ਵਿਆਹ ਤੋਂ ਇਕ ਦਿਨ ਪਹਿਲਾਂ ਧਰਨੇ ਤੋਂ ਪਰਤਿਆ ਲਾੜਾ, ਕਿਸਾਨੀ ਝੰਡੇ ਲਹਿਰਾਉਂਦੀ ਰਵਾਨਾ ਹੋਈ ਬਰਾਤ
Monday, Dec 14, 2020 - 12:22 PM (IST)
ਅੰਮ੍ਰਿਤਸਰ (ਸਰਬਜੀਤ, ਜਸ਼ਨ) : ਕਿਸਾਨੀ ਸੰਘਰਸ਼ ਅੱਜ-ਕੱਲ੍ਹ ਦੇਸ਼ ਦੇ ਨਾਲ-ਨਾਲ ਵਿਦੇਸ਼ 'ਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੂਰੇ ਪੰਜਾਬ 'ਚ ਕੇਂਦਰ ਸਰਕਾਰ ਖ਼ਿਲਾਫ਼ ਗੁੱਸਾ ਆਮ ਹੀ ਵੇਖਿਆ ਜਾ ਸਕਦਾ ਹੈ।
ਇਸ ਦੀ ਮੁੱਖ ਉਦਾਹਰਣ ਉਸ ਵੇਲੇ ਦੇਖਣ ਨੂੰ ਮਿਲੀ, ਜਦੋਂ ਬਰਾਤ ਅਤੇ ਲਾੜੇ ਨੇ ਵਹੁਟੀ ਨੂੰ ਲਿਆਉਣ ਤੋਂ ਪਹਿਲਾਂ ਕਿਸਾਨੀ ਸੰਘਰਸ਼ ਦਾ ਸਮਰਥਨ ਕਰਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦਰਅਸਲ ਇਹ ਬਰਾਤ ਅੰਮ੍ਰਿਤਸਰ ਅਧੀਨ ਆਉਂਦੇ ਪਿੰਡ ਗੋਹਲਵਾੜ ਤੋਂ ਪੱਟੀ ਸ਼ਹਿਰ ਵੱਲ ਜਾ ਰਹੀ ਸੀ।
ਪੂਰੀ ਬਰਾਤ ਅਤੇ ਲਾੜੇ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਲਿਖੇ ਨਾਅਰਿਆਂ ਵਾਲੀਆਂ ਤਖਤੀਆਂ ਫੜ੍ਹੀਆਂ ਹੋਈਆਂ ਸਨ। ਇਕ ਬਰਾਤੀ ਨੇ ਦੱਸਿਆ ਕਿ ਲਾੜਾ ਇਕ ਦਿਨ ਪਹਿਲਾਂ ਹੀ ਦਿੱਲੀ 'ਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਤੋਂ ਪਰਤਿਆ ਹੈ ਅਤੇ ਵਿਆਹ ਹੁੰਦਿਆਂ ਹੀ ਹਨੀਮੂਨ ’ਤੇ ਜਾਣ ਤੋਂ ਪਹਿਲਾਂ ਦਿੱਲੀ ਕਿਸਾਨ ਅੰਦੋਲਨ ’ਚ ਮੁੜ ਚਲਾ ਜਾਵੇਗਾ।
ਪੂਰੀ ਬਰਾਤ ਕਿਸਾਨੀ ਅੰਦੋਲਨ ਨੂੰ ਬੁਲੰਦ ਕਰਨ ਵਾਲੇ ਝੰਡਿਆਂ ਸਮੇਤ ਪੱਟੀ ਵੱਲ ਰਵਾਨਾ ਹੋਈ। ਰਵਾਨਾ ਹੋਣ ਤੋਂ ਪਹਿਲਾਂ ਸਾਰੇ ਬਰਾਤੀਆਂ ਨੇ ਮੋਦੀ ਦੀ ਤਾਨਾਸ਼ਾਹੀ ਨੂੰ ਜੰਮ ਕੇ ਕੋਸਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ