ਬਲਾਕ ਸਡ਼ੋਆ ਬਣਿਆ ਗੰਦਗੀ ਦਾ ਘਰ, ਟੁੱਟੀਆਂ ਸਡ਼ਕਾਂ ਕਾਰਨ ਲੋਕ ਪ੍ਰੇਸ਼ਾਨ

07/18/2018 12:24:58 AM

ਪੋਜੇਵਾਲ/ਸਡ਼ੋਆ, (ਕਟਾਰੀਆ/ਕਿਰਨ)- ਕਸਬਾ ਸਡ਼ੋਆ ਨੂੰ ਭਾਵੇਂ ਬਹੁਤ ਸਾਲਾਂ ਤੋਂ ਇਕ ਮਸ਼ਹੂਰ ਕਸਬੇ ਅਤੇ ਬਲਾਕ ਹੋਣ ਦਾ ਮਾਣ ਪ੍ਰਾਪਤ ਹੈ ਪਰ ਇਸ ਬਲਾਕ ਦੇ ਚਾਰੇ ਪਾਸੇ ਗੰਦਗੀ ਦੇ ਢੇਰ, ਟੁੱਟੀਆਂ ਸਡ਼ਕਾਂ, ਗੰਦੇ ਛੱਪਡ਼ ਹਨ। ਬਰਸਾਤ ਸਮੇਂ ਤਾਂ  ਸਡ਼ਕਾਂ ਤਲਾਬ ਦਾ ਰੂਪ ਧਾਰ ਲੈਂਦੀਆਂ ਹਨ। 
ਲੋਕਾਂ ਨੇ ਦੱਸਿਆ ਕਿ ਕੰਮਕਾਜ ਅਤੇ ਹੋਰ ਸਾਮਾਨ ਲੈਣ ਜਾਣ ਲਈ ਬਹੁਤ ਪ੍ਰੇਸ਼ਾਨੀ ਹੁੰਦੀ ਹੈ ਕਿਉਂਕਿ ਸਡ਼ਕਾਂ ’ਤੇ ਪਾਣੀ ਭਰਿਆ ਰਹਿੰਦਾ ਹੈ, ਜਿਸ ਵਿਚ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਸਿਵਲ ਹਸਪਤਾਲ ’ਚ ਜਾਣ ਲਈ ਵੀ ਹਸਪਤਾਲ ਦੇ ਗੇਟ ਅੱਗੇ ਖਡ਼੍ਹੇ ਪਾਣੀ ਵਿਚੋਂ ਲੰਘ ਕੇ ਜਾਣਾ ਪੈਂਦਾ ਹੈ ਪਰ ਕਿਸੇ ਵੀ ਲੀਡਰ, ਬੀ.ਡੀ.ਓ.ਪੀ. ਜਾਂ ਐੱਸ.ਐੱਮ.ਓ. ਨੇ ਇਹ ਨਹੀਂ ਸੋਚਿਆ ਕਿ ਮਰੀਜ਼ਾਂ ਦੀ ਸਹੂਲਤ ਲਈ ਇਕ ਟਰਾਲੀ ਮਿੱਟੀ ਜਾਂ ਬਜਰੀ ਦੀ ਪਵਾ ਕੇ ਮਰੀਜ਼ਾਂ ਦੇ ਲੰਘਣ ਲਈ ਰਾਹ ਅਾਸਾਨ ਬਣਾਇਆ ਜਾਵੇ।
PunjabKesari
ਇਸੇ ਤਰ੍ਹਾਂ ਹੀ ਬੀ.ਡੀ.ਪੀ.ਓ. ਦਫ਼ਤਰ ਨੂੰ ਜਾਣ ਵਾਲੀ ਸਡ਼ਕ ਵੀ ਖਸਤਾਹਾਲ  ਹੈ। ਇਸ ਬਲਾਕ ਤੋਂ 2 ਕਿਲੋਮੀਟਰ ਦੂਰ ਸਾਬਕਾ ਵਿਧਾਇਕ ਤੇ ਸੰਸਦੀ ਸਕੱਤਰ ਦੀ ਰਿਹਾਇਸ਼ ਹੈ, ਜਿਨ੍ਹਾਂ ਨੇ ਪਿਛਲੇ 20 ਸਾਲਾਂ ’ਚ ਇਸ ਬਲਾਕ ਦੇ ਸੁਧਾਰ ’ਚ ਦਿਲਚਸਪੀ ਨਹੀਂ ਦਿਖਾਈ ਅਤੇ ਇਸ ਬਲਾਕ ਨੂੰ ਸਬ-ਤਹਿਸੀਲ ਬਣਾਉਣ ਦੇ ਸੁਪਨੇ, ਸੁਪਨੇ ਹੀ ਰਹਿ ਗਏ। ਹੁਣ ਲੋਕਾਂ ਨੇ ਮੌਜੂਦਾ ਕਾਂਗਰਸ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਲਾਕ ਸਡ਼ੋਆ ਦਾ ਕਾਇਆ ਕਲਪ ਕਰ ਕੇ ਇਸ ਦਾ ਸੁਧਾਰ ਕੀਤਾ ਜਾਵੇ। 
 ਕੀ ਕਹਿੰਦੇ ਹਨ ਹਲਕਾ ਵਿਧਾਇਕ : ਜਦੋਂ ਇਸ ਸਬੰਧੀ ਮੌਜੂਦਾ ਹਲਕਾ ਵਿਧਾਇਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਹਲਕੇ ਦੇ ਪਿੰਡਾਂ, ਕਸਬਿਆਂ ’ਚ ਸਡ਼ਕਾਂ ’ਤੇ ਕਰੋਡ਼ਾਂ ਰੁਪਏ ਖਰਚ ਕਰ ਕੇ ਸੁਧਾਰ ਕਰ ਰਹੇ ਹਾਂ। 
ਕੀ ਕਹਿੰਦੇ ਹਨ ਬੀ.ਡੀ.ਪੀ.ਓ. ਸਡ਼ੋਆ : ਇਸ ਸਬੰਧੀ ਬੀ.ਡੀ.ਪੀ.ਓ. ਸਡ਼ੋਆ ਅਮਨਦੀਪ ਸਿੰਘ ਨੇ ਕਿਹਾ ਕਿ ਮੈਂ ਚਾਰਜ ਕੱਲ ਹੀ ਸੰਭਾਲਿਅਾ  ਹੈ। ਗੰਦਗੀ, ਖੜ੍ਹੇ ਪਾਣੀ ਦਾ ਜਲਦੀ ਹੀ ਹੱਲ ਕਰ ਕੇ ਸਫਾਈ ਕਰਾਈ ਜਾਵੇਗੀ।


Related News