ਭਾਰਤੀ ਜੂਨੀਅਰ ਕੋਚ ਨੇ ਕੌਮਾਂਤਰੀ ਮੁੱਕੇਬਾਜ਼ਾਂ ਨਾਲ ਅਭਿਆਸ ਕੈਂਪ ਦੀ ਮੰਗ ਕੀਤੀ
Wednesday, Apr 03, 2024 - 02:24 PM (IST)
ਰੋਹਤਕ, (ਭਾਸ਼ਾ)– ਰਾਸ਼ਟਰੀ ਜੂਨੀਅਰ ਮਹਿਲਾ ਮੁੱਕੇਬਾਜ਼ੀ ਕੋਚ ਗੀਤਾ ਚਾਨੂ ਦਾ ਮੰਨਣਾ ਹੈ ਕਿ ਭਾਰਤ ਵਿਚ ਖੇਡ ਦੇ ਵਿਕਾਸ ਲਈ ਕੌਮਾਂਤਰੀ ਮੁੱਕੇਬਾਜ਼ਾਂ ਦੇ ਨਾਲ ਇਕ ਮਹੀਨੇ ਦਾ ਅਭਿਆਸ ਕੈਂਪ ਲਾਇਆ ਜਾਣਾ ਚਾਹੀਦਾ ਹੈ। ਚਾਨੂ ਨੇ ਕਿਹਾ ਕਿ ਉਜ਼ਬੇਕਿਸਤਾਨ ਤੇ ਕਜ਼ਾਕਿਸਤਾਨ ਵਰਗੇ ਦੇਸ਼ ਇਸ ਖੇਡ ਵਿਚ ਮਹਾਸ਼ਕਤੀ ਇਸ ਲਈ ਬਣ ਸਕੇ ਹਨ ਕਿਉਂਕਿ ਉਨ੍ਹਾਂ ਦੇ ਸਬੰਧਤ ਬੋਰਡਾਂ ਵਿਚਾਲੇ ਆਪਸੀ ਤਾਲਮੇਲ ਹੈ।
ਚਾਨੂ ਨੇ ਕਿਹਾ, ‘‘ਉਜ਼ਬੇਕਿਸਤਾਨ ਤੇ ਕਜ਼ਾਕਿਸਤਾਨ ਦੇ ਮੁੱਕੇਬਾਜ਼ਾਂ ਕੋਲ ਦਮਖਮ ਦੇ ਨਾਲ ਆਤਮਵਿਸ਼ਵਾਸ ਵੀ ਹੈ। ਉਜ਼ਬੇਕਿਸਤਾਨ, ਕਜ਼ਾਕਿਸਤਾਨ, ਤੁਰਕਮੇਨਿਸਤਾਨ ਵਰਗੇ ਦੇਸ਼ਾਂ ’ਚ ਵੱਖ-ਵੱਖ ਉਮਰ ਵਰਗਾਂ ਦੇ ਨਾਲ ਜੂਨੀਅਰ ਦੇ ਅਭਿਆਸ ਤੇ ਮੁਕਾਬਲੇਬਾਜ਼ੀ ਕੈਂਪ ਲੱਗਦੇ ਹਨ। ਇਸ ਨਾਲ ਘੱਟ ਉਮਰ ਵਿਚ ਹੀ ਉਨ੍ਹਾਂ ਨੂੰ ਕੌਮਾਂਤਰੀ ਪੱਧਰ ’ਤੇ ਖੇਡਣ ਵਰਗਾ ਤਜਰਬਾ ਮਿਲ ਜਾਂਦਾ ਹੈ।’’ ਉਸ ਨੇ ਕਿਹਾ,‘‘ਸਾਡੇ ਖਿਡਾਰੀ ਬਹੁਰਾਸ਼ਟਰੀ ਟੂਰਨਾਮੈਂਟਾਂ ਵਿਚ ਹੀ ਕੌਮਾਂਤਰੀ ਮੁੱਕੇਬਾਜ਼ਾਂ ਦਾ ਸਾਹਮਣਾ ਕਰਦੇ ਹਨ।’’ ਭਾਰਤੀ ਮੁੱਕੇਬਾਜ਼ੀ ਸੰਘ ਨੇ ਇਥੇ ਜੂਨੀਅਰ ਲੜਕੇ ਤੇ ਲੜਕੀਆਂ ਲਈ ਭਾਰਤੀ ਖੇਡ ਅਥਾਰਟੀ ਦੀ ਜੂਨੀਅਰ ਮੁੱਕੇਬਾਜ਼ੀ ਅਕੈਡਮੀ ਵਿਚ ਕੈਂਪ ਦਾ ਆਯੋਜਨ ਕੀਤਾ ਸੀ।