ਕਰੰਟ ਨਾਲ ਝੁਲਸੇ 8 ਸਾਲਾਂ ਦੇ ਮੁੰਡੇ ਦੀ ਇਲਾਜ ਦੌਰਾਨ ਮੌਤ

08/01/2020 10:48:09 AM

ਰਾਜਪੁਰਾ (ਨਿਰਦੋਸ਼, ਚਾਵਲਾ) : ਇੱਥੋਂ ਨੇੜਲੇ ਪਿੰਡ ਜਨਸੂਆ ’ਚ ਘਰ ਦੀ ਛੱਤ ’ਤੇ ਖੇਡ ਰਹੇ ਇਕ 8 ਸਾਲਾ ਲੜਕੇ ਦੀ ਕਰੰਟ ਲੱਗਣ ਕਾਰਨ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਚੌਂਕੀ ਜਨਸੂਆ ਦੇ ਹੌਲਦਾਰ ਭਜਨ ਸਿੰਘ ਨੇ ਦੱਸਿਆ ਕਿ ਸੁਰੇਸ਼ ਕੁਮਾਰ ਵਾਸੀ ਜਨਸੂਆ ਨੇ ਬਿਆਨ ਦਰਜ ਕਰਵਾਏ ਕਿ ਉਸ ਦਾ ਵੱਡਾ ਲੜਕਾ ਦੀਪਕ ਕੁਮਾਰ (8) ਗੁਆਂਢੀ ਜੱਗੂ ਰਾਮ ਦੇ ਘਰ ਦੀ ਛੱਤ ’ਤੇ ਖੇਡ ਰਿਹਾ ਸੀ। ਛੱਤ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਦੀਪਕ ਦਾ ਹੱਥ ਲੱਗ ਗਿਆ ਅਤੇ ਜ਼ੋਰ ਦਾ ਕਰੰਟ ਦਾ ਝਟਕਾ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਉਪਰੰਤ ਲੜਕੇ ਦੀਪਕ ਨੂੰ 17 ਜੁਲਾਈ, 2020 ਨੂੰ ਗੰਭੀਰ ਹਾਲਤ 'ਚ ਪੀ. ਜੀ. ਆਈ. ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਹੌਲਦਾਰ ਭਜਨ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਮਕਾਨਾਂ ਦੇ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਵਾਪਰਿਆ ਹੈ। ਇਸ ਸਬੰਧੀ ਪਾਵਰਕਾਮ ਮਹਿਕਮੇ ਨੂੰ ਢਿੱਲੀਆਂ ਤਾਰਾਂ ਨੂੰ ਸਹੀ ਕਰਨ ਸਬੰਧੀ ਲਿਖਿਆ ਗਿਆ ਸੀ। ਇਸ ਬਾਰੇ ਜਦੋਂ ਪਾਵਰਕਾਮ ਸਬ-ਅਰਬਨ ਦੇ ਐੱਸ. ਡੀ. ਓ. ਮੁਖਤਿਆਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿ ਬੱਚੇ ਨੂੰ ਕਰੰਟ ਲੱਗਣ ਅਤੇ ਉਸ ਦੀ ਇਲਾਜ ਦੌਰਾਨ ਮੌਤ ਸਬੰਧੀ ਪੁਲਸ ਮਹਿਕਮੇ ਅਤੇ ਪਿੰਡ ਵਾਸੀਆਂ ਵੱਲੋਂ ਕੋਈ ਸੂਚਨਾ ਨਹੀਂ ਹੈ।


Babita

Content Editor

Related News