ਰੇਲ ਪਟੜੀ ਤੋਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿਚ ਆਇਆ ਨਵਾਂ ਮੋੜ, ਨੇਪਾਲੀ ਵਿਆਹੁਤਾ ਨਾਲ ਸਨ ਸੰਬੰਧ

01/20/2021 11:03:44 AM

ਜਲੰਧਰ (ਵਰੁਣ)–9 ਦਿਨ ਪਹਿਲਾਂ ਫ੍ਰੈਂਡਜ਼ ਕਾਲੋਨੀ ਦੀਆਂ ਰੇਲਵੇ ਲਾਈਨਾਂ ਵਿਚੋਂ ਮਿਲੀ 22 ਸਾਲਾ ਅੰਕਿਤ ਯਾਦਵ ਦੀ ਲਾਸ਼ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਅੰਕਿਤ ਦੇ ਪਿਤਾ ਕੈਲਾਸ਼ ਯਾਦਵ ਨੇ ਜਲੰਧਰ ਪੁਲਸ ਦੇ ਡੀ. ਸੀ. ਪੀ. ਨੂੰ ਸ਼ਿਕਾਇਤ ਦੇ ਕੇ ਅੰਕਿਤ ਨੂੰ ਕਤਲ ਕਰਨ ਦੇ ਦੋਸ਼ ਲਾਏ ਹਨ। ਦੋਸ਼ ਹੈ ਕਿ ਅੰਕਿਤ ਦਾ ਕਤਲ ਕਰਕੇ ਉਸ ਦੀ ਲਾਸ਼ ਰੇਲਵੇ ਟਰੈਕ ’ਤੇ ਸੁੱਟੀ ਗਈ ਸੀ। ਡੀ. ਸੀ. ਪੀ. ਨੇ ਸ਼ਿਕਾਇਤ ਜਾਂਚ ਲਈ ਥਾਣਾ ਨੰਬਰ 8 ਦੇ ਐੱਸ. ਐੱਚ. ਓ. ਕਮਲਜੀਤ ਸਿੰਘ ਨੂੰ ਮਾਰਕ ਕਰ ਦਿੱਤੀ ਹੈ।

ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੂੰ ਦਿੱਤੀ ਸ਼ਿਕਾਇਤ ਵਿਚ ਬਚਿੰਤ ਨਗਰ ਗਲੀ ਨੰਬਰ 1 ਦੇ ਰਹਿਣ ਵਾਲੇ ਕੈਲਾਸ਼ ਯਾਦਵ ਪੁੱਤਰ ਰਾਮ ਬਲੀ ਯਾਦਵ ਨੇ ਦੱਸਿਆ ਕਿ 11 ਜਨਵਰੀ ਨੂੰ ਉਨ੍ਹਾਂ ਦੇ ਬੇਟੇ ਅੰਕਿਤ ਯਾਦਵ ਦੀ ਲਾਸ਼ ਰੇਲਵੇ ਲਾਈਨਾਂ ਵਿਚੋਂ ਮਿਲੀ ਸੀ। ਉਨ੍ਹਾਂ ਦੱਸਿਆ ਕਿ 10 ਜਨਵਰੀ ਦੀ ਸ਼ਾਮ ਨੂੰ ਕਰੀਬ 7.30 ਵਜੇ ਅੰਕਿਤ ਆਪਣਾ ਮੋਬਾਇਲ ਚਾਰਜ ਕਰਨ ਲਈ ਲਾ ਕੇ ਆਪਣੀ ਮਾਂ ਦਾ ਮੋਬਾਇਲ ਲੈ ਕੇ ਗਿਆ ਸੀ। ਉਸ ਤੋਂ ਬਾਅਦ ਅੰਕਿਤ ਨੇ ਆਪਣੇ ਭਰਾ ਅਮਿਤ ਨੂੰ ਫੋਨ ਕਰਕੇ ਕਿਹਾ ਕਿ ਜਦੋਂ ਤੱਕ ਉਹ ਘਰ ਨਾ ਆਵੇ, ਉਦੋਂ ਤੱਕ ਉਸ ਦਾ ਮੋਬਾਇਲ ਚਾਰਜਿੰਗ ਤੋਂ ਨਾ ਉਤਾਰਿਆ ਜਾਵੇ। ਰਾਤ 9 ਵਜੇ ਤੱਕ ਅੰਕਿਤ ਘਰ ਨਾ ਆਇਆ ਤਾਂ ਉਸ ਦੇ ਪਿਤਾ ਨੇ ਅੰਕਿਤ ਨੂੰ ਉਸ ਦੀ ਮਾਂ ਦੇ ਮੋਬਾਇਲ ’ਤੇ ਫੋਨ ਕੀਤਾ ਪਰ ਉਹ ਬੰਦ ਸੀ।
ਕੈਲਾਸ਼ ਯਾਦਵ ਨੇ ਕਿਹਾ ਕਿ ਅੰਕਿਤ ਪਹਿਲਾਂ ਵੀ ਕਦੀ-ਕਦੀ ਆਪਣੇ ਦੋਸਤ ਦੇ ਘਰ ਰਾਤ ਨੂੰ ਰੁਕ ਜਾਂਦਾ ਹੁੰਦਾ ਸੀ, ਜਿਸ ਕਾਰਨ ਉਨ੍ਹਾਂ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਕੀਤੀ ਅਤੇ ਸੋਚਿਆ ਕਿ ਉਹ ਸਵੇਰੇ ਵਾਪਸ ਆ ਜਾਵੇਗਾ। 11 ਜਨਵਰੀ ਨੂੰ ਵੀ ਫੋਨ ਕੀਤਾ ਗਿਆ ਪਰ ਫੋਨ ਬੰਦ ਸੀ। ਉਸੇ ਦਿਨ ਸਵੇਰੇ 7 ਵਜੇ ਤੋਂ ਅੰਕਿਤ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਸ਼ਰਮਸਾਰ: ਮੋਗਾ ’ਚ 2 ਬੱਚਿਆਂ ਦੇ ਪਿਓ ਵੱਲੋਂ ਤੀਜੀ ਜਮਾਤ ’ਚ ਪੜ੍ਹਦੀ ਬੱਚੀ ਨਾਲ ਜਬਰ-ਜ਼ਿਨਾਹ

PunjabKesari

ਵਿਆਹੁਤਾ ਨੇਪਾਲੀ ਨਾਲ ਨਿਕਲੇ ਸੰਬੰਧ
ਕੈਲਾਸ਼ ਯਾਦਵ ਨੇ ਦੱਸਿਆ ਕਿ ਉਸ ਦੇ ਬੇਟੇ ਦੇ ਇਕ ਵਿਆਹੁਤਾ ਨੇਪਾਲੀ ਔਰਤ ਨਾਲ ਸਬੰਧ ਸਨ। ਜਦੋਂ ਉਹ ਨੇਪਾਲੀ ਔਰਤ ਦੇ ਘਰ ਗਏ ਤਾਂ ਉਸ ਨੇ ਦੱਸਿਆ ਕਿ ਅੰਕਿਤ ਕਿਸੇ ਰਾਜਾ ਨਾਂ ਦੇ ਨੌਜਵਾਨ ਨਾਲ ਗਿਆ ਹੈ। ਉਹ ਵਾਪਸ ਆਪਣੇ ਘਰ ਆਏ ਤਾਂ ਕੁਝ ਸਮੇਂ ਬਾਅਦ ਉਨ੍ਹਾਂ ਦੋਬਾਰਾ ਅੰਕਿਤ ਦੀ ਮਾਂ ਦੇ ਮੋਬਾਇਲ ’ਤੇ ਫੋਨ ਕੀਤਾ, ਜੋ ਕਿਸੇ ਹੋਰ ਵਿਅਕਤੀ ਨੇ ਚੁੱਕਿਆ ਅਤੇ ਉਸ ਨੂੰ ਜੀ. ਆਰ. ਪੀ. ਥਾਣੇ ਬੁਲਾਇਆ। ਉਨ੍ਹਾਂ ਦੋਸ਼ ਲਾਇਆ ਕਿ ਫੋਨ ਰੱਖਣ ਤੋਂ 5 ਮਿੰਟ ਬਾਅਦ ਹੀ ਨੇਪਾਲੀ ਜਨਾਨੀ ਦਾ ਫੋਨ ਆ ਗਿਆ ਅਤੇ ਉਸ ਨੇ ਵੀ ਇਹੀ ਦੱਸਿਆ ਕਿ ਅੰਕਿਤ ਜੀ. ਆਰ. ਪੀ. ਥਾਣੇ ਵਿਚ ਹੈ। ਜਿਉਂ ਹੀ ਉਹ ਜੀ. ਆਰ. ਪੀ. ਥਾਣੇ ਗਏ ਤਾਂ ਪਤਾ ਲੱਗਾ ਕਿ ਅੰਕਿਤ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਲਾਸ਼ ਫ੍ਰੈਂਡਜ਼ ਕਾਲੋਨੀ ਵਿਚ ਸਥਿਤ ਰੇਲਵੇ ਲਾਈਨਾਂ ਵਿਚੋਂ ਮਿਲੀ ਸੀ।
ਜੀ. ਆਰ. ਪੀ. ਥਾਣੇ ਦੀ ਪੁਲਸ ਕੈਲਾਸ਼ ਯਾਦਵ ਅਤੇ ਉਸ ਨਾਲ ਗਏ ਹੋਰ ਰਿਸ਼ਤੇਦਾਰਾਂ ਨੂੰ ਸਿਵਲ ਹਸਪਤਾਲ ਲੈ ਗਈ, ਜਿੱਥੇ ਅੰਕਿਤ ਦੀ ਲਾਸ਼ ਦੀ ਪਛਾਣ ਕਰਵਾਈ ਗਈ। 2 ਘੰਟੇ ਤੱਕ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਕੈਲਾਸ਼ ਯਾਦਵ ਨੇ ਕਿਹਾ ਕਿ ਜੀ. ਆਰ. ਪੀ. ਥਾਣੇ ਦੀ ਪੁਲਸ ਨੇ ਉਨ੍ਹਾਂ ਨੂੰ ਲਾਸ਼ ਦੇ ਖਰਾਬ ਹੋ ਜਾਣ ਦਾ ਕਹਿ ਕੇ ਸਭ ਤੋਂ ਪਹਿਲਾਂ ਸਸਕਾਰ ਕਰਨ ਦੀ ਗੱਲ ਕਹੀ ਅਤੇ ਉਸ ਤੋਂ ਬਾਅਦ ਬਿਆਨ ਦੇਣ ਲਈ ਕਿਹਾ, ਜਿਸ ’ਤੇ ਉਨ੍ਹਾਂ ਪੋਸਟਮਾਰਟਮ ਉਪਰੰਤ ਆਪਣੇ ਬੇਟੇ ਦਾ ਸਸਕਾਰ ਕਰ ਦਿੱਤਾ।

ਇਹ ਵੀ ਪੜ੍ਹੋ : ਠੰਡ ਤੋਂ ਬਚਣ ਲਈ ਬਾਲ਼ੀ ਅੰਗੀਠੀ, ਦਮ ਘੁਟਣ ਕਾਰਨ ਮਾਂ ਸਣੇ ਦੋ ਬਚਿਆਂ ਦੀ ਮੌਤ

PunjabKesari

ਗਲੇ ’ਤੇ ਸਨ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ
ਕੈਲਾਸ਼ ਯਾਦਵ ਨੇ ਕਿਹਾ ਕਿ ਜਦੋਂ ਉਨ੍ਹਾਂ ਆਪਣੇ ਬੇਟੇ ਦੀ ਲਾਸ਼ ਦੇਖੀ ਤਾਂ ਉਸ ਦੇ ਗਲੇ ’ਤੇ ਅੱਧਾ ਇੰਚ ਤੇਜ਼ਧਾਰ ਹਥਿਆਰ ਨਾਲ ਮਾਰੇ ਗਏ ਕੱਟ ਦਾ ਨਿਸ਼ਾਨ ਸੀ। ਹੱਥ ’ਤੇ ਵੀ ਤੇਜ਼ ਹਥਿਆਰ ਨਾਲ ਕੱਟ ਲੱਗਣ ਦੇ ਨਿਸ਼ਾਨ ਸਨ, ਜਦੋਂ ਕਿ ਸਿਰ ’ਤੇ ਗੰਭੀਰ ਸੱਟ ਲੱਗੀ ਹੋਈ ਸੀ। ਇਸ ਤੋਂ ਇਲਾਵਾ ਅੰਕਿਤ ਦੀ ਲਾਸ਼ ’ਤੇ ਕਿਸੇ ਤਰ੍ਹਾਂ ਦੇ ਸੱਟ ਦੇ ਨਿਸ਼ਾਨ ਨਹੀਂ ਸਨ ਅਤੇ ਉਸਦੇ ਕੱਪੜੇ ਵੀ ਸਹੀ ਸਨ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਨੇਪਾਲੀ ਜਨਾਨੀ ਦੇ ਕੁਝ ਜਾਣਕਾਰ ਲੋਕਾਂ ਨੇ ਹੀ ਉਸ ਦੇ ਬੇਟੇ ਨੂੰ ਕਤਲ ਕਰਕੇ ਉਸ ਦੀ ਲਾਸ਼ ਰੇਲਵੇ ਲਾਈਨਾਂ ’ਤੇ ਸੁੱਟੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੰਕਿਤ ਦਾ 2019 ਵਿਚ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨਾਲ ਝਗੜਾ ਹੋਇਆ ਸੀ। ਉਹ ਧਿਰ ਅੰਕਿਤ ਨੂੰ ਅਕਸਰ ਧਮਕਾਉਂਦੀ ਰਹਿੰਦੀ ਸੀ। ਮਾਮਲਾ ਡੀ. ਸੀ. ਪੀ. ਤੱਕ ਪਹੁੰਚਣ ਤੋਂ ਬਾਅਦ ਸ਼ਿਕਾਇਤ ਨੂੰ ਥਾਣਾ ਨੰਬਰ 8 ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ। ਕੈਲਾਸ਼ ਯਾਦਵ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਸੱਚ ਸਾਹਮਣੇ ਆ ਸਕੇ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News