ਫਗਵਾੜਾ: ਨੌਜਵਾਨ ਦੀ ਮੌਤ ''ਤੇ ਭੜਕੇ ਪਰਿਵਾਰਕ ਮੈਂਬਰ, ਲਾਸ਼ ਸੜਕ ''ਤੇ ਰੱਖ ਕੇ ਕੀਤਾ ਪ੍ਰਦਰਸ਼ਨ

04/01/2022 12:49:12 PM

ਫਗਵਾੜਾ (ਜਲੋਟਾ)-ਫਗਵਾੜਾ ’ਚ ਦੇਰ ਰਾਤ ਉਸ ਵੇਲੇ ਸਥਾਨਕ ਸਿਵਲ ਹਸਪਤਾਲ ’ਚ ਭਾਰੀ ਹੰਗਾਮਾ ਹੋ ਗਿਆ, ਜਦ ਇਕ ਸੜਕ ਹਾਦਸੇ ’ਚ ਮਾਰੇ ਗਏ ਨੌਜਵਾਨ ਅਮਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਜਗਜੀਤਪੁਰ ਦੀ ਮੌਤ ਨੂੰ ਲੈ ਕੇ ਉਸ ਦੇ ਸਾਥੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰੀ ਡਾਕਟਰਾਂ ਅਤੇ ਫਗਵਾੜਾ ਪੁਲਸ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਲਾਸ਼ ਨੂੰ ਕੌਮੀ ਰਾਜਮਾਰਗ ਨੰਬਰ 1 ’ਤੇ ਰੱਖ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਮਰਜੀਤ ਸਿੰਘ ਨੂੰ ਇਕ ਕੈਂਟਰ ਗੱਡੀ ਨੇ ਟੱਕਰ ਮਾਰੀ ਹੈ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਅਮਰਜੀਤ ਸਿੰਘ ਨੂੰ ਉਹ ਗੰਭੀਰ ਹਾਲਤ ’ਚ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਆਏ ਸਨ ਪਰ ਮੌਕੇ ’ਤੇ ਉਨ੍ਹਾਂ ਨੂੰ ਫੌਰੀ ਤੌਰ ’ਤੇ ਕੋਈ ਵੀ ਸਰਕਾਰੀ ਡਾਕਟਰ ਨਹੀਂ ਮਿਲਿਆ ਅਤੇ ਇਸ ਤੋਂ ਬਾਅਦ ਜ਼ਖ਼ਮੀ ਹੋਏ ਅਮਰਜੀਤ ਸਿੰਘ ਦੇ ਇਲਾਜ ’ਚ ਭਾਰੀ ਲਾਪ੍ਰਵਾਹੀ ਵਰਤੀ ਗਈ ਹੈ।

ਉਨ੍ਹਾਂ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਸਰਕਾਰੀ ਹਸਪਤਾਲ ’ਚ ਅਮਰਜੀਤ ਸਿੰਘ ਨੂੰ ਤੁਰੰਤ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਸ ਦੀ ਲਾਸ਼ ਨੂੰ ਮੋਰਚਰੀ ’ਚ ਰੱਖਿਆ ਜਾਵੇਗਾ ਪਰ ਜਦੋਂ ਉਹ ਮੋਰਚਰੀ ਪੁੱਜੇ ਤਾਂ ਉਨ੍ਹਾਂ ਦੇ ਉਸ ਵੇਲੇ ਹੋਸ਼ ਉੱਡ ਗਏ, ਜਦੋਂ ਉਨ੍ਹਾਂ ਵੇਖਿਆ ਕਿ ਅਮਰਜੀਤ ਸਿੰਘ ਜਿਊਂਦਾ ਸੀ ਅਤੇ ਉਸ ਦੀ ਦਿਲ ਦੀ ਧੜਕਣ ਅਤੇ ਸਾਹ ਚੱਲ ਰਹੇ ਸਨ। ਇਸ ਤੋਂ ਪਹਿਲਾਂ ਕਿ ਉਹ ਕੋਈ ਵੱਡਾ ਉਪਰਾਲਾ ਕਰ ਸਕਦੇ ਅਮਰਜੀਤ ਸਿੰਘ ਨੇ ਦਮ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਅਮਰਜੀਤ ਸਿੰਘ ਨੂੰ ਠੀਕ ਢੰਗ ਨਾਲ ਇਲਾਜ ਮਿਲਦਾ ਅਤੇ ਇਸ ਤਰ੍ਹਾਂ ਦੀ ਵੱਡੀ ਅਣਗਹਿਲੀ ਨਹੀਂ ਹੁੰਦੀ ਤਾਂ ਉਹ ਹੁਣ ਜਿਉਂਦਾ ਹੁੰਦਾ। ਜਦ ਉਨ੍ਹਾਂ ਵੱਲੋਂ ਸੜਕ ਹਾਦਸੇ ਦੀ ਸੂਚਨਾ ਥਾਣਾ ਰਾਵਲਪਿੰਡੀ ਫਗਵਾੜਾ ਦੀ ਪੁਲਸ ਨੂੰ ਦਿੱਤੀ ਗਈ ਤਾਂ ਪੁਲਸ ਦੇ ਇਕ ਵੱਡੇ ਅਧਿਕਾਰੀ ਨੇ ਸਿੱਧੇ ਤੌਰ ’ਤੇ ਕਿਹਾ ਕਿ ਅੱਜ ਉਹ ਵਿਹਲਾ ਨਹੀਂ ਹੈ ਅਤੇ ਉਹ ਸਾਰੇ ਮਾਮਲੇ ਦੀ ਸਾਰ ਕੱਲ੍ਹ ਹਸਪਤਾਲ ਜਾ ਕੇ ਲਵੇਗਾ। ਉਨ੍ਹਾਂ ਕਿਹਾ ਕਿ ਇਸ ਸਭ ਦੇ ਦੌਰਾਨ ਮ੍ਰਿਤਕ ਅਮਰਜੀਤ ਸਿੰਘ ਦੀ ਜੇਬ ’ਚ ਪਏ 50 ਹਜ਼ਾਰ ਰੁਪਏ ਵੀ ਕਿਸੇ ਨੇ ਕੱਢ ਲਏ ਹਨ।

PunjabKesari

ਇਹ ਵੀ ਪੜ੍ਹੋ: ਇਸ ਗੈਂਗਸਟਰ ਗਰੁੱਪ ਨੇ ਲਈ ਨਵਾਂਸ਼ਹਿਰ ’ਚ ਕਤਲ ਕੀਤੇ ਨੌਜਵਾਨ ਦੀ ਜ਼ਿੰਮੇਵਾਰੀ, ਫੇਸਬੁੱਕ ’ਤੇ ਪਾਈ ਪੋਸਟ

ਖ਼ਬਰ ਲਿਖੇ ਜਾਣ ਤੱਕ ਫਗਵਾੜਾ ਵਿਖੇ ਕੌਮੀ ਰਾਜਮਾਰਗ ਨੰਬਰ ਇਕ ’ਤੇ ਮ੍ਰਿਤਕ ਅਮਰਜੀਤ ਸਿੰਘ ਦੀ ਲਾਸ਼ ਨੂੰ ਸੜਕ ਵਿਚਕਾਰ ਰੱਖ ਕੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਹੈ, ਜਿਸ ਕਾਰਨ ਜਲੰਧਰ ਵੱਲੋਂ ਆ ਰਿਹਾ ਟ੍ਰੈਫਿਕ ਪੂਰੀ ਤਰ੍ਹਾਂ ਨਾਲ ਰੁਕ ਗਿਆ ਹੈ ਅਤੇ ਸੜਕ ’ਤੇ ਟਰੱਕਾਂ ਕਾਰਾਂ ਅਤੇ ਹੋਰ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ’ਚ ਵੇਖਿਆ ਜਾ ਰਿਹਾ ਹੈ।

ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਤਰ ਸਮੇਤ ਪੁੱਜੇ ਵਿਧਾਇਕ
ਉੱਧਰ ਮਾਮਲੇ ਦੀ ਸੂਚਨਾ ਮਿਲਦੇ ਹੀ ਫਗਵਾੜਾ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਉਨ੍ਹਾਂ ਦਾ ਪੁੱਤਰ ਹਨੀ ਧਾਲੀਵਾਲ ਤੁਰੰਤ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਕੌਮੀ ਰਾਜਮਾਰਗ ਨੰਬਰ ਇਕ ਦੇ ਵਿਚਕਾਰ ਲਾਸ਼ ਰੱਖ ਰੋਸ ਧਰਨਾ ਲਗਾ ਕੇ ਬੈਠੇ ਪਿੰਡ ਜਗਜੀਤਪੁਰ ਦੇ ਵਸਨੀਕਾਂ ਅਤੇ ਮ੍ਰਿਤਕ ਅਮਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਸਮੇਤ ਉਸ ਦੇ ਸਾਥੀਆਂ ਨਾਲ ਗੱਲਬਾਤ ਕੀਤੀ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਸਰਕਾਰੀ ਸਿਵਲ ਹਸਪਤਾਲ ਵਿਖੇ ਬਹੁਤ ਵੱਡਾ ਧੱਕਾ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਜਿਊਂਦੇ ਪਰਿਵਾਰਕ ਜੀਅ ਅਮਰਜੀਤ ਸਿੰਘ ਨੂੰ ਬਿਨ੍ਹਾਂ ਚੰਗਾ ਇਲਾਜ ਦਿੱਤੇ ਹੀ ਜਿਊਂਦੇ ਜੀ ਮੁਰਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਵਿਧਾਇਕ ਧਾਲੀਵਾਲ ਨੂੰ ਫਗਵਾੜਾ ਪੁਲਸ ਦੀ ਸਾਰੇ ਮਾਮਲੇ ’ਚ ਰਹੀ ਢਿੱਲੀ ਕਾਰਜਸ਼ੈਲੀ ਸਬੰਧੀ ਵੀ ਦੱਸਿਆ ਅਤੇ ਇਸ ਗੱਲ ’ਤੇ ਭਾਰੀ ਰੋਸ ਜਤਾਇਆ ਕਿ ਸਰਕਾਰੀ ਪੱਧਰ ’ਤੇ ਆਮ ਵਿਅਕਤੀ ਨੂੰ ਕੁਝ ਵੀ ਚੰਗਾ ਨਹੀਂ ਮਿਲ ਪਾ ਰਿਹਾ ਹੈ। ਲੋਕਾਂ ਦੀਆਂ ਦੱਸੀਆਂ ਗਈਆਂ ਗੱਲਾਂ ਅਤੇ ਲਗਾਏ ਜਾ ਰਹੇ ਗੰਭੀਰ ਦੋਸ਼ਾਂ ਤੋਂ ਬਾਅਦ ਵਿਧਾਇਕ ਧਾਲੀਵਾਲ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਖੁਦ ਫਗਵਾੜਾ ਸਿਵਲ ਹਸਪਤਾਲ ਵਿਖੇ ਪੁੱਜੇ ਅਤੇ ਸਰਕਾਰੀ ਡਾਕਟਰਾਂ ਸਮੇਤ ਮੌਕੇ ’ਤੇ ਮੌਜੂਦ ਰਹੇ ਫਗਵਾੜਾ ਪੁਲਸ ਦੇ ਡੀ. ਐੱਸ. ਪੀ. ਅਤੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

PunjabKesari

ਇਹ ਵੀ ਪੜ੍ਹੋ: ਚੰਡੀਗੜ੍ਹ ਮਸਲੇ ’ਤੇ ਸੁਖਪਾਲ ਖਹਿਰਾ ਨੇ ਸੁਝਾਏ 3 ਨੁਕਤੇ, ਕਿਹਾ-ਇੰਝ ਚੁੱਕਣ CM ਭਗਵੰਤ ਮਾਨ ਆਵਾਜ਼

ਐੱਸ. ਡੀ. ਐੱਮ. ਕਰਨਗੇ ਮਾਮਲੇ ਦੀ ਜਾਂਚ : ਧਾਲੀਵਾਲ
3 ਮੈਂਬਰੀ ਸਰਕਾਰੀ ਡਾਕਟਰਾਂ ਦਾ ਬੋਰਡ ਕਰੇਗਾ ਲਾਸ਼ ਦਾ ਪੋਸਟਮਾਰਟਮ
‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਮਾਮਲਾ ਬਹੁਤ ਮੰਦਭਾਗਾ ਅਤੇ ਦੁੱਖਦਾਈ ਰਿਹਾ ਹੈ ਅਤੇ ਇਸ ਸਾਰੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮ੍ਰਿਤਕ ਅਮਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਦੀ ਰੱਖੀ ਗਈ ਮੰਗ ਮੁਤਾਬਕ ਉਸ ਦੀ ਲਾਸ਼ ਦਾ ਪੋਸਟਮਾਰਟਮ ਸਰਕਾਰੀ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ ਵੱਲੋਂ ਕੀਤਾ ਜਾਵੇਗਾ ਅਤੇ ਇਸ ਸਾਰੇ ਮਾਮਲੇ ਦੀ ਜਾਂਚ ਫਗਵਾੜਾ ਦੇ ਐੱਸ. ਡੀ. ਐੱਮ. ਵੱਲੋਂ ਹੋਵੇਗੀ। ਜੇਕਰ ਪੋਸਟਮਾਰਟਮ ਦੀ ਰਿਪੋਰਟ ’ਚ ਕਿਸੇ ਵੀ ਪੱਧਰ ’ਤੇ ਸਰਕਾਰੀ ਡਾਕਟਰਾਂ ਵੱਲੋਂ ਕੀਤੀ ਗਈ ਲਾਪ੍ਰਵਾਹੀ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਨੂੰ ਪੂਰੀ ਸਖ਼ਤੀ ਨਾਲ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਫਗਵਾੜਾ ਪੁਲਸ ਅਤੇ ਸਰਕਾਰੀ ਡਾਕਟਰਾਂ ਦੀ ਰਹੀ ਕਾਰਜਸ਼ੈਲੀ ਦੀ ਹਕੀਕਤ ਐੱਸ. ਡੀ. ਐੱਮ. ਫਗਵਾੜਾ ਵੱਲੋਂ ਕੀਤੀ ਜਾਣ ਵਾਲੀ ਜਾਂਚ ’ਚ ਹੋਵੇਗਾ।

PunjabKesari

ਇਹ ਵੀ ਪੜ੍ਹੋ: ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ 'ਚ ਯਾਦਵਿੰਦਰ ਯਾਦਾ ਗ੍ਰਿਫ਼ਤਾਰ, ਸਾਹਮਣੇ ਆਈ ਇਹ ਗੱਲ

PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News