ਹੋਮਗਾਰਡ ਜਵਾਨ ''ਤੇ ਰਿਸ਼ਵਤ ਲੈਣ ਦੇ ਦੋਸ਼, ਲਾਈਨ ਹਾਜ਼ਰ
Friday, Feb 09, 2018 - 05:58 AM (IST)

ਲੁਧਿਆਣਾ(ਸੰਨੀ)-ਟ੍ਰੈਫਿਕ ਡਿਊਟੀ ਕਰ ਰਹੇ ਹੋਮਗਾਰਡ ਦੇ ਜਵਾਨ ਨੂੰ ਇਕ ਸਕੂਟਰ ਚਾਲਕ ਕੋਲੋਂ ਇਕ ਸੌ ਰੁਪਏ ਲੈਣੇ ਮਹਿੰਗੇ ਪੈ ਗਏ। ਹੋਮਗਾਰਡ ਜਵਾਨ 'ਤੇ ਰਿਸ਼ਵਤ ਲੈਣ ਦੇ ਦੋਸ਼ ਲਾਉਂਦਿਆਂ ਲੋਕਾਂ ਨੇ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਕੇਸ ਦਾ ਪਤਾ ਲੱਗਦੇ ਹੀ ਏ. ਡੀ. ਸੀ. ਪੀ. ਟ੍ਰੈਫਿਕ ਸੁਖਪਾਲ ਸਿੰਘ ਬਰਾੜ ਨੇ ਹੋਮਗਾਰਡ ਜਵਾਨ ਇੰਦਰ ਬਹਾਦਰ ਨੂੰ ਤੁਰੰਤ ਲਾਈਨ ਹਾਜ਼ਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਵੀਰਵਾਰ ਦੁਪਹਿਰ ਹੈਬੋਵਾਲ ਚੌਕ ਦਾ ਹੈ। ਕਿਚਲੂ ਨਗਰ 'ਚ ਫੈਕਟਰੀ ਚਲਾਉਣ ਵਾਲੇ ਸਿਧਾਂਸ਼ੂ ਜੈਨ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਵਰਕਰ ਸਕੂਟਰ ਲੈ ਕੇ ਹੈਬੋਵਾਲ ਚੌਕ ਗਿਆ ਤਾਂ ਹੈਲਮੇਟ ਪਹਿਨਿਆ ਹੋਣ ਦੇ ਬਾਵਜੂਦ ਉਥੇ ਤਾਇਨਾਤ ਟ੍ਰੈਫਿਕ ਮੁਲਾਜ਼ਮ ਨੇ ਵਰਕਰ ਨੂੰ ਚਲਾਨ ਦਾ ਡਰ ਦਿਖਾ ਕੇ ਇਕ ਸੌ ਰੁਪਏ ਵਸੂਲ ਲਏ। ਇਸ ਤੋਂ ਬਾਅਦ ਉਹ ਮੌਕੇ 'ਤੇ ਗਏ ਤਾਂ ਦੇਖਿਆ ਕਿ ਹੋਰਨਾਂ ਲੋਕਾਂ ਦੇ ਨਾਲ ਹੀ ਅਜਿਹਾ ਵਰਤਾਓ ਕੀਤਾ ਜਾ ਰਿਹਾ ਸੀ। ਉਨ੍ਹਾਂ ਨੇ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਮੁਲਾਜ਼ਮ ਨੇ ਉੱਥੋਂ ਭੱਜਣਾ ਉਚਿਤ ਸਮਝਿਆ, ਜਿਸ ਤੋਂ ਬਾਅਦ ਲੋਕ ਕਿਸੇ ਤਰ੍ਹਾਂ ਉਸ ਨੂੰ ਏ. ਐੱਸ. ਆਈ. ਮੁਹੰਮਦ ਰਫੀਕ ਦੇ ਕੋਲ ਲੈ ਕੇ ਆਏ। ਹੋਮਗਾਰਡ ਜਵਾਨ ਦੀ ਜੇਬ ਦੇਖਣ 'ਤੇ ਉਸ ਵਿਚੋਂ ਸੌ-ਸੌ ਦੇ ਫੋਲਡ ਕੀਤੇ ਗਏ ਨੋਟ ਮਿਲੇ। ਲੋਕਾਂ ਦਾ ਦੋਸ਼ ਸੀ ਕਿ ਉਕਤ ਮੁਲਾਜ਼ਮ ਨੇ ਇਹ ਪੈਸੇ ਕਥਿਤ ਤੌਰ 'ਤੇ ਰਿਸ਼ਵਤ ਵਜੋਂ ਇਕੱਠੇ ਕੀਤੇ ਹਨ। ਕੇਸ ਦੀ ਜਾਣਕਾਰੀ ਤੁਰੰਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਥਾਣਾ ਪੁਲਸ ਵੀ ਮੌਕੇ 'ਤੇ ਪੁੱਜ ਗਈ। ਏ. ਡੀ. ਸੀ. ਪੀ. ਟ੍ਰੈਫਿਕ ਸੁਖਪਾਲ ਸਿੰਘ ਬਰਾੜ ਦਾ ਕਹਿਣਾ ਹੈ ਕਿ ਵੀਡੀਓ 'ਚ ਅਜਿਹਾ ਕੁੱਝ ਨਜ਼ਰ ਨਹੀਂ ਆਇਆ, ਜਿਸ ਤੋਂ ਇਹ ਸਾਬਤ ਹੋਵੇ ਕਿ ਮੁਲਾਜ਼ਮ ਨੇ ਪੈਸੇ ਲਏ ਹਨ। ਫਿਰ ਵੀ ਲੋਕਾਂ ਦੀ ਸ਼ਿਕਾਇਤ 'ਤੇ ਉਸ ਨੂੰ ਲਾਈਨ ਹਾਜ਼ਰ ਕਰ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।