ਵਿਦੇਸ਼ ''ਚ ਚਮਕਾਇਆ ਨਾਂ, ਕਪੂਰਥਲਾ ਦੇ ਅਸ਼ੋਕ ਨੇ ਬਣਾਈ ਬ੍ਰਿਟਿਸ਼ ਮਹਿਲਾ ਕੌਮਾਂਤਰੀ ਕਬੱਡੀ ਟੀਮ

08/20/2018 3:36:36 PM

ਕਪੂਰਥਲਾ/ਇੰਗਲੈਂਡ— ਕਹਿੰਦੇ ਨੇ ਜੇਕਰ ਕੁਝ ਕਰਨ ਦੀ ਇੱਛਾ ਹੋਵੇ ਤਾਂ ਤੁਹਾਨੂੰ ਜ਼ਿੰਦਗੀ 'ਚ ਸਫਲ ਹੋਣ ਲਈ ਕੋਈ ਵੀ ਨਹੀਂ ਰੋਕ ਸਕਦਾ। ਅਜਿਹਾ ਹੀ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ ਕਪੂਰਥਲਾ ਦੇ ਅਸ਼ੋਕ ਦਾਸ ਨੇ। 1980 'ਚ ਕਪੂਰਥਲਾ ਤੋਂ ਇੰਗਲੈਂਡ ਗਏ ਅਸ਼ੋਕ ਨੇ ਇੰਗਲੈਂਡ 'ਚ ਪੰਜਾਬੀ ਮਾਂ ਖੇਡ ਕਬੱਡੀ ਲਈ ਲੋਕਾਂ 'ਚ ਉਤਸ਼ਾਹ ਪੈਦਾ ਕੀਤਾ ਅਤੇ ਉਨ੍ਹਾਂ ਦੀ ਮਿਹਨਤ ਰੰਗ ਲਿਆਈ। ਅੱਜ ਆਪਣੇ ਦਮ 'ਤੇ ਉਨ੍ਹਾਂ ਨੇ ਇੰਗਲੈਂਡ 'ਚ ਲੜਕੀਆਂ ਦੀ ਕਬੱਡੀ ਟੀਮ ਤਿਆਰ ਕੀਤੀ ਹੈ। ਇਹ ਸਾਰੀਆਂ ਲੜਕੀਆਂ ਉਥੋਂ ਦੀਆਂ ਮੂਲ ਵਾਸੀਆਂ ਹਨ। ਇਸ 'ਚ ਜ਼ਿਆਦਾਤਰ ਖਿਡਾਰਣਾਂ ਇੰਗਲੈਂਡ ਆਰਮੀ 'ਚ ਵੱਡੇ ਪੱਧਰ 'ਤੇ ਅਫਸਰ ਰੈਂਕ ਦੀਆਂ ਹਨ। ਵਿਦੇਸ਼ 'ਚ ਸਭ ਤੋਂ ਪਹਿਲਾ ਮਹਿਲਾ ਕਬੱਡੀ ਟੀਮ ਬਣਾਉਣ ਦਾ ਸਿਹਰਾ ਵੀ ਅਸ਼ੋਕ ਨੂੰ ਹੀ ਜਾਂਦਾ ਹੈ। ਉਨ੍ਹਾਂ ਦੀ ਮਿਹਨਤ ਦੇ ਸਦਕਾ ਹੀ ਇੰਗਲੈਂਡ ਮਹਿਲਾ ਕਬੱਡੀ ਟੀਮ ਦੂਜੇ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਤੱਕ ਪਹੁੰਚੀ। ਫਾਈਨਲ 'ਚ ਟੀਮ ਨੂੰਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। 

ਕਬੱਡੀ ਦੇ ਪ੍ਰਤੀ ਇੰਝ ਜਾਗਿਆ ਉਤਸ਼ਾਹ 
ਅਸ਼ੋਕ ਦੱਸਦੇ ਹਨ ਕਿ ਜਦੋਂ ਉਹ ਇੰਗਲੈਂਡ ਗਏ ਸਨ ਤਾਂ ਉਥੇ ਕਬੱਡੀ ਦਾ ਕੋਈ ਟੂਰਨਾਮੈਂਟ ਨਹੀਂ ਹੁੰਦਾ ਸੀ। ਸਾਲ 1993 'ਚ ਜਦੋਂ ਕਬੱਡੀ ਦੇ ਟੂਰਨਾਮੈਂਟ ਦਾ ਦੌਰ ਸ਼ੁਰੂ ਹੋਇਆ ਤਾਂ ਸਿਰਫ ਪੰਜਾਬੀ ਲੜਕਿਆਂ 'ਚ ਹੀ ਕਬੱਡੀ ਮੈਚ ਹੁੰਦੇ ਸਨ ਅਤੇ ਪੰਜਾਬੀ ਹੀ ਦੇਖਦੇ ਸਨ। ਉਹ ਭਾਰਤ ਆਏ ਅਤੇ ਖੁਦ ਆਪਣੇ ਖਰਚ 'ਤੇ ਅੰਗਰੇਜ਼ੀ 'ਚ ਕਬੱਡੀ 'ਤੇ ਡਾਕਿਓਮੈਂਟਰੀ ਵੀਡੀਓ ਤਿਆਰ ਕਰਵਾਈ। ਜਦੋਂ ਇਹ ਡਾਕਿਓਮੈਂਟਰੀ ਗੋਰਿਆਂ ਅਤੇ ਗੋਰੀਆਂ ਨੇ ਦੇਖੀ ਤਾਂ ਉਨ੍ਹਾਂ 'ਚ ਕਬੱਡੀ ਦੇ ਪ੍ਰਤੀ ਉਤਸ਼ਾਹ ਪੈਦਾ ਹੋਇਆ। ਇੰਗਲੈਂਡ ਦੀਆਂ ਲੜਕੀਆਂ ਦੀ ਕਬੱਡੀ ਦੀ ਵੀਡੀਓ ਨੂੰ ਯੂ-ਟਿਊਬ 'ਤੇ ਦੇਖ ਇੰਗਲੈਂਡ ਦੇ ਗੁਆਂਢੀ ਦੇਸ਼ ਡੈਨਮਾਰਕ, ਪਾਲੈਂਡ, ਇਟਲੀ ਆਦਿ ਦੇ ਨੌਜਵਾਨਾਂ 'ਚ ਵੀ ਉਤਸ਼ਾਹ ਪੈਦਾ ਹੋਇਆ ਅਤੇ ਫੇਸਬੁੱਕ ਜ਼ਰੀਏ ਲੋਕ ਉਨ੍ਹਾਂ ਦੇ ਸੰਪਰਕ 'ਚ ਆਏ। ਇੰਗਲੈਂਡ ਦੇ ਬਾਅਦ ਇਟਲੀ ਅਤੇ ਪਾਲੈਂਡ 'ਚ ਲੜਕੀਆਂ ਨੂੰ ਸਿਖਲਾਈ ਦੇਣ ਜਾਣ ਲੱਗੇ ਅਤੇ ਡੈਨਮਾਰਕ 'ਚ ਕੌਮਾਂਤਰੀ ਮਹਿਲਾ ਟੀਮ ਤਿਆਰ ਕਰਵਾਈ ਜੋ ਵਿਸ਼ਵ ਕੱਪ ਦੇ ਸੈਮੀਫਾਈਨਲ ਤੱਕ ਖੇਡੀ। 

ਅਸ਼ੋਕ ਨੇ ਦੱਸਿਆ ਕਿ ਉਹ ਰੋਜ਼ਾਨਾ ਲੜਕੀਆਂ ਕਬੱਡੀ ਦੀ ਸਿਖਲਾਈ ਦੇਣ ਲਈ 200 ਕਿਲੋਮੀਟਰ ਦਾ ਸਫਰ ਤੈਅ ਕਰਦੇ ਸਨ। ਅਸ਼ੋਕ ਕਪੂਰਥਲਾ ਦੇ ਕਾਲਜ 'ਚ ਪੜ੍ਹਦੇ ਸਮੇਂ ਯੂਨੀਵਰਸਿਟੀ ਪੱਧਰ 'ਤੇ ਕਬੱਡੀ ਦੇ ਖਿਡਾਰੀ ਰਹੇ ਹਨ। ਸਾਲ 1981 'ਚ ਕਾਲਜ ਦੀ ਟੀਮ ਵੱਲੋਂ ਖੇਡਦੇ ਹੋਏ ਉਨ੍ਹਾਂ ਨੇ ਦੇਸ਼ਭਰ 'ਚ ਦੂਜਾ ਸਥਾਨ ਹਾਸ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਕਬੱਡੀ ਖੇਡ ਦੇ ਕੋਚ ਸਰਵਣ ਸਿੰਘ ਤੋਂ ਲਏ ਹੋਏ ਗੁਰ ਅੱਜ ਉਨ੍ਹਾਂ ਲਈ ਸਹਾਇਕ ਸਿੱਧ ਹੋ ਰਹੇ ਹਨ। ਅਸ਼ੋਕ ਇਸ ਸਮੇਂ ਇੰਗਲੈਂਡ ਕਬੱਡੀ ਫੈੱਡਰੇਸ਼ਨ ਦੇ ਪ੍ਰਧਾਨ ਹਨ। ਅਸ਼ੋਕ ਨੂੰ ਬੀਤੇ ਮਹੀਨੇ ਵਰਲਡ ਕਬੱਡੀ ਕੌਂਸਲ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਸਵਿਟਜ਼ਰਲੈਂਡ 'ਚ ਸਥਿਤ ਕੌਮਾਂਤਰੀ ਓਲਪਿੰਕ ਕੌਂਸਲ ਦੀ ਸੰਸਥਾ ਗਲੋਬਲ ਐਸੋਸੀਏਸ਼ਨ ਆਫ ਸਪੋਰਟਸ ਫੈੱਡਰੇਸ਼ਨ ਦੇ ਕੋਲ ਕਬੱਡੀ ਲਈ ਅਰਜ਼ੀ ਦੇਣਗੇ। ਇਸ ਤੋਂਬਾਅਦ ਕਬੱਡੀ ਖੇਡ ਓਲੰਪਿਕ ਕੌਂਸਲ ਦੇ ਕੋਲ ਦਰਜ ਹੋ ਜਾਵੇਗੀ।


Related News