''ਬੁੱਢਾ ਨਾਲਾ'' ਬਣਿਆ ਕਾਲੇ ਪਾਣੀ ਦੀ ਸਜ਼ਾ, ਲੋਕ ਖੋਹ ਰਹੇ ਜਵਾਨੀ

Wednesday, Jun 05, 2019 - 01:23 PM (IST)

''ਬੁੱਢਾ ਨਾਲਾ'' ਬਣਿਆ ਕਾਲੇ ਪਾਣੀ ਦੀ ਸਜ਼ਾ, ਲੋਕ ਖੋਹ ਰਹੇ ਜਵਾਨੀ

ਲੁਧਿਆਣਾ (ਨਰਿੰਦਰ) : ਲੁਧਿਆਣਾ ਦਾ ਬੁੱਢਾ ਨਾਲਾ ਲੋਕਾਂ ਲਈ ਕਾਲੇ ਪਾਣੀਆਂ ਦੀ ਸਜ਼ਾ ਬਣ ਗਿਆ ਹੈ ਅਤੇ ਇਸ ਨਾਲੇ ਕਾਰਨ ਹੁਣ ਤੱਕ ਸੈਂਕੜੇ ਜਾਨਾਂ ਨੂੰ ਹੱਥ ਧੋਣਾ ਪਿਆ ਹੈ। ਬੁੱਢੇ ਨਾਲੇ ਨੇੜਲੇ ਵਸਣ ਵਾਲੇ ਪਿੰਡਾਂ ਦੇ ਕਈ ਪਰਿਵਾਰ ਉੱਜੜ ਚੁੱਕੇ ਹਨ ਅਤੇ ਲੋਕ ਪਿੰਡਾਂ ਨੂੰ ਛੱਡ ਕੇ ਬਾਹਰ ਜਾਣ ਲਈ ਮਜ਼ਬੂਰ ਹੋ ਗਏ ਹਨ।

ਬੁੱਢੇ ਨਾਲੇ ਦੀ ਗੰਦਗੀ ਤੋਂ ਲੋਕ ਤੰਗ ਆ ਚੁੱਕੇ ਹਨ। ਗੰਦੇ ਪਾਣੀ ਕਾਰਨ ਲੋਕ ਇੱਥੇ ਕਾਲੇ ਪੀਲੀਏ ਦਾ ਸ਼ਿਕਾਰ ਹੋ ਰਹੇ ਹਨ। ਕਾਲੇ ਪੀਲੀਏ ਕਾਰਨ ਪਿੰਡ 'ਚ ਹੁਣ ਤੱਕ 25 ਮੌਤਾਂ ਹੋ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਵੀ ਸਰਕਾਰ ਅਤੇ ਪ੍ਰਸ਼ਾਸਨ ਲੋਕਾਂ ਦੀ ਕੋਈ ਖਬਰ ਨਹੀਂ ਲੈ ਰਿਹਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੰਦਾ ਨਾਲਾ ਉਨ੍ਹਾਂ ਲਈ ਕਾਲੇ ਪਾਣੀ ਦੀ ਸਜ਼ਾ ਬਣ ਗਿਆ ਹੈ, ਜਿਸ ਕਾਰਨ ਉਨ੍ਹਾਂ ਦੇ ਪਿੰਡ ਕੋਈ ਰਿਸ਼ਤੇਦਾਰ ਨਹੀਂ ਆਉਂਦਾ।

ਲੋਕਾਂ ਦਾ ਕਹਿਣਾ ਹੈ ਕਿ ਪਿੰਡਾਂ ਦੇ ਜਵਾਨ ਬੱਚਿਆਂ ਦੇ ਰਿਸ਼ਤੇ ਵੀ ਨਹੀਂ ਹੋ ਰਹੇ ਹਨ ਕਿਉਂਕਿ ਕੋਈ ਵੀ ਆਪਣੀ ਕੁੜੀ ਜਾਂ ਮੁੰਡੇ ਅਜਿਹੇ ਗੰਦੇ ਇਲਾਕੇ 'ਚ ਨਹੀਂ ਦੇਣਾ ਚਾਹੁੰਦਾ। ਲੋਕਾਂ ਦਾ ਕਹਿਣਾ ਹੈ ਕਿ ਬੀਮਾਰੀਆਂ ਦੇ ਡਰੋਂ ਉਹ ਆਪਣਾ ਘਰ ਛੱਡਣ ਲਈ ਮਜ਼ਬੂਰ ਹੋ ਚੁੱਕੇ ਹਨ। 
 


author

Babita

Content Editor

Related News