ਪੰਜਾਬ ''ਚ ਭਾਰੀ ਮੀਂਹ ਤੋਂ ਬਾਅਦ ਬੀਮਾਰੀ ਫੈਲਣ ਤੋਂ ਰੋਕਣ ਲਈ ਹਦਾਇਤਾਂ ਜਾਰੀ
Thursday, Aug 22, 2019 - 08:46 AM (IST)
ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਪਿਛਲੇ ਕੁਝ ਦਿਨਾਂ ਤੋਂ ਪਏ ਭਾਰੀ ਮੀਂਹ ਦੇ ਮੱਦੇਨਜ਼ਰ ਸੂਬੇ 'ਚ ਖ਼ਾਸ ਤੌਰ 'ਤੇ ਨੀਵੇਂ ਇਲਾਕਿਆਂ 'ਚ ਬਿਮਾਰੀ ਫੈਲਣ ਦੀ ਹਰ ਸੰਭਾਵਨਾ ਨੂੰ ਖਤਮ ਕਰਨ ਲਈ ਵਿਆਪਕ ਉਪਾਅ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਇਸ ਸਬੰਧ 'ਚ ਵਿਭਾਗ ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਆਪਣੇ ਦਫ਼ਤਰ ਵਿਖੇ ਕੀਤੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਬ੍ਰਹਮ ਮਹਿੰਦਰਾ ਨੇ ਅਧਿਕਾਰੀਆਂ ਨੂੰ ਖੁੱਲੇ ਸੀਵਰੇਜ ਹੋਲਜ਼ ਨੂੰ ਢਕਣ ਦੀ ਹਦਾਇਤ ਕੀਤੀ ਤਾਂ ਜੋ ਇਸ ਨੂੰ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿੱਚ ਰਲ਼ਣ ਤੋਂ ਰੋਕਿਆ ਜਾ ਸਕੇ।
ਜ਼ਿਆਦਾਤਰ ਸ਼ਹਿਰਾਂ ਵਿਚ ਪਾਣੀ ਦਾ ਪੱਧਰ ਘਟਣ 'ਤੇ ਤਸੱਲੀ ਪ੍ਰਗਟਾਉਂਦਿਆਂ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਪਾਣੀ ਭਰਨ ਤੋਂ ਬਚਣ ਲਈ ਨੀਵੇਂ ਇਲਾਕਿਆਂ ਨੂੰ ਦਿਨ-ਰਾਤ ਨਿਗਰਾਨੀ ਹੇਠ ਰੱਖਿਆ ਜਾਵੇ ਅਤੇ ਪਾਣੀ ਦੀ ਤੁਰੰਤ ਨਿਕਾਸੀ ਕੀਤੀ ਜਾਵੇ। ਉੱਚ ਪੱਧਰੀ ਸਫਾਈ ਬਰਕਰਾਰ ਰੱਖਣ ਦੀ ਲੋੜ 'ਤੇ ਜ਼ੋਰ ਦਿੰਦਿਆਂ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਾਰਪੋਰੇਸ਼ਨਾਂ ਦੇ ਕਮਿਸ਼ਨਰਾਂ ਅਤੇ ਸਮੂਹ ਨਗਰ ਪੰਚਾਇਤਾਂ, ਨਗਰ ਕੌਂਸਲਾਂ, ਮਿਊਂਸੀਪਲ ਕਮੇਟੀਆਂ ਅਤੇ ਸੁਧਾਰ ਟਰੱਸਟਾਂ ਦੇ ਖੇਤਰੀ ਡਿਪਟੀ ਡਾਇਰੈਕਟਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸ਼ਹਿਰ ਦੇ ਕੂੜੇਦਾਨਾਂ ਵਿਚਲੇ ਕੂੜੇ ਨੂੰ ਨਿਯਮਤ ਰੂਪ ਵਿਚ ਚੁੱਕਿਆ ਜਾਵੇ। ਮੰਤਰੀ ਨੇ ਉਹਨਾਂ ਨੂੰ ਕੂੜਾ-ਕਰਕਟ ਵਾਲੀਆਂ ਥਾਂਵਾਂ 'ਤੇ ਹਰਬਲ ਸੈਨੀਟਾਈਜ਼ਰ ਦੇ ਛਿੜਕਾਅ ਨੂੰ ਯਕੀਨੀ ਬਣਾਉਣ ਲਈ ਦਿਨ ਵਿਚ ਘੱਟੋ-ਘੱਟ ਦੋ ਵਾਰ ਇਹਨਾਂ ਥਾਵਾਂ ਦੀ ਚੈਕਿੰਗ ਕਰਨ ਲਈ ਵੀ ਕਿਹਾ।
ਸੂਬਾ ਸਰਕਾਰ ਦੀ ਪ੍ਰਮੁੱਖ ਸਕੀਮ ਤੰਦਰੁਸਤ ਪੰਜਾਬ ਤਹਿਤ ਸੂਬੇ ਵਿੱਚ ਸਿਹਤਮੰਦ ਮਾਹੌਲ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਅਥਾਰਟੀਆਂ ਨੂੰ ਜ਼ਿਲਾ ਸਿਹਤ ਅਥਾਰਟੀਆਂ ਨਾਲ ਤਾਲ-ਮੇਲ ਬਣਾਕੇ ਪਾਣੀ ਦੇ ਭਰਾਵ ਕਾਰਨ ਉਨਾਂ ਖੇਤਰਾਂ ਦੀ ਸ਼ਨਾਖ਼ਤ ਕਰਨ ਲਈ ਕਿਹਾ ਜਿੱਥੇ ਪਾਣੀ ਤੋਂ ਫੈਲਣ ਵਾਲੀਆਂ ਭਿਆਨਕ ਬਿਮਾਰੀਆਂ ਹੋਣ ਦਾ ਖਦਸ਼ਾ ਹੈ। ਉਨਾਂ ਸ਼ਹਿਰਾਂ ਦੇ ਕੋਨੇ-ਕੋਨੇ 'ਤੇ ਮੱਛਰਾਂ ਦੀ ਬ੍ਰੀਡਿੰਗ ਨੂੰ ਰੋਕਣ ਲਈ ਫੌਗਿੰਗ ਕਰਨ ਦੇ ਸਪੱਸ਼ਟ ਨਿਰਦੇਸ਼ ਦਿੱਤੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਥਾਨਕ ਸਰਕਾਰਾਂ ਦੇ ਪ੍ਰਮੁੱਖ ਸਕੱਤਰ ਸ੍ਰੀ ਏ.ਵੇਨੂੰ ਪ੍ਰਸਾਦ, ਡਾਇਰੈਕਟਰ ਸਥਾਨਕ ਸਰਕਾਰਾਂ ਸ੍ਰੀ ਕਰਨੇਸ਼ ਸ਼ਰਮਾ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।