ਦੁਸਹਿਰੇ ਦੇ ਦਿਨ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਵਿਦੇਸ਼ੋਂ ਆਈ ਲਾਸ਼, ਪਿੰਡ ''ਚ ਪਸਰਿਆ ਸੋਗ
Thursday, Oct 02, 2025 - 08:11 PM (IST)

ਹਠੂਰ (ਸਰਬਜੀਤ ਭੱਟੀ)- ਦੇਸ਼ ਵਾਸੀ ਜਿਥੇ ਅੱਜ ਦੁਸਹਿਰਾ ਦੇ ਤਿਉਹਾਰ ਦੀਆਂ ਖੁਸ਼ੀਆਂ 'ਚ ਮਗਨ ਸਨ, ਉਥੇ ਦੂਜੇ ਪਾਸੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਅਖਾੜਾ ਦੇ ਇਕ ਨੌਜਵਾਨ ਦੀ ਵਿਦੇਸ਼ ਤੋਂ ਲਾਸ਼ ਆਉਣ ਨਾਲ ਪੂਰੇ ਇਲਾਕੇ 'ਚ ਸੋਗ ਪਸਰ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅਖਾੜਾ ਦੇ ਮਜ਼ਦੂਰ ਪਰਿਵਾਰ ਦਾ ਇਕਲੌਤਾ ਪੁੱਤਰ ਸਮਸ਼ੇਰ ਸਿੰਘ (27) ਪੁੱਤਰ ਚਮਕੌਰ ਸਿੰਘ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਿਆ ਸੀ ਅਤੇ ਪਿਛਲੇ ਚਾਰ ਸਾਲਾਂ ਤੋਂ ਉਥੇ ਏ.ਸੀ. ਮਕੈਨਿਕ ਦਾ ਕੰਮ ਕਰਦਾ ਸੀ, ਪਰ ਅਚਾਨਕ ਸਿਹਤ ਵਿਗੜਨ ਕਾਰਨ ਉਸਦੀ ਮੌਤ ਹੋ ਜਾਣ ਦੀ ਖ਼ਬਰ ਨੇ ਜਿਥੇ ਗਰੀਬ ਮਾਪਿਆਂ ਦੇ ਸਿਰਜੇ ਸੁਪਨੇ ਰਾਖ ਕਰ ਦਿੱਤੇ ਹਨ, ਉਥੇ ਪੂਰੇ ਇਲਾਕੇ 'ਚ ਸੋਗ ਪਸਰ ਗਿਆ ਹੈ। ਅੰਤਿਮ ਸੰਸਕਾਰ ਮੌਕੇ ਜਦ ਉਸਦੀਆਂ ਭੈਣਾਂ ਨੇ ਆਪਣੇ ਭਰਾ ਸਮਸ਼ੇਰ ਸਿੰਘ ਦੇ ਸਿਹਰਾ ਬੰਨ੍ਹਿਆ ਤਾਂ ਲੋਕਾਂ ਦੀਆਂ ਧਾਹਾਂ ਨਿਕਲ ਗਈਆਂ।
ਇਸ ਮੌਕੇ ਸਰਪੰਚ ਬਲਗੀਤ ਕੌਰ, ਪੰਚ ਪਰਦੀਪ ਸਿੰਘ ਅਤੇ ਸਮਾਜ ਸੇਵੀ ਸੁਖਜੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਸ਼ਮਸ਼ੇਰ ਸਿੰਘ ਬਹੁਤ ਹੀ ਗਰੀਬੜੇ ਪਰਿਵਾਰ ਅਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਤੇ ਮਾਪਿਆਂ ਇਕੋ-ਇਕ ਦਾ ਸਹਾਰਾ ਸੀ। ਉਸਦੇ ਮਜ਼ਦੂਰ ਪਿਤਾ ਚਮਕੌਰ ਸਿੰਘ ਨੇ ਸਮਸ਼ੇਰ ਨੂੰ ਪੜ੍ਹਾ-ਲਿਖਾ ਘਰ ਦੀ ਗਰੀਬੀ ਦੂਰ ਕਰਨ ਲਈ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਤੋਰਿਆ ਸੀ। ਉਹ ਮਾਰਚ ਮਹੀਨੇ ਛੁੱਟੀ ਆਇਆ ਤੇ ਆਪਣੀ ਛੋਟੀ ਭੈਣ ਦਾ ਵਿਆਹ ਕਰਕੇ ਡੁਬਈ ਮੁੜ ਗਿਆ ਸੀ ਅਤੇ ਅਗਲੇ ਵਰ੍ਹੇ ਵਾਪਸ ਪਿੰਡ ਆ ਕੇ ਉਸਨੇ ਵਿਆਹ ਦੇ ਬੰਧਨ ਵਿਚ ਬੱਝਣਾ ਸੀ, ਪਰ ਉਸ ਲਈ ਮੌਤ ਹੀ ਲਾੜੀ ਬਣ ਕੇ ਆ ਗਈ ਅਤੇ ਪਲ ਭਰ 'ਚ ਪਰਿਵਾਰ ਦੀਆਂ ਖੁਸ਼ੀਆਂ ਲੁੱਟ ਕੇ ਲੈ ਗਈ। ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮਜ਼ਦੂਰ ਪਰਿਵਾਰ ਦੀ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e