵਿਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ 'ਤੇ ਆਧਾਰਤ ਡਰੋਨ ਸ਼ੋਅ ਅਤੇ ਪ੍ਰਸਿੱਧ ਰਾਗੀਆਂ ਦੇ ਕੀਰਤਨ ਦਰਬਾਰ ਸ਼ਾਮਲ ਹਨ। ਕੈਬਨਿਟ ਮੰਤਰੀਆਂ ਨੇ ਕਰਨਾਟਕ ਦੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਅਧਿਆਤਮਿਕ ਪ੍ਰੋਗਰਾਮਾਂ ਦੇ ਨਾਲ-ਨਾਲ ਕਈ ਸਮਾਜ ਭਲਾਈ ਦੀਆਂ ਪਹਿਲਕਦਮੀਆਂ ਜਿਵੇਂ ਖ਼ੂਨਦਾਨ ਕੈਂਪ, ਅੰਗਦਾਨ ਮੁਹਿੰਮ ਅਤੇ 3.50 ਲੱਖ ਪੌਦੇ ਲਗਾਉਣ ਸਬੰਧੀ ਮੈਗਾ ਮੁਹਿੰਮ ਵੀ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ : ਪੁਲਸ ਛਾਉਣੀ 'ਚ ਤਬਦੀਲ ਹੋਇਆ ਸੁਲਤਾਨਪੁਰ ਲੋਧੀ, ਲੱਗ ਗਈ ਫੋਰਸ, ਜਵਾਨਾਂ ਨੇ ਸਾਂਭੇ ਮੋਰਚੇ

ਮੁੱਖ ਮੰਤਰੀ ਸ੍ਰੀ ਸਿੱਧਾਰਮੱਈਆ ਨੇ ਕਿਹਾ ਕਿ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀਆਂ ਸਿੱਖਿਆਵਾਂ ਦੇਸ਼ ਦੀਆਂ ਪੀੜ੍ਹੀਆਂ ਨੂੰ ਬਰਾਬਰੀ, ਸਹਿਣਸ਼ੀਲਤਾ ਅਤੇ ਸਵੈ-ਬਲੀਦਾਨ ਦੇ ਸੰਦੇਸ਼ ਦੇ ਕੇ ਨਿਰੰਤਰ ਪ੍ਰੇਰਿਤ ਕਰਦੀਆਂ ਰਹਿਣਗੀਆਂ। ਉਨ੍ਹਾਂ ਇੰਨੇ ਵੱਡੇ ਪੱਧਰ 'ਤੇ ਯਾਦਗਾਰੀ ਸਮਾਗਮ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਸਮਾਗਮਾਂ ਦੀ ਸਫ਼ਲਤਾ ਲਈ ਪੂਰਨ ਸਹਿਯੋਗ ਅਤੇ ਸਮਰਥਨ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਘੇਰ ਲਿਆ ਪੂਰਾ ਸ਼ਹਿਰ, 150 ਤੋਂ ਵੱਧ ਜਵਾਨਾਂ ਨੇ ਸਾਂਭਿਆ ਮੋਰਚਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News