ਰੇਲਵੇ ਸਟੇਸ਼ਨਾਂ ’ਤੇ ਲੱਗਣਗੀਆਂ ਬੋਤਲ ਕਰੱਸ਼ ਮਸ਼ੀਨਾਂ

08/29/2018 6:07:39 AM

ਲੁਧਿਆਣਾ, (ਵਿਪਨ)- ਰੇਲਵੇ ਪ੍ਰਸ਼ਾਸਨ ਵਲੋਂ ਪਲਾਸਟਿਕ  ਬੈਨ ਦਾ ਸਮਰਥਨ ਕਰਦੇ ਹੋਏ ਹਾਲ ਹੀ ਵਿਚ ਦੇਸ਼ ਭਰ ਦੇ 2000 ਦੇ ਲਗਭਗ ਰੇਲਵੇ ਸਟੇਸ਼ਨਾਂ ’ਤੇ ਪਲਾਸਟਿਕ ਬੋਤਲ ਕਰੱਸ਼ਿੰਗ ਮਸ਼ੀਨ ਲਾਉਣ ਦਾ ਫੈਸਲਾ ਲਿਆ ਗਿਆ ਸੀ, ਇਸੇ ਲਡ਼ੀ ’ਚ ਸਥਾਨਕ ਰੇਲਵੇ ਸਟੇਸ਼ਨ ’ਤੇ ਵੀ ਇਕ ਇਸ ਤਰ੍ਹਾਂ ਦੀ ਮਸ਼ੀਨ ਸਥਾਪਤ ਕੀਤੀ ਗਈ ਹੈ।
 ਸਥਾਨਕ ਰੇਲਵੇ ਸਟੇਸ਼ਨ ’ਤੇ ਲਗਾਈ ਗਈ ਇਸ ਮਸ਼ੀਨ ਦੀ ਕਾਰਜ਼ਸ਼ੈਲੀ ਸਬੰਧੀ ਜਾਣਕਾਰੀ ਦਿੰਦਿਆਂ ਸਟੇਸ਼ਨ ਡਾਇਰੈਕਟਰ ਅਭਿਨਵ ਸਿੰਗਲਾ ਨੇ ਦੱਸਿਆ ਕਿ ਫਿਲਹਾਲ ਇਸਤੇਮਾਲ ਕੀਤੀਆਂ ਗਈਆਂ ਪਲਾਸਟਿਕ ਬੋਤਲਾਂ ਜੋ ਯਾਤਰੀਆਂ ਵਲੋਂ ਇਧਰ-ਉਧਰ ਸੁੱਟ ਦਿੱਤੀਆਂ ਜਾਂਦੀਆਂ ਹਨ, ਨੂੰ ਮੈਨੂਅਲੀ ਡਿਸਪੋਜ਼ ਕੀਤਾ ਜਾਂਦਾ ਹੈ ਪਰ ਰੇਲਵੇ ਸਟੇਸ਼ਨਾਂ ’ਤੇ ਇਨ੍ਹਾਂ ਮਸ਼ੀਨਾਂ ਵਲੋਂ ਪਲਾਸਟਿਕ ਦੀ ਬੋਤਲ ਨੂੰ ਛੋਟੇ-ਛੋਟੇ ਟੁਕਡ਼ਿਆਂ ਵਿਚ ਕੱਟਿਆ ਜਾਵੇਗਾ।
 ਉਨ੍ਹਾਂ ਦੱਸਿਆ ਕਿ ਯਾਤਰੀਆਂ ਵਲੋਂ ਇਧਰ-ਉਧਰ ਸੁੱਟੀਆਂ ਜਾਣ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ ਜਿੱਥੇ ਇਕ ਪਾਸੇ ਵਾਤਾਵਰਣ ਨੂੰ ਦੂਸ਼ਿਤ ਕਰਦੀਆਂ ਹਨ, ਦੂਜੇ ਪਾਸੇ ਰੇਲਵੇ ਟਰੈਕ ’ਤੇ ਸੁੱਟੀਆਂ ਗਈਆਂ ਬੋਤਲਾਂ ਕਾਂਟੇ ’ਚ ਫਸ ਜਾਣ ਨਾਲ ਸਿਗਨਲ ਜਾਮ ਹੋਣ ਨਾਲ ਟਰੇਨ  ਚਲਾਉਣ ਵਿਚ ਵੀ ਸਮੱਸਿਆ  ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਨ੍ਹਾਂ  ਦੱਸਿਆ ਕਿ ਯਾਤਰੀਆਂ ਵਲੋਂ ਸੁੱਟੀਆਂ ਜਾਣ ਵਾਲੀਆਂ ਬੋਤਲਾਂ ਨੂੰ ਨਾਜਾਇਜ਼ ਵੈਂਡਰਾਂ ਵਲੋਂ ਗਲਤ ਤਰੀਕੇ ਨਾਲ ਦੁਬਾਰਾ ਪ੍ਰਯੋਗ ’ਚ ਲਿਅਾਂਦਾ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਦੇ ਲੱਗਣ ਨਾਲ ਜਿਥੇ ਇਕ ਪਾਸੇ ਯਾਤਰੀਆਂ ਨੂੰ ਪਲੇਟਫਾਰਮ, ਟਰੈਕ ਕੰਪਲੈਕਸ ਵਿਚ ਇਧਰ-ਉਧਰ ਪਲਾਸਟਿਕ ਦੀਆਂ ਬੋਤਲਾਂ ਸੁੱਟਣ ਦੀ ਲੋੜ ਨਹੀਂ ਪਵੇਗੀ, ਉਥੇ ਦੂਜੇ ਪਾਸੇ ਪ੍ਰਦੂਸ਼ਣ ਦੇ ਪੱਧਰ ਵਿਚ ਕਮੀ ਆਵੇਗੀ। 
ਆਈ. ਆਰ. ਸੀ. ਟੀ. ਸੀ. ਤੋਂ ਲੈ ਕੇ ਲਾਈ ਮਸ਼ੀਨ 
 ਸੀ. ਐੱਮ. ਆਈ. ਅਜੇ ਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਸਟੇਸ਼ਨ ’ਤੇ  ਵਰਤੋਂ ਲਈ ਇਕ ਬੋਤਲ ਕਰੱਸ਼ ਮਸ਼ੀਨ ਸਥਾਪਤ ਕੀਤੀ ਗਈ ਹੈ, ਜਿਸ ਨੂੰ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ. ਦੀ ਸਹਾਇਤਾ ਨਾਲ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਦੇ ਸਫਲ ਰਹਿਣ ਦੇ ਬਾਅਦ ਇਸ ਨੂੰ ਨਿਕਾਸੀ ਅਤੇ ਪ੍ਰਵੇਸ਼ ਗੇਟਾਂ ਸਮੇਤ ਯਾਤਰੀ ਉਡੀਕ ਘਰ ਅਤੇ ਪਲੇਟਫਾਰਮਾਂ ’ਤੇ ਸਥਾਪਤ ਕੀਤਾ ਜਾਵੇਗਾ।
ਪਲਾਸਟਿਕ ਦੀ ਵਰਤੋਂ ’ਤੇ ਲੱਗੇਗਾ ਜੁਰਮਾਨਾ 
 ਸੂਤਰ ਦੱਸਦੇ ਹਨ ਕਿ ਰੇਲਵੇ ਪ੍ਰਸ਼ਾਸਨ ਨੇ ਸਟੇਸ਼ਨ ਕੰਪਲੈਕਸ ਵਿਚ ਪਲਾਸਟਿਕ ਉਤਪਾਦਾਂ ਦੀ ਵਰਤੋਂ ਨੂੰ ਰੋਕਣ ਲਈ ਇਨ੍ਹਾਂ ਦਾ ਸਟੇਸ਼ਨਾਂ ’ਤੇ ਉਪਯੋਗ ਕਰਨ ਵਾਲਿਆਂ ’ਤੇ 25 ਹਜ਼ਾਰ ਰੁਪਏ ਤਕ  ਜੁਰਮਾਨਾ ਲਾਉਣ ਦੀ ਵਿਵਸਥਾ  ਰੱਖੀ  ਗਈ ਹੈ, ਇਸ ਤੋਂ ਇਲਾਵਾ ਪਲਾਸਟਿਕ ਬੋਤਲ ਕਰੱਸ਼ ਮਸ਼ੀਨਾਂ ਨੂੰ ਸਫਲ ਕਰਨ ਲਈ ਰੇਲਵੇ ਬੋਤਲ ਨੂੰ ਕਰੱਸ਼ ਕਰਨ ’ਤੇ 5 ਰੁਪਏ ਕੈਸ਼ਬੈਕ ਦੇਣ ਦੀ ਵੀ ਯੋਜਨਾ ਬਣਾਏ ਜਾਣ ਦੀ ਸੂਚਨਾ ਹੈ। 
 


Related News