ਹੁਸ਼ਿਆਰਪੁਰ ਵਿਖੇ 4 ਭੈਣਾਂ ਦੇ ਇਕਲੌਤੇ ਭਰਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਵੇਖ ਪਰਿਵਾਰ ਵਾਲਿਆਂ ਦੇ ਉੱਡੇ ਹੋਸ਼
Monday, Aug 01, 2022 - 06:47 PM (IST)
ਹੁਸ਼ਿਆਰਪੁਰ (ਰਾਕੇਸ਼)-ਗਰੀਬੀ ਤੋਂ ਤੰਗ ਆ ਕੇ ਮੁਹੱਲਾ ਸੁੰਦਰ ਨਗਰ ਦੀ ਬਾਜ਼ੀਗਰ ਕਾਲੋਨੀ ’ਚ 20 ਸਾਲਾ ਨੌਜਵਾਨ ਨੇ ਫਾਹ ਲਗਾ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਸੂਰਜ ਦੇ ਪਿਤਾ ਅਮੋਦ ਮੰਡਲ ਨੇ ਦੱਸਿਆ ਕਿ ਉਹ ਮੁੱਖ ਤੌਰ ’ਤੇ ਪਿੰਡ ਸ਼ੰਭੂਗੰਜ ਥਾਣਾ ਅਤੇ ਜ਼ਿਲ੍ਹਾ ਬਾਂਕਾ (ਬਿਹਾਰ) ਦਾ ਵਸਨੀਕ ਹੈ। 25 ਸਾਲ ਪਹਿਲਾਂ ਉਹ ਰੋਜ਼ੀ-ਰੋਟੀ ਦੀ ਭਾਲ ਵਿਚ ਹੁਸ਼ਿਆਰਪੁਰ ਆਇਆ ਸੀ। ਸੂਰਜ 4 ਭੈਣਾਂ ਦਾ ਇਕਲੌਤਾ ਭਰਾ ਸੀ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅਮੋਦ ਮੰਡਲ ਨੇ ਦੱਸਿਆ ਕਿ ਸੂਰਜ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ਬੀ. ਏ. ਭਾਗ-1 ਦਾ ਵਿਦਿਆਰਥੀ ਸੀ।
ਇਹ ਵੀ ਪੜ੍ਹੋ: ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਟਿੰਕੂ ਦੇ ਮਾਮਲੇ ’ਚ ਫਿਰੋਜ਼ਪੁਰ ਦੇ ਸ਼ੂਟਰ ਜੀਤਾ ਨੇ ਕੀਤੇ ਵੱਡੇ ਖ਼ੁਲਾਸੇ
ਅਮੋਦ ਮੰਡਲ ਅਨੁਸਾਰ ਉਹ ਕੰਮ ’ਤੇ ਗਿਆ ਹੋਇਆ ਸੀ। ਸ਼ਾਮ ਨੂੰ ਜਦੋਂ ਉਹ ਘਰ ਆਇਆ ਤਾਂ ਸੂਰਜ ਬਾਰੇ ਪੁੱਛਣ ’ਤੇ ਉਸ ਦੀ ਮਾਂ ਬਬੀਤਾ ਨੇ ਦੱਸਿਆ ਕਿ ਉਹ ਆਪਣੇ ਕਮਰੇ ਵਿਚ ਪੜ੍ਹਦਾ ਹੈ। ਉਸ ਦੇ ਆਵਾਜ਼ ਮਾਰਨ ’ਤੇ ਉਹ ਹੇਠਾਂ ਆਇਆ ਅਤੇ ਕੁਝ ਦੇਰ ਬਾਅਦ ਵਾਪਸ ਆਪਣੇ ਕਮਰੇ ਵਿਚ ਚਲਾ ਗਿਆ। ਰਾਤ ਕਰੀਬ 9 ਵਜੇ ਪਰਿਵਾਰ ਦੇ ਸਾਰੇ ਮੈਂਬਰ ਖਾਣਾ ਖਾਣ ਲੱਗੇ ਤਾਂ ਸੂਰਜ ਦੀ ਮਾਂ ਨੇ ਉਸ ਨੂੰ ਬੁਲਾਇਆ ਤਾਂ ਉਹ ਹੇਠਾਂ ਨਹੀਂ ਆਇਆ।
ਉਸ ਨੇ ਉਪਰ ਜਾ ਕੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ਾ ਨਹੀਂ ਖੁੱਲ੍ਹਿਆ। ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸੂਰਜ ਨੇ ਕਮਰੇ ਵਿਚ ਪਾਈਪ ਵਿਚ ਰੱਸੀ ਪਾ ਕੇ ਖੁਦਕੁਸ਼ੀ ਕਰ ਲਈ ਸੀ। ਪੁਲਸ ਨੇ ਅਮੋਦ ਮੰਡਲ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ CM ਮਾਨ ਤੇ ਧਾਲੀਵਾਲ ਨੂੰ ਚੈਲੰਜ, ਜਾਣੋ ਪੂਰਾ ਮਾਮਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ