ਪਿਆਰ ਨਹੀਂ ਦੇਖਦਾ ਸਰਹੱਦਾਂ, ਲਾੜੀ ਨੂੰ ਭਾਰਤ ਦਾ ਵੀਜ਼ਾ ਨਾ ਮਿਲਣ ’ਤੇ ਲਾੜੇ ਨੇ ਸਰਕਾਰ ਨੂੰ ਕੀਤੀ ਇਹ ਅਪੀਲ
Saturday, Dec 10, 2022 - 12:30 AM (IST)
ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਸਰਹੱਦਾਂ ਚਾਹੇ ਵੱਖਰੇਵੇਂ ਖੜ੍ਹੇ ਕਰ ਦੇਣ ਪਰ ਕਦੇ ਪਿਆਰ ਨਹੀਂ ਰੋਕ ਸਕਦੀਆਂ। ਚੜ੍ਹਦੇ ਅਤੇ ਲਹਿੰਦੇ ਪੰਜਾਬ 'ਚ 2 ਦਿਲ ਆਪਸ 'ਚ ਪਿਛਲੇ 7 ਸਾਲਾਂ ਤੋਂ ਆਪਸੀ ਪਤੀ-ਪਤਨੀ ਦਾ ਰਿਸ਼ਤਾ ਬਣਾਉਣ ਲਈ ਇੰਤਜ਼ਾਰ 'ਚ ਸਨ ਪਰ ਵੀਜ਼ਾ ਨਾ ਮਿਲਣ ਕਾਰਨ 2 ਦਿਲਾਂ ਅਤੇ ਪਰਿਵਾਰਾਂ 'ਚ ਦੂਰੀਆਂ ਸਨ। ਇਹ ਮਾਮਲਾ ਹੈ ਭਾਰਤ ਵਾਸੀ ਬਟਾਲਾ ਦੇ ਰਹਿਣ ਵਾਲੇ ਨਮਨ ਦਾ, ਜੋ ਪੇਸ਼ੇ ਵਜੋਂ ਵਕੀਲ ਹੈ ਅਤੇ ਪਾਕਿਸਤਾਨ ਦੀ ਲਾਹੌਰ ਦੀ ਰਹਿਣ ਵਾਲੀ ਸ਼ਾਹਲੀਨ ਦਾ, ਜਿਨ੍ਹਾਂ ਦੀ ਮੰਗਣੀ ਸਾਲਾਂ ਪਹਿਲੇ ਹੋਈ ਹੈ ਪਰ ਵਿਆਹ ਕਰਵਾਉਣ ਲਈ ਸ਼ਾਹਲੀਨ ਤੇ ਉਸ ਦੇ ਪਰਿਵਾਰ ਨੂੰ ਭਾਰਤ ਦਾ ਵੀਜ਼ਾ ਨਹੀਂ ਮਿਲ ਰਿਹਾ। ਦੋਵੇਂ ਪਰਿਵਾਰ ਪਿਛਲੇ ਦਿਨੀਂ ਵੀ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ 'ਚ ਇਕੱਠੇ ਹੋਏ ਸਨ ਅਤੇ ਜਲਦ ਇਕ ਹੋਣ ਦੀ ਅਰਦਾਸ ਗੁਰੂ ਘਰ ਕੀਤੀ।
ਇਹ ਵੀ ਪੜ੍ਹੋ : ਫਰਾਂਸ 'ਚ 18 ਤੋਂ 25 ਸਾਲ ਦੇ ਨੌਜਵਾਨਾਂ ਨੂੰ ਮਿਲਣਗੇ ਫ੍ਰੀ ਕੰਡੋਮ, ਜਾਣੋ ਸਰਕਾਰ ਨੇ ਕਿਉਂ ਲਿਆ ਫ਼ੈਸਲਾ
ਉਥੇ ਹੀ ਨਮਨ ਨੇ ਦੱਸਿਆ ਕਿ ਉਸ ਦਾ ਨਾਨਕਾ ਪਰਿਵਾਰ ਪਾਕਿਸਤਾਨ 'ਚ ਹੈ। ਜਦ ਉਹ ਸਾਲ 2015 ਵਿੱਚ ਪਕਿਸਤਾਨ ਗਿਆ ਤਾਂ ਦੂਰ ਦੀ ਰਿਸ਼ਤੇਦਾਰੀ 'ਚ ਸ਼ਾਹਲੀਨ ਨਾਲ ਮੁਲਾਕਾਤ ਹੋਈ, ਜੋ ਪਿਆਰ 'ਚ ਬਦਲ ਗਈ। 2016 ਵਿੱਚ ਦੋਵਾਂ ਦੇ ਪਰਿਵਾਰਾਂ ਦੀ ਸਹਿਮਤੀ ਨਾਲ ਮੰਗਣੀ ਹੋਈ ਪਰ ਪਿਛਲੇ 6 ਸਾਲ ਤੋਂ ਦੋਵੇਂ ਹੀ ਆਪਣੇ ਵਿਆਹ ਦੀ ਉਡੀਕ ਵਿੱਚ ਬੈਠੇ ਹਨ, ਜਦਕਿ ਸ਼ਾਹਲੀਨ ਅਤੇ ਉਸ ਦੇ ਪਰਿਵਾਰ ਨੇ 2 ਵਾਰ ਵੀਜ਼ਾ ਅਪਲਾਈ ਕੀਤਾ ਪਰ ਰਿਜੈਕਟ ਹੋ ਗਿਆ। ਨਮਨ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਹੁਣ ਦੁਬਾਰਾ ਸ਼ਾਹਲੀਨ ਨੇ ਵੀਜ਼ਾ ਅਪਲਾਈ ਕੀਤਾ ਹੋਇਆ ਹੈ, ਇਸ ਵਾਰ ਸ਼ਾਹਲੀਨ ਨੂੰ ਵੀਜ਼ਾ ਦਿੱਤਾ ਜਾਵੇ ਤਾਂ ਕਿ ਅਸੀਂ ਦੋਵੇਂ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਕਰਦੇ ਹੋਏ ਆਪਣੇ ਭਵਿੱਖ ਨੂੰ ਸੰਵਾਰ ਸਕੀਏ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।