ਅਧਿਆਪਕਾਂ ਨੇ ਬ੍ਰਿਜ ਕੋਰਸ ਦੇ ਪੱਤਰ ਦੀਆਂ ਕਾਪੀਆਂ ਸਾੜੀਆਂ

Thursday, Jan 04, 2018 - 02:47 PM (IST)

ਅਧਿਆਪਕਾਂ ਨੇ ਬ੍ਰਿਜ ਕੋਰਸ ਦੇ ਪੱਤਰ ਦੀਆਂ ਕਾਪੀਆਂ ਸਾੜੀਆਂ


ਸ੍ਰੀ ਮੁਕਤਸਰ ਸਾਹਿਬ/ ਗਿੱਦੜਬਾਹਾ (ਪਵਨ, ਕੁਲਭੂਸ਼ਨ) - ਐਲੀਮੈਂਟਰੀ ਟੀਚਰਜ਼ ਯੂਨੀਅਨ, ਈ. ਟੀ. ਟੀ. ਟੀਚਰਜ਼ ਯੂਨੀਅਨ, ਡੈਮੋਕਰੇਟਿਕ ਟੀਚਰਜ਼ ਫਰੰਟ, ਸਿੱਖਿਆ ਪ੍ਰੋਵਾਈਡਰ ਯੂਨੀਅਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਸਾਂਝੀ ਮੀਟਿੰਗ ਹੋਈ। 
ਮੀਟਿੰਗ ਦੌਰਾਨ ਸਿੱਖਿਆ ਵਿਭਾਗ ਅਤੇ ਐੱਸ. ਸੀ. ਈ. ਆਰ. ਟੀ. ਦੇ ਡਿਪਟੀ ਡਾਇਰੈਕਟਰ ਪੰਜਾਬ ਵੱਲੋਂ ਜਾਰੀ ਕੀਤੇ ਬ੍ਰਿਜ ਕੋਰਸ ਨਾਲ ਸਬੰਧਿਤ ਪੱਤਰ ਦਾ ਵਿਰੋਧ ਕੀਤਾ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਦੇ ਰੋਸ ਵਜੋਂ ਅਧਿਆਪਕਾਂ ਨੇ ਵਿਭਾਗ ਵੱਲੋਂ ਜਾਰੀ ਹੋਏ ਉਕਤ ਕੋਰਸ ਦੇ ਪੱਤਰ ਦੀਆਂ ਕਾਪੀਆਂ ਸਾੜੀਆਂ। ਜ਼ਿਲਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਨੂੰ ਮੰਗਾਂ ਸਬੰਧੀ ਇਕ ਮੰਗ-ਪੱਤਰ ਦਿੱਤਾ। 
ਇਸ ਮੌਕੇ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਪ੍ਰਧਾਨ ਹੈਰੀ ਬਠਲਾ, ਮੀਤ ਪ੍ਰਧਾਨ ਅਸ਼ੋਕ ਸ਼ਰਮਾ, ਸ੍ਰੀ ਮੁਕਤਸਰ ਸਾਹਿਬ-1 ਦੇ ਪ੍ਰਧਾਨ ਮਨਜਿੰਦਰ ਸਿੰਘ, ਸੁਨੀਲ ਕੁਮਾਰ, ਇੰਦਰਜੀਤ ਸਿੰਘ, ਜਗਮੋਹਨ ਸਿੰਘ, ਮੰਗਾ ਸਿੰਘ ਆਦਿ ਹਾਜ਼ਰ ਸਨ। ਉਧਰ, ਗਿੱਦੜਬਾਹਾ ਵਿਖੇ ਅਧਿਆਪਕਾਂ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਦਫ਼ਤਰ 'ਚ ਉਕਤ ਕੋਰਸ ਦੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਮੰਗਾਂ ਸਬੰਧੀ ਇਕ ਮੰਗ-ਪੱਤਰ ਬੀ. ਪੀ. ਈ. ਓ. ਰੌਸ਼ਨ ਲਾਲ ਨੂੰ ਦਿੱਤਾ ਗਿਆ। ਅਧਿਆਪਕਾਂ ਦਾ ਕਹਿਣਾ ਹੈ ਕਿ ਪ੍ਰਾਇਮਰੀ/ਐਲੀਮੈਂਟਰੀ ਅਧਿਆਪਕ ਪ੍ਰਾਇਮਰੀ ਸਕੂਲਾਂ 'ਚ ਪੜ੍ਹਾਉਣ ਲਈ ਪੂਰੀ ਤਰ੍ਹਾਂ ਯੋਗ ਹਨ ਅਤੇ ਕਈ ਸਾਲਾਂ ਤੋਂ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਾ ਰਹੇ ਹਨ ਅਤੇ ਇਹ ਅਧਿਆਪਕ ਭਰਤੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਤੇ ਇਹ ਸਾਰੇ ਅਧਿਆਪਕ ਆਰ. ਟੀ. ਈ. ਐਕਟ ਦੇ ਆਉਣ ਤੋਂ ਪਹਿਲਾਂ ਦੇ ਭਰਤੀ ਹੋਏ ਹਨ, ਇਸ ਲਈ ਬ੍ਰਿਜ ਕੋਰਸ ਸਬੰਧੀ ਜਾਰੀ ਪੱਤਰ ਵਾਪਸ 
ਲਿਆ ਜਾਵੇ। ਇਸ ਸਮੇਂ ਗੁਰਪ੍ਰੀਤ ਸਿੰਘ ਬਰਾੜ, ਸੁਰੇਸ਼ ਕੁਮਾਰ, ਇਕਬਾਲ ਸਿੰਘ, ਅਨਿਲ ਵਿੱਜ, ਤਜਿੰਦਰ ਸਿੰਘ, ਅਰੁਣ ਮੱਕੜ ਆਦਿ ਮੌਜੂਦ ਸਨ। 
 


Related News