ਰੰਜਿਸ਼ ਕਰਕੇ ਨੌਜਵਾਨ ਨੂੰ ਦਿੱਤੀ ਰੂਹ ਕੰਬਾਊ ਮੌਤ, ਗੇਟ 'ਚ ਖਿਲਰੇ ਖੂਨ ਨੂੰ ਦੇਖ ਪਰਿਵਾਰ ਦੇ ਪੈਰਾਂ ਹੇਠੋ ਖਿਸਕੀ ਜ਼ਮੀਨ

Thursday, Sep 14, 2017 - 02:53 PM (IST)

ਰੰਜਿਸ਼ ਕਰਕੇ ਨੌਜਵਾਨ ਨੂੰ ਦਿੱਤੀ ਰੂਹ ਕੰਬਾਊ ਮੌਤ, ਗੇਟ 'ਚ ਖਿਲਰੇ ਖੂਨ ਨੂੰ ਦੇਖ ਪਰਿਵਾਰ ਦੇ ਪੈਰਾਂ ਹੇਠੋ ਖਿਸਕੀ ਜ਼ਮੀਨ

ਲੰਬੀ(ਜਟਾਣਾ/ਪਵਨ ਤਨੇਜਾ/ਜੁਨੇਜਾ)— ਲੰਬੀ ਹਲਕੇ ਦੇ ਪਿੰਡ ਅਰਨੀਵਾਲਾ ਵਜ਼ੀਰਾ ਵਿਖੇ ਮੰਗਲਵਾਰ ਦੀ ਰਾਤ ਕੁਝ ਨੌਜਵਾਨਾਂ ਨੇ ਰੰਜਿਸ਼ ਤਹਿਤ 20 ਸਾਲਾ ਦੇ ਇਕ ਦਲਿਤ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਅਰਨੀਵਾਲਾ ਵਜ਼ੀਰਾ (ਸ੍ਰੀ ਮੁਕਤਸਰ ਸਾਹਿਬ) ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਸ਼ਮੀਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਪਿੰਡ 'ਚ ਜਗਰਾਤਾ ਸੀ, ਜਿਸ ਕਰਕੇ ਉਸ ਦਾ ਛੋਟਾ ਭਰਾ ਅਤੇ ਕੁਝ ਦੋਸਤ ਨਾਲ ਪਹਿਲਾਂ ਜਗਰਾਤੇ 'ਤੇ ਗਿਆ ਪਰ ਕੁਝ ਸਮੇਂ ਬਾਅਦ ਗਗਨ ਆਪਣੇ ਘਰ ਚਲਾ ਗਿਆ। ਉਸ ਨੇ ਦੱਸਿਆ ਕਿ ਲੱਖਾ ਅਤੇ ਪਾਲ ਪਿੰਡ ਦੀ ਫਿਰਨੀ ਉੱਪਰ ਪੈਦਲ ਆਪਣੇ ਘਰ ਵੱਲ ਵਾਪਸ ਆ ਰਹੇ ਸਨ ਤਾਂ ਰਸਤੇ 'ਚ ਇਕ ਮੋਟਰਸਾਈਕਲ ਅੱਗੇ ਤੋਂ ਆਇਆ, ਜਿਸ ਦੀ ਲਾਈਟ ਬਹੁਤ ਤੇਜ਼ ਹੋਣ ਕਰਕੇ ਅੱਗੇ ਤੋਂ ਕੁਝ ਵੀ ਦਿਖਾਈ ਨਾ ਦਿੱਤਾ, ਜਿਸ ਕਰਕੇ ਲੱਖੇ ਨੇ ਤੇਜ਼ ਰੌਸ਼ਨੀ ਤੋਂ ਬੱਚਣ ਲਈ ਆਪਣੀਆਂ ਅੱਖਾਂ ਅੱਗੇ ਹੱਥ ਕਰ ਲਿਆ ਅਤੇ ਏਨੇ ਨੂੰ ਪਿੱਛੇ ਤੋਂ ਇਸ ਮੋਟਰਸਾਈਕਲ ਚਾਲਕ ਦੇ ਸਾਥੀ ਨੇ ਲੱਖੇ ਦੀ ਗਰਦਨ 'ਤੇ ਤਲਵਾਰ ਨਾਲ ਵਾਰ ਕਰ ਦਿੱਤਾ। ਜਿਸ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ ਅਤੇ ਲੱਖੇ ਦਾ ਸਾਥੀ ਵੀ ਡਰ ਕੇ ਮੌਕੇ ਤੋਂ ਭੱਜ ਗਿਆ ਅਤੇ ਲੱਖਾ ਬੁਰੀ ਤਰਾਂ ਜ਼ਖਮੀਂ ਹੋ ਗਿਆ ਜੋ ਬਾਅਦ ਵਿੱਚ ਲੁੜਕਦਾ ਹੋਇਆ ਆਪਣੇ ਦਾਦੇ ਦੇ ਘਰ ਕੋਲ ਪੁੱਜਾ ਅਤੇ ਉੱਥੇ ਗੇਟ ਵਿੱਚ ਹੀ ਡਿੱਗ ਪਿਆ। ਗੰਭੀਰ ਰੂਪ 'ਚ ਜ਼ਖਮੀ ਹੋਏ ਲੱਖੇ ਦਾ ਕਾਫੀ ਖੂਨ ਉੱਥੇ ਹੀ ਵਹਿ ਗਿਆ, ਜਿਸ ਤੋਂ ਬਾਅਦ ਗਗਨ ਨੇ ਲੱਖੇ ਦੇ ਘਰਦਿਆਂ ਨੂੰ ਦੱਸਿਆ ਕਿ ਲੱਖੇ ਦੇ ਸੱਟ ਲੱਗੀ ਹੈ। ਗੇਟ ਦੇ ਕੋਲ ਲੱਖੇ ਦੀ ਅਜਿਹੀ ਹਾਲਤ ਨੂੰ ਦੇਖ ਪਰਿਵਾਰ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ। ਜਦੋਂ ਤੱਕ ਘਰਦਿਆਂ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਤਾਂ ਉਦੋਂ ਤੱਕ ਲੱਖੇ ਦੀ ਮੌਤ ਹੋ ਗਈ ਸੀ। 
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਦਾ ਕਤਲ ਗੱਗੀ ਫੁੱਲੂਖੇੜਾ, ਜਗਜੀਤ ਉਰਫ ਜੱਗੀ ਮਨੀਆਂਵਾਲਾ, ਲਾਡੀ ਵਾਸੀ ਪਿੰਡ ਮਨੀਆਂਵਾਲਾ ਅਤੇ ਕੁਝ ਅਣਪਛਾਤੇ ਨੌਜਵਾਨਾਂ ਨੇ ਕੀਤਾ ਹੈ। ਮ੍ਰਿਤਕ ਦੇ ਭਰਾ ਸ਼ਮੀਰ ਸਿੰਘ ਅਨੁਸਾਰ ਇਸੇ ਗੈਂਗ ਦੇ ਕਈ ਨੌਜਵਾਨ ਕੁਝ ਦਿਨ ਪਹਿਲਾਂ ਉਸ ਦੇ ਭਰਾ ਲੱਖੇ ਨੂੰ ਇਹ ਆਖ ਕੇ ਗਏ ਸਨ ਕਿ ਹੁਣ ਉਹ ਉਨ੍ਹਾਂ ਨਾਲ ਨਾ ਲੜੇ ਪਰ ਇਨ੍ਹਾਂ ਨੌਜਵਾਨਾਂ ਨੇ ਬੀਤੀ ਰਾਤ ਕਰੀਬ 10:15 ਵਜੇ ਉਸ ਦੇ ਭਰਾ ਦਾ ਕਤਲ ਕਰ ਦਿੱਤਾ। 
ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਧਿਰਾਂ 'ਚ ਕੁਝ ਸਮਾਂ ਪਹਿਲਾਂ ਵੀ ਹੱਥੋਂਪਾਈ ਹੋਈ ਸੀ, ਜਿਸ ਤੋਂ ਬਾਅਦ ਦੋਹਾਂ ਧਿਰਾਂ ਦਾ ਥਾਣੇ ਵਿੱਚ ਰਾਜ਼ੀਨਾਮਾ ਹੋ ਗਿਆ ਸੀ ਪਰ ਗੱਗੀ ਫੁੱਲੂਖੇੜਾ ਹਾਲੇ ਵੀ ਮਨ ਵਿੱਚ ਕਿੜ ਰੱਖਦਾ ਸੀ, ਜਿਸ ਕਰਕੇ ਉਸ ਨੇ ਆਪਣੇ ਗੈਂਗ ਨਾਲ ਬੀਤੀ ਰਾਤ ਲੱਖੇ ਦਾ ਕਤਲ ਕਰ ਦਿੱਤਾ। ਥਾਣਾ ਲੰਬੀ ਦੇ ਏ. ਐੱਸ. ਆਈ. ਪ੍ਰੇਮ ਚੰਦ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਤੋਂ ਬਾਅਦ ਗੁਰਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਫੁੱਲੂਖੇੜਾ, ਪ੍ਰਧਾਨ ਸਿੰਘ ਉਰਫ ਲਾਡੀ ਪੁੱਤਰ ਸੁਖਚੈਨ ਸਿੰਘ ਅਤੇ ਜਗਜੀਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਮਨੀਆਂਵਾਲਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਸ ਕਥਿਤ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ।


Related News