12ਵੀਂ ਕਲਾਸ ਦੇ ਲੜਕੇ-ਲੜਕੀ ਨੇ ਸਕੂਲ ''ਚ ਖਾਧਾ ਜ਼ਹਿਰ, ਦੋਵਾਂ ਦੀ ਮੌਤ

Saturday, Jan 06, 2018 - 07:35 PM (IST)

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) : ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਸਿੰਘ ਵਾਲਾ 'ਚ 12 ਕਲਾਸ 'ਚ ਪੜ੍ਹਦੇ ਇਕ ਲੜਕੇ ਅਤੇ ਲੜਕੀ ਵਲੋਂ ਜ਼ਹਿਰੀਲੀ ਦਵਾਈ ਨਿਗਲ ਲੈਣ 'ਤੇ ਦੋਵਾਂ ਦੀ ਮੌਤ ਹੋ ਗਈ। ਸਕੂਲ ਦੇ ਪ੍ਰਿੰਸੀਪਲ ਅਨੁਸਾਰ ਦੋਵੇਂ ਕਈ ਦਿਨਾਂ ਤੋਂ ਸਕੂਲ ਵਿਚੋਂ ਗੈਰ ਹਾਜ਼ਰ ਸਨ। ਸੂਤਰਾਂ ਅਨੁਸਾਰ ਇਨ੍ਹਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਪ੍ਰੇਮ ਸੰਬੰਧ ਸਨ ਅਤੇ ਇਹ ਆਪਸ ਵਿਚ ਵਿਆਹ ਕਰਵਾਉਣਾ ਚਾਹੁੰਦੇ ਸਨ। ਲੜਕੇ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ ਜਦਕਿ ਲੜਕੀ ਦੇ ਨਾਂ ਸੰਬੰਧੀ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਸੂਤਰਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮੁੰਡਾ ਅਤੇ ਕੁੜੀ ਸ਼ਨੀਵਾਰ ਸਵੇਰੇ ਸਕੂਲ ਜਾਣ ਦਾ ਬਹਾਨਾ ਬਣਾ ਕੇ ਘਰੋਂ ਸਕੂਲੀ ਵਰਦੀ ਵਿਚ ਆਏ ਅਤੇ ਇਕੱਠੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਪਹੁੰਚੇ ਅਤੇ ਬਾਅਦ ਵਿਚ ਸਕੂਲ ਵਿਚ ਪਹੁੰਚ ਕੇ ਇਨ੍ਹਾਂ ਦੋਵਾਂ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਅਤੇ ਸਕੂਲ ਵਿਚ ਬੇਹੋਸ਼ੀ ਦੀ ਹਾਲਤ ਵਿਚ ਹੀ ਇਨ੍ਹਾਂ ਨੂੰ ਇਲਾਜ ਲਈ ਨਿਹਾਲ ਸਿੰਘ ਵਾਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੋ ਇਨ੍ਹਾਂ ਨੂੰ ਮੋਗਾ ਵਿਖੇ ਰੈਫਰ ਕਰ ਦਿੱਤਾ ਅਤੇ ਮੋਗਾ ਵਿਖੇ ਇਨ੍ਹਾਂ ਦੀ ਮੌਤ ਹੋ ਗਈ।
ਦੂਸਰੇ ਪਾਸੇ ਸਕੂਲ ਦੇ ਪ੍ਰਿੰਸੀਪਲ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਨ੍ਹਾਂ ਦੀ ਸਕੂਲ ਵਿਚ ਮੌਤ ਹੋਈ ਹੈ ਉਨ੍ਹਾਂ ਕਿਹਾ ਕਿ ਇਹ ਦੋਵੇਂ ਕਈ ਦਿਨ ਤੋਂ ਸਕੂਲ ਵਿਚੋਂ ਗੈਰ ਹਾਜ਼ਰ ਸਨ। ਕੇਸ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਬਲਰਾਜ ਮੋਹਨ, ਸਹਾਇਕ ਥਾਣੇਦਾਰ ਹਰਪਾਲ ਸਿੰਘ ਅਤੇ ਹੋਲਦਾਰ ਸਿਕੰਦਰ ਸਿੰਘ ਨੇ ਦੱਸਿਆ ਕਿ ਵਾਰਸਾਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।


Related News