ਕੈਨੇਡਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੇ ਪਰਿਵਾਰ ''ਤੇ ਢਾਇਆ ਕਹਿਰ (ਤਸਵੀਰਾਂ)
Thursday, Dec 05, 2019 - 07:15 PM (IST)

ਹੁਸ਼ਿਆਰਪੁਰ (ਅਮਰੀਕ)— ਇਥੋਂ ਦੇ ਗੜ੍ਹਦੀਵਾਲਾ ਦੇ ਪਿੰਡ ਢੋਲੇਵਾਲ ਦੇ ਇਕ ਕੈਨੇਡਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਵੱਲੋਂ ਆਪਣੇ ਬਜ਼ੁਰਗ ਮਾਂ-ਬਾਪ ਦੇ ਨਾਲ ਕੁੱਟਮਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ 'ਚ ਉਕਤ ਨੌਜਵਾਨ ਆਪਣੇ ਛੋਟੇ ਅਪਾਹਜ ਭਰਾ ਅਤੇ ਬਜ਼ੁਰਗ ਮਾਂ-ਬਾਪ ਨੂੰ ਨਸ਼ੇ ਦੀ ਹਾਲਤ 'ਚ ਕੁੱਟਮਾਰ ਕਰ ਰਿਹਾ ਹੈ। ਇਸ ਬਾਰੇ ਜਦੋਂ ਬਜ਼ੁਰਗ ਮਾਂ-ਬਾਪ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਅਕਸਰ ਸ਼ਰਾਬ ਪੀ ਕੇ ਉਨ੍ਹਾਂ ਨਾਲ ਮਾੜਾ ਸਲੂਕ ਕਰਦਾ ਹੈ।
ਕਈ ਵਾਰ ਪੰਚਾਇਤ ਨੇ ਉਨ੍ਹਾਂ ਦਾ ਰਾਜ਼ੀਨਾਮਾ ਕਰਵਾਇਆ ਪਰ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪਿਤਾ ਅਜੀਤ ਸਿੰਘ ਅਤੇ ਮਾਂ ਭਜਨ ਕੌਰ ਨੇ ਦੱਸਿਆ ਕਿ ਘਰ 'ਚ ਨਸ਼ੇ ਦੀ ਹਾਲਤ 'ਚ ਉਕਤ ਨੌਜਵਾਨ ਉਨ੍ਹਾਂ ਨਾਲ ਹਮੇਸ਼ਾ ਝਗੜਾ ਕਰਦਾ ਰਹਿੰਦਾ ਹੈ ਅਤੇ ਉਹ ਕੈਨੇਡਾ ਤੋਂ ਡਿਪੋਰਟ ਹੋ ਕੇ ਆਇਆ ਹੈ।
ਉਥੇ ਹੀ ਇਸ ਸਬੰਧ 'ਚ ਜਦੋਂ ਗੜ੍ਹਦੀਵਾਲਾ ਪੁਲਸ ਨਾਲ ਸੰਪਰਕ ਕੀਤਾ ਗਿਆ ਕਿ ਅਜੇ ਤੱਕ ਬਜ਼ੁਰਗ ਜੋੜੇ ਦੇ ਨਾਲ ਹੋਈ ਕੁਟਮਾਰ ਨੂੰ ਲੈ ਕੇ ਕਾਰਵਾਈ ਕਿਉਂ ਨਹੀਂ ਹੋਈ ਤਾਂ ਜਾਂਚ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਅਜੇ ਮਾਮਲਿਆ ਪਹੁੰਚਿਆ ਹੈ ਅਤੇ ਵੀਡੀਓ ਦੀ ਜਾਂਚ ਤੋਂ ਬਾਅਦ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇਗੀ।