ਦੋ ਧਿਰਾਂ ਦੀ ਖੂਨੀ ਲੜਾਈ ਵਿਚ ਹੋਏ ਨੌਜਵਾਨ ਦੇ ਕਤਲ ਮਾਮਲੇ ''ਚ 5 ਗ੍ਰਿਫ਼ਤਾਰ
Tuesday, Jul 30, 2024 - 06:28 PM (IST)
ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਅੰਦਰ 2 ਨੌਜਵਾਨਾਂ ਦੇ ਗਰੁੱਪਾਂ ਦੀ ਹੋਈ ਖੂਨੀ ਲੜਾਈ 'ਚ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ 'ਚ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸੰਬੰਧੀ ਐੱਸ. ਐੱਚ. ਓ ਸਿਟੀ ਭਗਵੰਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ 'ਚ ਬਲਕਾਰ ਸਿੰਘ, ਹਨੀ ਕੁਮਾਰ, ਲਵਰਾਜ ਲੱਭੂ, ਮਨਪ੍ਰੀਤ ਨਿੱਕੂ, ਹਰਪ੍ਰੀਤ ਸਿੰਘ ਗੱਪਾ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਜਦੋਂ ਕਿ ਇਸ ਮੁਕੱਦਮੇ ਵਿਚ ਨਾਮਜ਼ਦ 3 ਵਿਅਕਤੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 25 ਜੁਲਾਈ ਨੂੰ ਸ਼ਹਿਰ ਦੇ ਵਾਰਡ ਨੰ. 4 ਵਿਚ 2 ਨੌਜਵਾਨਾਂ ਦੀ ਆਪਸੀ ਤਕਰਾਰ ਤੋਂ ਬਾਅਦ ਮਾਮਲਾ ਕਤਲ ਵਿਚ ਬਦਲ ਗਿਆ ਸੀ। ਜਿਸ ਵਿਚ 3 ਨੌਜਵਾਨ ਜ਼ਖਮੀ ਅਤੇ 1 ਦੀ ਮੌਤ ਹੋ ਗਈ ਸੀ। ਨੌਜਵਾਨਾਂ ਦੀ ਰੰਜਿਸ਼ ਇੰਨੀ ਵੱਧ ਗਈ ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ। ਜਿੱਥੇ ਇਕ ਗਰੁੱਪ ਵੱਲੋਂ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ।
ਇਸ ਦੌਰਾਨ 3 ਨੌਜਵਾਨਾਂ ਨੇ ਆਪਣੀ ਜਾਨ ਬਚਾਉਣ ਲਈ ਟੋਭੇ ਵਿਚ ਛਾਲ ਮਾਰ ਦਿੱਤੀ। ਇਸ ਦੌਰਾਨ 2 ਨੌਜਵਾਨ ਟੋਭੇ ਵਿਚੋਂ ਨਿਕਲਣ ਲਈ ਸਫਲ ਹੋ ਗਏ। ਅਮਨ ਕੁਮਾਰ ਦੇ ਨਾ ਮਿਲਣ 'ਤੇ ਪਰਿਵਾਰ ਵੱਲੋਂ ਪੂਰੀ ਰਾਤ ਉਸਦੀ ਭਾਲ ਕੀਤੀ ਗਈ। ਪ੍ਰੰਤੂ ਸਵੇਰੇ ਨੌਜਵਾਨ ਅਮਨ ਕੁਮਾਰ (24 ਸਾਲਾ) ਦੀ ਲਾਸ਼ ਟੋਭੇ ਵਿਚ ਤਰਦੀ ਬਰਾਮਦ ਹੋਈ। ਪੁਲਸ ਨੇ ਮ੍ਰਿਤਕ ਦੇ ਪਿਤਾ ਗੁਲਾਬ ਚੰਦ ਦੇ ਬਿਆਨ ਤੇ ਪ੍ਰਿੰਸ ਪੁੱਤਰ ਗੋਲਾ ਸਿੰਘ, ਪ੍ਰਿੰਸ ਪੁੱਤਰ ਅਵਤਾਰ ਸਿੰਘ, ਮਨਪ੍ਰੀਤ, ਲੱਭੂ ਸਮੇਤ 15 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਕਿਹਾ ਕਿ ਮੁਕੱਦਮੇ 'ਚ ਬਾਕੀ ਨੌਜਵਾਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤਫਤੀਸ਼ ਦੌਰਾਨ ਜੋ ਨੌਜਵਾਨ ਇਸ ਵਾਰਦਾਤ 'ਚ ਸ਼ਾਮਲ ਹੋਇਆ ਉਸਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇਗਾ। ਮੁਕੱਦਮੇ ਦੀ ਜਾਂਚ ਜਾਰੀ ਹੈ।