ਪੰਜਾਬ 'ਚ ਇੱਟਾਂ ਦੇ ਭਾਅ ਅਸਮਾਨੀ ਚੜ੍ਹੇ ! ਭੱਠਾ ਮਾਲਕਾਂ ਨੇ ਮੀਟਿੰਗ ਮਗਰੋਂ ਵਧਾਈਆਂ ਕੀਮਤਾਂ

Friday, Apr 03, 2026 - 08:30 PM (IST)

ਪੰਜਾਬ 'ਚ ਇੱਟਾਂ ਦੇ ਭਾਅ ਅਸਮਾਨੀ ਚੜ੍ਹੇ ! ਭੱਠਾ ਮਾਲਕਾਂ ਨੇ ਮੀਟਿੰਗ ਮਗਰੋਂ ਵਧਾਈਆਂ ਕੀਮਤਾਂ

ਖੰਨਾ, (ਬਿਪਨ ਬੀਜਾ) : ਖੰਨਾ 'ਚ ਲੁਧਿਆਣਾ ਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਭੱਠਾ ਮਾਲਕਾਂ ਦੀ ਹੋਈ ਮੀਟਿੰਗ ਤੋਂ ਬਾਅਦ ਪੰਜਾਬ 'ਚ ਇੱਟਾਂ ਦੇ ਰੇਟ ਇੱਕ ਵਾਰ ਫਿਰ ਵਧਾ ਦਿੱਤੇ ਗਏ ਹਨ। ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਹੁਣ ਇੱਟਾਂ 8800 ਰੁਪਏ ਪ੍ਰਤੀ ਹਜ਼ਾਰ ਦੇ ਹਿਸਾਬ ਨਾਲ ਵੇਚੀਆਂ ਜਾਣਗੀਆਂ। ਇਸ ਫੈਸਲੇ ਦੇ ਪਿੱਛੇ ਕੋਲੇ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਮੁੱਖ ਕਾਰਨ ਦੱਸਿਆ ਗਿਆ ਹੈ।
ਭੱਠਾ ਮਾਲਕ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਵੇਲੇ ਭੱਠਾ ਉਦਯੋਗ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰੀਬ 50 ਫੀਸਦੀ ਭੱਠੇ ਪਹਿਲਾਂ ਹੀ ਬੰਦ ਪਏ ਹਨ ਅਤੇ ਜੋ ਚੱਲ ਰਹੇ ਹਨ, ਉਹ ਵੀ ਘਾਟੇ ਵਿੱਚ ਕੰਮ ਕਰ ਰਹੇ ਹਨ। ਕੋਲੇ ਦੀ ਕੀਮਤ ਹੁਣ 19 ਹਜ਼ਾਰ ਰੁਪਏ ਪ੍ਰਤੀ ਟਨ ਤੋਂ ਵੱਧ ਹੋ ਚੁੱਕੀ ਹੈ, ਜਿਸ ਨਾਲ ਉਤਪਾਦਨ ਲਾਗਤ ਬਹੁਤ ਵਧ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਵੱਡੇ ਕਾਰਪੋਰੇਟ ਘਰਾਣੇ ਆਪਣੇ ਮਨਮਰਜ਼ੀ ਨਾਲ ਰੇਟ ਤੈਅ ਕਰ ਰਹੇ ਹਨ ਅਤੇ ਛੋਟੇ ਭੱਠਾ ਮਾਲਕਾਂ ‘ਤੇ ਇਹ ਕੀਮਤਾਂ ਥੋਪੀਆਂ ਜਾ ਰਹੀਆਂ ਹਨ। ਇਸ ਕਾਰਨ ਉਦਯੋਗ ਚਲਾਉਣਾ ਔਖਾ ਹੁੰਦਾ ਜਾ ਰਿਹਾ ਹੈ।

PunjabKesari
ਪੰਜਾਬ ਵਿੱਚ ਭੱਠਾ ਉਦਯੋਗ ਦੀ ਮਾੜੀ ਹਾਲਤ ਦੇ ਕਈ ਵੱਡੇ ਕਾਰਨ ਹਨ। ਸਭ ਤੋਂ ਵੱਡਾ ਕਾਰਨ ਬਾਲਣ ਦੀ ਵਧਦੀ ਕੀਮਤ ਹੈ। ਪਹਿਲਾਂ ਕੋਲਾ 10,500 ਤੋਂ 11,500 ਰੁਪਏ ਪ੍ਰਤੀ ਟਨ ਮਿਲਦਾ ਸੀ, ਪਰ ਹੁਣ ਇਹ ਲਗਭਗ ਦੋਗੁਣਾ ਹੋ ਗਿਆ ਹੈ। ਇਸ ਤੋਂ ਇਲਾਵਾ ਜੀਐਸਟੀ 5 ਫੀਸਦੀ ਤੋਂ ਵਧਾ ਕੇ 18 ਫੀਸਦੀ ਕਰਨ ਨਾਲ ਵੀ ਮਾਲਕਾਂ ‘ਤੇ ਵਾਧੂ ਬੋਝ ਪਿਆ ਹੈ। ਸਰਕਾਰ ਵੱਲੋਂ ਭੱਠਿਆਂ ਵਿੱਚ 20 ਤੋਂ 50 ਫੀਸਦੀ ਤੱਕ ਝੋਨੇ ਦੀ ਪਰਾਲੀ ਵਰਤਣ ਦੇ ਹੁਕਮ ਵੀ ਦਿੱਤੇ ਗਏ ਹਨ। ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਇਸ ਨਾਲ ਇੱਟਾਂ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ ਅਤੇ ਉਤਪਾਦਨ ਵਿੱਚ ਵੀ ਦਿੱਕਤਾਂ ਆ ਰਹੀਆਂ ਹਨ।

ਇਨ੍ਹਾਂ ਸਮੱਸਿਆਵਾਂ ਕਾਰਨ ਕਈ ਭੱਠਾ ਮਾਲਕਾਂ ਨੇ ਇਸ ਵਾਰ ਆਪਣੇ ਭੱਠੇ ਲੰਬੇ ਸਮੇਂ ਲਈ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਸਾਰੇ ਸੰਕਟ ਦਾ ਸਿੱਧਾ ਅਸਰ ਉਸਾਰੀ ਖੇਤਰ ਅਤੇ ਆਮ ਲੋਕਾਂ ‘ਤੇ ਪੈ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਹੀ ਇੱਟਾਂ ਦੇ ਰੇਟ ਵਿੱਚ 800 ਤੋਂ 1200 ਰੁਪਏ ਪ੍ਰਤੀ ਹਜ਼ਾਰ ਤੱਕ ਵਾਧਾ ਹੋਇਆ ਹੈ। ਇਸ ਨਾਲ ਘਰ ਬਣਾਉਣ ਵਾਲਿਆਂ ਅਤੇ ਰੀਅਲ ਅਸਟੇਟ ਸੈਕਟਰ ਨੂੰ ਵੱਡਾ ਝਟਕਾ ਲੱਗ ਰਿਹਾ ਹੈ। ਭੱਠਾ ਮਾਲਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਲੇ ਦੀਆਂ ਕੀਮਤਾਂ ‘ਤੇ ਕਾਬੂ ਪਾਇਆ ਜਾਵੇ ਅਤੇ ਨੀਤੀਆਂ ਵਿੱਚ ਰਾਹਤ ਦਿੱਤੀ ਜਾਵੇ, ਤਾਂ ਜੋ ਇਸ ਉਦਯੋਗ ਨੂੰ ਦੁਬਾਰਾ ਪਟੜੀ ‘ਤੇ ਲਿਆਂਦਾ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News