ਸੋਸ਼ਲ ਮੀਡੀਆ ਪੋਸਟ 'ਤੇ ਕੀਤੇ Comment ਨੂੰ ਲੈ ਕੇ ਵਿਦਿਆਰਥੀਆਂ ਵਿਚਾਲੇ ਹੋਈ ਖੂਨੀ ਝੜਪ, 4 ਜ਼ਖ਼ਮੀ
Saturday, Nov 19, 2022 - 08:29 PM (IST)
ਚੌਂਕੀਮਾਨ (ਗਗਨਦੀਪ) : ਬੀਤੀ ਸ਼ਾਮ ਕਸਬਾ ਚੌਂਕੀਮਾਨ ਨਜ਼ਦੀਕ ਬਣੀ ਸੀ.ਟੀ. ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਚਾਲੇ ਖੂਨੀ ਝੜਪ ਹੋ ਗਈ। ਇਸ ਖੂਨੀ ਝੜਪ 'ਚ ਚਾਰ ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਇਨ੍ਹਾਂ ਨੌਜਵਾਨਾਂ ਦੀ ਲੜਾਈ ਦਾ ਕਾਰਨ ਸੀ.ਟੀ. ਯੂਨੀਵਰਸਿਟੀ ਵੱਲੋਂ ਇੰਸਟਾਗ੍ਰਾਮ 'ਤੇ ਕਨਵੋਕੇਸ਼ਨ ਸਬੰਧੀ ਪਾਈ ਪੋਸਟ 'ਤੇ ਕੀਤੀ ਗਈ ਟਿੱਪਣੀ ਹੈ।
ਇਸ ਖੂਨੀ ਝੜਪ ਵਿਚ ਜ਼ਖ਼ਮੀ ਹੋਏ ਵਿਦਿਆਰਥੀ ਭਾਵਿਸ਼ ਸ਼ਰਮਾ ਉਰਫ਼ ਜਾਨੂ ਸ਼ਰਮਾ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਬੀਤੇ ਬੁੱਧਵਾਰ ਨੂੰ ਸੀ. ਟੀ. ਯੂਨੀਵਰਸਿਟੀ ਵੱਲੋਂ ਕਨਵੋਕੇਸ਼ਨ ਸਬੰਧੀ ਇੰਸਟਾਗ੍ਰਾਮ 'ਤੇ ਇਕ ਪੋਸਟ ਪਾਈ ਗਈ ਸੀ। ਉਨ੍ਹਾਂ ਵੱਲੋਂ ਉਕਤ ਪੋਸਟ 'ਤੇ ਟਿੱਪਣੀ ਕੀਤੀ ਗਈ ਸੀ ਕਿ ਇਹ ਪੋਸਟ ਸਹੀ ਢੰਗ ਨਾਲ ਪਾਈ ਗਈ। ਇਸ ਦਾ ਯੂਨੀਵਰਸਿਟੀ ਵਿਚ ਪੜ੍ਹਦੇ ਮੌਜੂਦਾ ਵਿਦਿਆਰਥੀਆਂ ਵੱਲੋਂ ਵਿਰੋਧ ਕੀਤਾ ਗਿਆ ਤੇ ਸਾਨੂੰ ਫੋਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਦੋਂ ਇਸ ਗੱਲ ਦਾ ਪਤਾ ਯੂਨੀਵਰਸਿਟੀ ਦੇ ਸਟਾਫ਼ ਨੂੰ ਲੱਗਿਆ ਤਾਂ ਸਟਾਫ਼ ਮੈਂਬਰ ਅੰਕਿਤ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਪੋਸਟ 'ਤੇ ਕੀਤਾ ਗਿਆ ਕੁੰਮੈਟ ਡਿਲੀਟ ਕਰਵਾ ਦਿੱਤਾ। ਅੰਕਿਤ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸਮਝਾ ਬੁਝਾ ਕੇ ਮਾਮਲਾ ਪੂਰੀ ਤਰ੍ਹਾਂ ਸ਼ਾਤ ਕਰ ਦਿੱਤਾ ਹੈ। ਭਾਵਿਸ਼ ਨੇ ਕਿਹਾ ਜਦੋਂ ਉਸ ਸਮੇਤ ਚਾਰ ਹੋਰ ਪਾਸ ਆਊਟ ਹੋਏ ਵਿਦਿਆਰਥੀ ਕਨਵੋਕੇਸ਼ਨ ਦੌਰਾਨ ਆਪਣੀਆਂ ਡਿਗਰੀਆਂ ਲੈਣ ਗਏ ਤਾਂ ਜੂਨੀਅਰ ਵਿਦਿਆਰਥੀ ਉਨ੍ਹਾਂ ਨਾਲ ਬਹਿਸ ਕਰਨ ਲੱਗੇ। ਜਦੋਂ ਉਹ ਡਿਗਰੀ ਲੈ ਕੇ ਯੂਨੀਵਰਸਿਟੀ ਤੋਂ ਬਾਹਰ ਨਿਕਲੇ ਤਾਂ 30- 35 ਜੂਨੀਅਰ ਵਿਦਿਆਰਥੀਆਂ ਨੇ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰਾਂ ਸਮੇਤ ਬੇਸਬਾਲ ਬੈਟ ਆਦਿ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਨਾਲ ਉਹ ਅਤੇ ਉਸ ਦੇ ਸਾਥੀ ਗੌਰਵ, ਮਨਜੀਤ ਮੱਟੂ, ਗੁਰਸ਼ਰਨ ਆਦਿ ਗੰਭੀਰ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਜ਼ਖ਼ਮੀ ਹਲਾਤ ਵਿਚ ਦੋਸਤ ਅਰਸ਼ਦੀਪ ਵੱਲੋਂ ਆਪਣੀ ਗੱਡੀ ਰਾਹੀਂ ਸਿਵਲ ਹਸਪਤਾਲ ਜਗਰਾਓਂ 'ਚ ਦਾਖਲ ਕਰਵਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਗ੍ਰਿਫ਼ਤਾਰ, ਸ੍ਰੀ ਦਰਬਾਰ ਸਾਹਿਬ ਸਬੰਧੀ ਕੀਤੀ ਸੀ ਇਤਰਾਜ਼ਯੋਗ ਬਿਆਨਬਾਜ਼ੀ
ਪੁਲਸ 'ਤੇ ਕੋਈ ਕਾਰਵਾਈ ਨਾ ਕਰਨ ਦੇ ਲਗਾਏ ਦੋਸ਼
ਇਸ ਖੂਨੀ ਝੜਪ ਵਿਚ ਜ਼ਖ਼ਮੀ ਭਾਵਿਸ਼ ਨੇ ਚੌਂਕੀਮਾਨ ਪੁਲਸ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਦੋਂ ਉਹ ਅਤੇ ਉਨ੍ਹਾਂ ਦੇ ਜ਼ਖ਼ਮੀ ਸਾਥੀ ਜਗਰਾਉਂ ਸਰਕਾਰੀ ਹਸਪਤਾਲ ਤੋਂ ਮੁੱਢਲੀ ਸਹਾਇਤਾ ਲੈਣ ਉਪਰੰਤ ਇਲਾਜ ਲਈ ਲੁਧਿਆਣਾ ਹਸਪਤਾਲ ਲਈ ਜਾ ਰਹੇ ਸਨ ਤਾਂ ਇਸ ਹਮਲੇ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਉਹ ਪੁਲਸ ਚੌਂਕੀ ਚੌਂਕੀਮਾਨ ਪੁੱਜੇ। ਉੱਥੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਸਗੋਂ ਇਕ ਪੁਲਸ ਅਧਿਕਾਰੀ ਨੇ ਸਿਰ ਫਟਣ ਤੋਂ ਬਾਅਦ ਵੀ ਕਰੀਬ ਇਕ ਘੰਟੇ ਤਕ ਉਨ੍ਹਾਂ ਨੂੰ ਬਿਠਾਈ ਰੱਖਿਆ ਅਤੇ ਬਾਅਦ ਵਿਚ ਸਾਨੂੰ ਇਹ ਕਹਿ ਕੇ ਚੌਂਕੀ ਤੋਂ ਬਾਹਰ ਕੱਢ ਦਿੱਤਾ ਕਿ 'ਜਾਓ ਮੈਂ ਤੁਹਾਡੀ ਸ਼ਿਕਾਇਤ ਦਰਜ ਨਹੀਂ ਕਰਦਾ, ਜਿਹੜਾ ਕੁਝ ਕਰਨਾ ਹੈ ਕਰ ਲਓ।' ਫ਼ਿਰ ਉਨ੍ਹਾਂ ਨੇ ਏ. ਡੀ. ਜੀ. ਪੀ. ਲੁਧਿਆਣਾ ਨੂੰ ਈਮੇਲ ਲਿਖਕੇ ਉਕਤ ਘਟਨਾ ਦੀ ਸ਼ਿਕਾਇਤ ਕਰ ਦਿੱਤੀ। ਭਾਵਿਸ਼ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਯੂਨੀਵਰਸਿਟੀ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਮੁਲਜ਼ਮਾਂ ਦੀ ਪਛਾਣ ਕਰ ਕੇ ਕਾਰਵਾਈ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।
ਕੀ ਕਹਿਣਾ ਹੈ ਚੌਂਕੀਮਾਨ ਪੁਲਸ ਚੌਂਕੀ ਇੰਚਾਰਜ ਦਾ
ਇਸ ਮਾਮਲੇ ਸਬੰਧੀ ਜਦੋਂ ਜਾਣਕਾਰੀ ਲੈਣ ਲਈ ਚੌਂਕੀਮਾਨ ਪੁਲਿਸ ਚੌਂਕੀ ਦੇ ਇੰਚਾਰਜ ਰਣਧੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਉਕਤ ਵਿਦਿਆਰਥੀ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂਕਿਹਾ ਕਿ ਇਸ ਲੜਾਈ ਸਬੰਧੀ ਅਜੇ ਤਕ ਉਨ੍ਹਾਂ ਕੋਲ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਆਈ ਹੈ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ : ਅੱਤਵਾਦੀ ਹਰਵਿੰਦਰ ਰਿੰਦਾ ਦੀ ਪਾਕਿਸਤਾਨ ’ਚ ਹੋਈ ਮੌਤ (ਵੀਡੀਓ)
ਕੀ ਕਹਿਣਾ ਹੈ ਕਿ ਐਸ. ਐੱਮ. ਓ ਜਗਰਾਓਂ ਦਾ
ਇਸ ਸਬੰਧੀ ਜਦੋਂ ਜਗਰਾਓਂ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾਕਟਰ ਪੁਨੀਤ ਸੰਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕੁਝ ਜ਼ਖ਼ਮੀ ਵਿਦਿਆਰਥੀ ਇਲਾਜ ਲਈ ਹਸਪਤਾਲ ਪੁੱਜੇ ਸਨ। ਇਸ ਸਬੰਧੀ ਜੋ ਵੀ ਮੈਡੀਕਲ ਰਿਪੋਰਟ ਬਣਦੀ ਸੀ, ਉਹ ਉਨ੍ਹਾਂ ਦੇ ਸਟਾਫ਼ ਵੱਲੋਂ ਤਿਆਰ ਕਰਕੇ ਜ਼ਖ਼ਮੀ ਵਿਦਿਆਰਥੀਆਂ ਨਾਲ ਆਏ ਉਸ ਦੇ ਸਾਥੀ ਅਤੇ ਪੁਲਿਸ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ।
ਕੀ ਕਹਿਣਾ ਹੈ ਯੂਨੀਵਰਸਿਟੀ ਦੀ ਮੀਡੀਆ ਇੰਚਾਰਜ ਦਾ
ਉਕਤ ਮਾਮਲੇ ਸਬੰਧੀ ਜਦੋਂ ਪੱਖ ਜਾਨਣ ਲਈ ਸੀ. ਟੀ. ਯੂਨੀਵਰਸਿਟੀ ਦੀ ਮੀਡੀਆ ਇੰਚਾਰਜ ਸਰਘੀ ਕੌਰ ਬਰਾੜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅੰਦਰ ਵਿਦਿਆਰਥੀਆਂ ਦੀ ਕੋਈ ਲੜਾਈ ਨਹੀਂ ਹੋਈ, ਬਾਹਰ ਕੋਈ ਲੜਿਆ ਹੋਵੇ ਤਾਂ ਉਸ ਬਾਰੇ ਉਨ੍ਹਾਂ ਨੂੰ ਕੋਈ ਇਲਮ ਨਹੀਂ ਹੈ। ਜਦੋਂ ਉਨ੍ਹਾਂ ਤੋਂ ਯੂਨੀਵਰਸਿਟੀ 'ਚ ਕੰਮ ਕਰਨ ਵਾਲੇ ਅੰਕਿਤ ਦਾ ਨੰਬਰ ਮੰਗਿਆ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਉਨ੍ਹਾਂ ਤੋਂ ਹੀ ਨੰਬਰ ਲੈ ਲਓ, ਜਿਨ੍ਹਾਂ ਨੇ ਤੁਹਾਨੂੰ ਲੜ੍ਹਾਈ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਹੈ।
ਦੂਜੇ ਧੜੇ ਦੇ ਸਮਰਥਕਾਂ ਨੇ ਪਾਸ ਆਊਟ ਵਿਦਿਆਂਰਥੀਆਂ 'ਤੇ ਲਗਾਏ ਦੋਸ਼
ਜਦੋਂ ਇਸ ਸਬੰਧੀ ਯੂਨੀਵਰਸਟੀ ਦੇ ਕੁੱਝ ਜੂਨੀਅਰ ਵਿਦਿਆਰਥੀਆਂ ਦੇ ਸਮਰਥਕਾਂ ਨਾਲ ਉਕਤ ਘਟਨਾ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਆਪਣਾ ਨਾਂ ਨਾ ਛੱਪਣ ਦੀ ਸ਼ਰਤ 'ਤੇ ਦੱਸਿਆ ਕਿ ਡਿਗਰੀ ਲੈਣ ਆਏ ਪਾਸ ਆਊਟ ਵਿਦਿਆਰਥੀਆਂ ਵੱਲੋਂ ਹੀ ਪਹਿਲ ਕਰਦਿਆਂ ਜੂਨੀਅਰ ਵਿਦਿਆਰਥੀਆਂ ਨੂੰ ਲੜਾਈ ਲਈ ਉਕਸਾਇਆ ਗਿਆ ਸੀ। ਜਿਸ ਤੋਂ ਬਾਅਦ ਮਾਮਲਾ ਉਲਝ ਗਿਆ ਤੇ ਲੜਾਈ ਦਾ ਮਾਹੌਲ ਬਣ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।