ਸੱਟੇਬਾਜ਼ਾਂ ਨੇ ਵਿਗਾੜ ਰੱਖੀ ਹੈ ਸਟੀਲ ਦੇ ਰੇਟਾਂ ਦੀ ਖੇਡ

Tuesday, Jan 16, 2018 - 10:50 AM (IST)

ਲੁਧਿਆਣਾ (ਧੀਮਾਨ)-ਸਟੀਲ ਦੇ ਰੇਟਾਂ ਵਿਚ ਹਰ ਰੋਜ਼ ਉਛਾਲ ਆਉਣ ਦਾ ਕੋਈ ਬੇਸਿਕ ਕਾਰਨ ਨਹੀਂ ਹੈ। ਫਿਰ ਵੀ ਹਰ ਰੋਜ਼ ਸਟੀਲ ਦੇ ਰੇਟਾਂ ਵਿਚ ਉਛਾਲ ਆ ਰਿਹਾ ਹੈ। ਇਸ ਦਾ ਕਾਰਨ ਜਾਣਨਾ ਚਾਹਿਆ ਤਾਂ ਪਤਾ ਲੱਗਾ ਕਿ ਰੇਟ ਡੇਗਣ ਅਤੇ ਵਧਾਉਣ ਦੀ ਸਾਰੀ ਖੇਡ ਸੱਟੇਬਾਜ਼ਾਂ ਦਾ ਇਕ ਗਰੁੱਪ ਕਰ ਰਿਹਾ ਹੈ, ਜੋ ਇਸ ਧੰਦੇ ਵਿਚ ਕਾਫੀ ਸਰਗਰਮ ਹੈ। 
ਦੱਸਿਆ ਜਾਂਦਾ ਹੈ ਕਿ ਇਸ ਵਿਚ ਕਰੀਬ 10 ਵਿਅਕਤੀ ਕੰਮ ਕਰ ਰਹੇ ਹਨ। ਇਨ੍ਹਾਂ ਦੇ ਨਾਲ ਕੁੱਝ ਕਬਾੜੀਏ ਵੀ ਮਿਲੇ ਹੋਏ ਹਨ। ਕਬਾੜੀਆਂ ਨੇ ਜਦੋਂ ਸਕ੍ਰੈਪ ਖਰੀਦਣੀ ਹੁੰਦੀ ਹੈ ਤਾਂ ਉਹ ਸੱਟੇਬਾਜ਼ਾਂ ਤੋਂ ਸਟੀਲ ਦੇ ਰੇਟ ਡਿਗਵਾ ਦਿੰਦੇ ਹਨ। ਜਦੋਂ ਖਰੀਦ ਲਈ ਜਾਂਦੀ ਹੈ ਤਾਂ ਉਸੇ ਦਿਨ ਕੁੱਝ ਘੰਟਿਆਂ ਬਾਅਦ ਸਟੀਲ ਦੇ ਰੇਟ ਵਧੇ ਹੋਣ ਦਾ ਐੱਸ. ਐੱਮ. ਐੱਸ. ਕਰ ਦਿੰਦੇ ਹਨ। ਵਜ੍ਹਾ, ਕਬਾੜੀਆਂ ਨੇ ਸਕ੍ਰੈਪ ਨੂੰ ਮਿੱਲਾਂ ਨੂੰ ਵੇਚਣਾ ਹੁੰਦਾ ਹੈ। ਇਸ ਐੱਸ. ਐੱਮ. ਐੱਸ. ਦੇ ਧੰਦੇ ਨਾਲ ਮੰਡੀ ਗੋਬਿੰਦਗੜ੍ਹ ਦੀਆਂ ਸਟੀਲ ਮਿੱਲਾਂ ਅਤੇ ਲੁਧਿਆਣਾ ਦੀਆਂ ਸਟੀਲ ਮਿੱਲਾਂ ਲਈ ਵੀ ਕਾਰੋਬਾਰ ਕਰਨਾ ਮੁਸ਼ਕਲ ਹੋ ਗਿਆ ਹੈ। ਉਧਰ, ਸਟੀਲ ਖਰੀਦਣ ਵਾਲੀਆਂ ਕੰਪਨੀਆਂ ਲਈ ਵੀ ਮਾਲ ਖਰੀਦਣਾ ਮੁਸ਼ਕਲ ਹੋ ਗਿਆ ਹੈ। ਸਾਈਕਲ ਅਤੇ ਸਾਈਕਲ ਪਾਰਟਸ, ਆਟੋ ਪਾਰਟਸ, ਸਵਿੰਗ ਮਸ਼ੀਨ, ਹੈਂਡ ਟੂਲਸ, ਟ੍ਰੈਕਟਰ ਪਾਰਟਸ ਆਦਿ ਬਣਾਉਣ ਵਾਲੀਆਂ ਕੰਪਨੀਆਂ ਸਟੀਲ ਬਾਜ਼ਾਰ ਮੁਤਾਬਕ ਆਪਣੇ ਤਿਆਰ ਮਾਲ ਦੀਆਂ ਕੀਮਤਾਂ ਤੈਅ ਕਰਦੀਆਂ ਹਨ ਅਤੇ ਉਹ ਆਪਣੇ ਗਾਹਕਾਂ ਨੂੰ ਅੱਗੇ ਤਿਆਰ ਮਾਲ ਦੀਆਂ ਕੀਮਤਾਂ ਦਿੰਦੀਆਂ ਹਨ ਪਰ ਸੱਟੇਬਾਜ਼ੀ ਦੀ ਖੇਡ ਨੇ ਕੀਮਤਾਂ ਤੈਅ ਕਰਨ ਦਾ ਸਾਰਾ ਸਿਸਟਮ ਹੀ ਵਿਗਾੜ ਦਿੱਤਾ ਹੈ। ਜਦੋਂ ਉਕਤ ਇੰਡਸਟਰੀ ਨਾਲ ਜੁੜੇ ਉੱਦਮੀ ਆਪਣੇ ਗਾਹਕਾਂ ਨੂੰ ਇਕ ਵਾਰ ਰੇਟ ਦੱਸ ਦਿੰਦੇ ਹਨ ਤਾਂ ਮੁੜ ਉਨ੍ਹਾਂ ਨੂੰ ਨਹੀਂ ਕਹਿ ਸਕਦੇ ਕਿ ਸਟੀਲ ਦੇ ਰੇਟ ਵਧ ਗਏ ਹਨ ਅਤੇ ਉਹ ਵੀ ਮਹਿੰਗੇ ਮੁੱਲ ਆਪਣਾ ਮਾਲ ਵੇਚਣਗੇ। ਮਜਬੂਰਨ ਉੱਦਮੀਆਂ ਨੂੰ ਆਪਣੇ ਮਾਰਜ਼ਨ ਤੋਂ ਗਾਹਕਾਂ ਨੂੰ ਪੈਸੇ ਦੇ ਕੇ ਮਾਲ ਸਪਲਾਈ ਕਰਨਾ ਪੈਂਦਾ ਹੈ। ਸੱਟੇਬਾਜ਼ਾਂ ਦਾ ਗਰੁੱਪ ਇੰਨਾ ਤੇਜ਼ ਹੈ ਕਿ ਉਨ੍ਹਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਕਿਸ ਮਿੱਲ ਨੇ ਅੱਜ ਕਿੰਨਾ ਮਾਲ ਤਿਆਰ ਕੀਤਾ ਹੈ ਅਤੇ ਕਿਸ ਕੀਮਤ 'ਤੇ ਵੇਚੇਗਾ। ਦੱਸਿਆ ਜਾਂਦਾ ਹੈ ਕਿ ਇਹੀ ਗਰੁੱਪ ਕੁੱਝ ਸਮਾਂ ਪਹਿਲਾਂ ਮੰਡੀ 'ਚ ਬੋਗਸ ਬਿਲਿੰਗ ਦੇ ਧੰਦੇ ਵਿਚ ਵੀ ਜੁੜਿਆ ਹੋਇਆ ਸੀ। ਹੁਣ ਜੀ. ਐੱਸ. ਟੀ. ਆਉਣ ਤੋਂ ਬਾਅਦ ਤੋਂ ਬੋਗਸ ਬਿਲਿੰਗ ਦਾ ਧੰਦਾ ਬੰਦ ਹੋ ਗਿਆ ਹੈ। ਇਸ ਲਈ ਇਨ੍ਹਾਂ ਨੇ ਸਟੀਲ ਦੀ ਸੱਟੇਬਾਜ਼ੀ ਸ਼ੁਰੂ ਕਰ ਦਿੱਤੀ ਹੈ।


Related News