ਸੱਸ ਨਾਲ ਲੜਾਈ ਮਗਰੋਂ ਨੂੰਹ ਨੇ ਗਿੱਲ ਨਹਿਰ ''ਚ ਮਾਰੀ ਛਾਲ, ਮਿੰਨਤਾਂ ਕਰਦਾ ਰਿਹਾ ਮਾਸੂਮ ਪੁੱਤਰ

Tuesday, Oct 06, 2026 - 02:23 PM (IST)

ਸੱਸ ਨਾਲ ਲੜਾਈ ਮਗਰੋਂ ਨੂੰਹ ਨੇ ਗਿੱਲ ਨਹਿਰ ''ਚ ਮਾਰੀ ਛਾਲ, ਮਿੰਨਤਾਂ ਕਰਦਾ ਰਿਹਾ ਮਾਸੂਮ ਪੁੱਤਰ

ਲੁਧਿਆਣਾ (ਰਾਜ): ਮਹਾਨਗਰ ਦੇ ਬਰੇਟਾ ਰੋਡ ਇਲਾਕੇ ਵਿਚ ਘਰੇਲੂ ਵਿਵਾਦ ਦੇ ਚਲਦਿਆਂ ਇਕ ਵਿਆਹੁਤਾ ਵੱਲੋਂ ਗਿੱਲ ਨਹਿਰ ਵਿਚ ਛਾਲ ਮਾਰ ਕੇ ਜਾਨ ਦੇਣ ਦੀ ਕੋਸ਼ਿਸ਼ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਨਾਲ ਮੌਜੂਦ ਉਸ ਦੇ ਮਾਸੂਮ ਪੁੱਤਰ ਨੇ ਰੋਂਦੇ-ਕੁਰਲਾਉਂਦੇ ਹੋਏ ਆਪਣੀ ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਗੁੱਸੇ ਵਿਚ ਆ ਕੇ ਉਸ ਨੇ ਨਹਿਰ ਦੇ ਡੂੰਘੇ ਪਾਣੀ ਵਿਚ ਛਾਲ ਮਾਰ ਦਿੱਤੀ। ਖ਼ੁਸ਼ਕਿਸਮਤੀ ਇਹ ਰਹੀ ਕਿ ਨੇੜੇ ਮੌਜੂਦ ਲੋਕਾਂ ਨੇ ਬਿਨਾਂ ਸਮਾਂ ਗਵਾਏ ਬੇਮਿਸਾਲ ਹਿੰਮਤ ਦਿਖਾਉਂਦਿਆਂ ਅਤੇ ਨਹਿਰ ਵਿਚ ਛਾਲ ਮਾਰ ਕੇ ਔਰਤ ਨੂੰ ਡੁੱਬਣ ਤੋਂ ਪਹਿਲਾਂ ਸਹੀ-ਸਲਾਮਤ ਬਾਹਰ ਕੱਢ ਲਿਆ। ਗੰਭੀਰ ਹਾਲਤ ਵਿਚ ਔਰਤ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਬਰੇਟਾ ਰੋਡ ਨਿਵਾਸੀ ਸਿਮਰਨ ਸੋਮਵਾਰ ਨੂੰ ਘਰੇਲੂ ਵਿਵਾਦ ਤੋਂ ਬਾਅਦ ਬਹੁਤ ਜ਼ਿਆਦਾ ਤਣਾਅ ਵਿਚ ਗਿੱਲ ਨਹਿਰ ਦੇ ਕੰਢੇ ਪਹੁੰਚੀ ਸੀ। ਉਸ ਦੇ ਨਾਲ ਉਸ ਦਾ ਛੋਟਾ ਪੁੱਤਰ ਵੀ ਮੌਜੂਦ ਸੀ। ਜਦੋਂ ਸਿਮਰਨ ਨਹਿਰ ਦੀ ਪਟੜੀ ਤੋਂ ਪਾਣੀ ਵੱਲ ਵਧਣ ਲੱਗੀ, ਤਾਂ ਉਸ ਦਾ ਮਾਸੂਮ ਬੱਚਾ ਰੋ-ਰੋ ਕੇ ਉਸ ਦਾ ਹੱਥ ਫੜ ਕੇ ਰੋਕਣ ਦੀਆਂ ਮਿੰਨਤਾਂ ਕਰਦਾ ਰਿਹਾ। ਪਰ ਔਰਤ ਨੇ ਤੈਸ਼ ਵਿਚ ਆ ਕੇ ਬੱਚੇ ਦੀ ਪ੍ਰਵਾਹ ਕੀਤੇ ਬਿਨਾਂ ਨਹਿਰ ਵਿਚ ਛਾਲ ਮਾਰ ਦਿੱਤੀ। ਔਰਤ ਨੂੰ ਪਾਣੀ ਵਿਚ ਡੁੱਬਦਾ ਅਤੇ ਬੱਚੇ ਨੂੰ ਚੀਕਦਾ ਦੇਖ ਕੇ ਉੱਥੇ ਮੌਜੂਦ ਸਥਾਨਕ ਰਾਹਗੀਰਾਂ ਨੇ ਤੁਰੰਤ ਮੁਸਤੈਦੀ ਦਿਖਾਈ। ਕੁੱਝ ਹਿੰਮਤੀ ਨੌਜਵਾਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਤੇਜ਼ ਬਹਾਅ ਵਾਲੀ ਨਹਿਰ ਵਿਚ ਛਾਲ ਮਾਰ ਦਿੱਤੀ ਅਤੇ ਭਾਰੀ ਮਸ਼ੱਕਤ ਤੋਂ ਬਾਅਦ ਔਰਤ ਨੂੰ ਰੁੜ੍ਹਨ ਤੋਂ ਪਹਿਲਾਂ ਸੁਰੱਖਿਅਤ ਕੰਢੇ 'ਤੇ ਖਿੱਚ ਲਿਆਂਦਾ। ਬੇਹੋਸ਼ੀ ਦੀ ਹਾਲਤ ਵਿਚ ਔਰਤ ਨੂੰ ਤੁਰੰਤ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿਚ ਪਹੁੰਚਾਇਆ ਗਿਆ। ਹਸਪਤਾਲ ਦੇ ਡਿਊਟੀ ਡਾਕਟਰਾਂ ਅਨੁਸਾਰ, ਔਰਤ ਦੀ ਹਾਲਤ ਫਿਲਹਾਲ ਸਥਿਰ ਹੈ, ਪਰ ਉਸ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਸੂਚਨਾ ਮਿਲਦਿਆਂ ਹੀ ਪਤੀ ਰਜਤ ਅਤੇ ਹੋਰ ਰਿਸ਼ਤੇਦਾਰ ਵੀ ਹਸਪਤਾਲ ਪਹੁੰਚ ਗਏ ਹਨ।
 


author

Anmol Tagra

Content Editor

Related News