ਫੈਕਟਰੀ ’ਚ ਵੈਲਡਿੰਗ ਦਾ ਕੰਮ ਕਰਨ ਗਏ ਵੈਲਡਰ ਦੀ ਮਿਲੀ ਲਾਸ਼, ਸ਼ੈੱਡ ਟੁੱਟਣ ਕਾਰਨ ਵਾਪਰਿਆ ਹਾਦਸਾ
Monday, Mar 03, 2025 - 08:09 AM (IST)

ਲੁਧਿਆਣਾ (ਰਾਮ/ਮੁਕੇਸ਼) : ਫੋਕਲ ਪੁਆਇੰਟ ਵਿਸ਼ਕਰਮਾ ਕਾਲੋਨੀ ਨਾਲ ਮੋਤੀ ਨਗਰ ਥਾਣੇ ਅਧੀਨ ਪੈਂਦੇ ਫੇਜ਼-4 ’ਚ ਇਕ ਫੈਕਟਰੀ ਦੇ ਬਾਹਰ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਦੁਕਾਨ ਤੋਂ ਫੈਕਟਰੀ ਅੰਦਰ ਵੈਲਡਿੰਗ ਦਾ ਕੰਮ ਕਰਨ ਗਏ ਵੈਲਡਰ ਦੀ ਮੌਤ ਹੋ ਗਈ। ਹਾਦਸੇ ਮਗਰੋਂ ਫੈਕਟਰੀ ਮਾਲਕ ਲੇਬਰ ਸਮੇਤ ਲਾਸ਼ ਨੂੰ ਅੰਦਰ ਹੀ ਛੱਡ ਕੇ ਫੈਕਟਰੀ ਨੂੰ ਤਾਲੇ ਲਗਾ ਕੇ ਫਰਾਰ ਹੋ ਗਿਆ। ਕਿਹਾ ਜਾਂਦਾ ਹੈ ਜਦੋਂ ਮ੍ਰਿਤਕ ਸ਼ੈੱਡ ਦੇ ਉੱਪਰ ਚੜ੍ਹ ਕੇ ਵੈਲਡਿੰਗ ਦਾ ਕੰਮ ਕਰ ਰਿਹਾ ਸੀ ਤਾਂ ਸ਼ੈੱਡ ਟੁੱਟ ਕੇ ਡਿੱਗ ਗਿਆ। ਇਸ ਦੌਰਾਨ ਮ੍ਰਿਤਕ ਟੁੱਟੇ ਸ਼ੈੱਡ ਹੇਠਾਂ ਤੇਜ਼ਾਬ ਦੀ ਹੌਦੀ ’ਚ ਜਾ ਡਿੱਗਾ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਦੌਰਾਨ ਮ੍ਰਿਤਕ ਦੇ ਪਰਿਵਾਰ ਵਾਲੇ ਤੇ ਵੱਡੀ ਗਿਣਤੀ ’ਚ ਮਜ਼ਦੂਰ ਇਕੱਠੇ ਹੋ ਗਏ, ਜਿਨ੍ਹਾਂ ਫੈਕਟਰੀ ਮਾਲਕ ਖਿਲਾਫ ਰੋਸ ਮੁਜ਼ਾਹਰਾ ਕਰਨਾ ਸ਼ਰੂ ਕਰ ਦਿੱਤਾ। ਹਾਦਸੇ ਦੀ ਸੂਚਨਾ ਮਿਲਣ ’ਤੇ ਮੋਤੀ ਨਗਰ ਥਾਣੇ ਦੇ ਇੰਚਾਰਜ ਐੱਸ. ਐੱਚ. ਓ. ਅੰਮ੍ਰਿਤਪਾਲ ਸਿੰਘ, ਪੁਲਸ ਫੋਰਸ ਤੇ ਪੀ. ਸੀ. ਆਰ. ਦਸਤੇ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਭੜਕੇ ਲੋਕਾਂ ਨੂੰ ਸ਼ਾਂਤ ਕੀਤਾ। ਮ੍ਰਿਤਕ ਸਮੀਰ ਖਾਨ, ਜਿਸ ਦੁਕਾਨ ’ਤੇ ਕੰਮ ਕਰਦਾ ਸੀ, ਉਸ ਦੇ ਮਾਲਕ ਰਮਨਜੀਤ ਨੇ ਕਿਹਾ ਕਿ ਸਮੀਰ 2-3 ਸਾਲਾਂ ਤੋਂ ਉਨ੍ਹਾਂ ਕੋਲ ਵੈਲਡਿੰਗ ਦਾ ਕੰਮ ਕਰ ਰਿਹਾ ਸੀ। ਉਨ੍ਹਾਂ ਨੇ ਉਸ ਨੂੰ ਆਪਣੇ ਪੁੱਤਰਾਂ ਵਾਂਗ ਰੱਖਿਆ ਹੋਇਆ ਸੀ। ਐਤਵਾਰ ਨੂੰ ਸਵੇਰੇ ਫੇਜ਼-4 ’ਚ ਮਸਜਿਦ ਨੇੜੇ ਐੱਸ. ਕੇ. ਮਕੈਨੀਕਲ ਵਰਕਸ ਦਾ ਮਾਲਕ ਇਹ ਕੇ ਸਮੀਰ ਨੂੰ ਫੈਕਟਰੀ ਲੈ ਗਿਆ ਕਿ ਥੋੜ੍ਹਾ ਜਿਹਾ ਵੈਲਡਿੰਗ ਦਾ ਕੰਮ ਹੈ, ਥੋੜ੍ਹੀ ਦੇਰ ’ਚ ਵਾਪਸ ਆ ਜਾਵੇਗਾ। ਜਦੋਂ ਕਾਫੀ ਦੇਰ ਤੱਕ ਸਮੀਰ ਦੁਕਾਨ ’ਤੇ ਵਾਪਸ ਨਾ ਆਇਆ ਤਾਂ ਉਹ ਉਸ ਨੂੰ ਦੇਖਣ ਲਈ ਪਹੁੰਚੇ ਤਾਂ ਦੇਖਿਆ ਫੈਕਟਰੀ ਨੂੰ ਤਾਲਾ ਲੱਗਾ ਹੋਇਆ ਸੀ। ਇਸ ਦੌਰਾਨ ਫੈਕਟਰੀ ਮਾਲਕ ਓਥੇ ਆਇਆ ਤੇ ਫੈਕਟਰੀ ਦੇ ਤਾਲੇ ਖੋਲ੍ਹ ਕੇ ਉਨ੍ਹਾਂ ਨੂੰ ਬਿਨਾਂ ਕੁਝ ਕਹੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਪ੍ਰਾਪਰਟੀ ਧਾਰਕਾਂ ਨੂੰ ਮਿਲੀ ਵੱਡੀ ਰਾਹਤ, ਮਾਨ ਸਰਕਾਰ ਨੇ ਜਾਰੀ ਕੀਤੀ NOTIFICATION
ਜਾਣਕਾਰੀ ਮੁਤਾਬਕ, ਉਹ ਲੋਕ ਜਦੋਂ ਫੈਕਟਰੀ ਅੰਦਰ ਗਏ ਤਾਂ ਦੇਖਿਆ ਕਿ ਫੈਕਟਰੀ ਦੇ ਪਿਛਲੇ ਹਿੱਸੇ ’ਚ ਸ਼ੈੱਡ ਟੁੱਟ ਕੇ ਡਿੱਗਾ ਹੋਇਆ ਸੀ। ਉਸ ਦੇ ਹੇਠ ਤੇਜ਼ਾਬ ਵਾਲੀ ਹੌਦੀ ’ਚ ਸਮੀਰ ਦੀ ਲਾਸ਼ ਪਈ ਹੋਈ ਸੀ। ਉਨ੍ਹਾਂ ਕਿਹਾ ਫੈਕਟਰੀ ਅੰਦਰ ਨੱਟ ਬੋਲਟ ਆਦਿ ਨੂੰ ਕੋਟਿੰਗ ਦਾ ਕੰਮ ਕੀਤਾ ਜਾਂਦਾ ਹੈ, ਜਿਸ ’ਚ ਤੇਜ਼ਾਬ ਤੇ ਕੈਮੀਕਲ ਦੀ ਵੀ ਵਰਤੋਂ ਹੁੰਦੀ ਹੈ। ਫੈਕਟਰੀ ਦੇ ਸ਼ੈੱਡ ਦੀ ਹਾਲਤ ਕਾਫ਼ੀ ਖਸਤਾ ਨਜ਼ਰ ਆ ਰਹੀ ਸੀ, ਜੋ ਕਿ ਬੁਰੀ ਤਰ੍ਹਾਂ ਗਲੀ ਹੋਈ ਹੈ, ਜਿਸ ਕਾਰਨ ਹਾਦਸਾ ਵਾਪਰਿਆ ਤੇ ਬੇਕਸੂਰ ਦੀ ਮੌਤ ਹੋ ਗਈ। ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਅਖਿਲ ਭਾਰਤੀ ਮਜ਼ਦੂਰ ਕੌਂਸਲ ਦੇ ਪ੍ਰਧਾਨ ਕਾ. ਚਿਤਰੰਜਨ ਕੁਮਾਰ, ਮੁਹੰਮਦ ਸ਼ਹਿਜਾਦ, ਰਾਜ ਸਿੰਘ ਰਾਜਪੂਤ ਹੋਰਾਂ ਕਿਹਾ ਕਿ ਜਿਸ ਫੈਕਟਰੀ ਅੰਦਰ ਹਾਦਸਾ ਵਾਪਰਿਆ ਉਸ ਵਿਚ ਫੈਕਟਰੀ ਐਕਟ ਤਹਿਤ ਕੋਈ ਸਹੂਲਤ ਨਾਂ ਦੀ ਕੋਈ ਚੀਜ਼ ਨਹੀਂ ਹੈ, ਜਿਸ ਕਾਰਨ ਬੇਕਸੂਰ ਦੀ ਜਾਨ ਚਲੀ ਗਈ। ਅਜਿਹੇ ’ਚ ਫੈਕਟਰੀ ਮਾਲਕ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਨਾਲ ਪ੍ਰਦੂਸ਼ਣ ਵਿਭਾਗ ਦੇ ਅਫਸਰਾਂ ਨੂੰ ਵੀ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ। ਕੀ ਫੈਕਟਰੀ ਮਾਲਕ ਵਲੋਂ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : IGNOU ਨੇ ਤੀਜੀ ਵਾਰ ਵਧਾਈ ਦਾਖ਼ਲੇ ਦੀ ਤਰੀਕ, ਜਾਣੋ ਹੁਣ ਕਦੋਂ ਤੱਕ ਕਰ ਸਕਦੇ ਹਾਂ ਅਪਲਾਈ?
ਮੋਤੀ ਨਗਰ ਪੁਲਸ ਥਾਣੇ ਦੇ ਇੰਚਾਰਜ ਐੱਸ. ਐੱਚ. ਓ. ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮ੍ਰਿਤਕ ਜੋ ਕਿ ਯੂ. ਪੀ. ਦੇ ਗੋਂਡਾ ਦਾ ਰਹਿਣ ਵਾਲਾ ਹੈ, ਜਿਸ ਦੀ ਉਮਰ 22 ਸਾਲ ਦੱਸੀ ਜਾਂਦੀ ਹੈ। ਪਤਾ ਲੱਗਾ ਹੈ ਕਿ ਮ੍ਰਿਤਕ ਸਮੀਰ ਖਾਨ ਦੁਕਾਨ ਤੋਂ ਫੇਜ਼-4 ਮਸਜਿਦ ਨੇੜੇ ਫੈਕਟਰੀ ’ਚ ਵੈਲਡਿੰਗ ਦਾ ਕੰਮ ਕਰਨ ਗਿਆ ਸੀ। ਮ੍ਰਿਤਕ ਦੇ ਭਰਾ ਮੁਕੀਮ ਖਾਨ ਤੇ ਚਾਚਾ ਅਬਦੁਲ ਰਹਿਮਾਨ ਵਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਾਕੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ, ਰਿਪੋਰਟ ਆਉਣ ਤੋਂ ਬਾਅਦ ਜੋ ਵੀ ਹੋਰ ਧਾਰਾਵਾਂ ਬਣਦੀਆਂ ਹੋਣਗੀਆਂ, ਜੋੜ ਦਿੱਤੀਆਂ ਜਾਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8