ਬਲੱਡ ਬੈਂਕ ''ਚ ''ਲਾਲ ਖੂਨ'' ਦਾ ਕਾਲਾ ਖੇਡ, ਵਾਇਰਲ ਵੀਡੀਓ ਨੇ ਮਚਾ ਛੱਡੀ ਤੜਥੱਲੀ

Saturday, Oct 31, 2020 - 11:44 AM (IST)

ਲੁਧਿਆਣਾ (ਰਾਜ) : ਗਰੀਬ ਲੋਕਾਂ ਦਾ ਮੁਫ਼ਤ ਇਲਾਜ ਕਰਨ ਵਾਲੇ ਸਿਵਲ ਹਸਤਪਾਲ ’ਚ ਹੀ ਗਰੀਬਾਂ ਦਾ ਖੂਨ ਚੂਸਿਆ ਜਾ ਰਿਹਾ ਹੈ। ਮਰੀਜ਼ਾਂ ਨੂੰ ਕੁੱਝ ਪੈਸਿਆਂ ’ਚ ਮਿਲਣ ਵਾਲਾ ਖੂਨ ਮੋਟੀ ਰਕਮ ਲੁੱਟ ਕੇ ਵੇਚਿਆ ਜਾ ਰਿਹਾ ਹੈ। ਦੋਸ਼ ਹੈ ਕਿ ਬੱਲਡ ਬੈਂਕ ’ਚ ਕੰਮ ਕਰਨ ਵਾਲੇ ਮੁਲਾਜ਼ਮ ਹੀ ਲੋਕਾਂ ਵੱਲੋਂ ਦਾਨ ਕੀਤਾ ਗਿਆ ਖੂਨ ਅੱਗੇ ਵੇਚ ਰਹੇ ਹਨ। ਖੂਨ ਵੇਚਣ ਦੀ ਵੀਡੀਓ ਅਤੇ ਇਕ ਆਡੀਓ ਸ਼ੁੱਕਰਵਾਰ ਨੂੰ ਵਾਇਰਲ ਹੋਈ ਹੈ, ਜਿਸ ਤੋਂ ਬਾਅਦ ਇਹ ਖ਼ੁਲਾਸਾ ਹੋਇਆ ਹੈ। ਇਸ ਤੋਂ ਬਾਅਦ ਸਿਵਲ ਹਸਪਤਾਲ ’ਚ ਤੜਥੱਲੀ ਮਚ ਗਈ ਹੈ। ਇਹ ਵੀਡੀਓ ਹਸਪਤਾਲ ਦੇ ਅਦੰਰ ਹੀ ਕੰਮ ਕਰਨ ਵਾਲੇ ਇਕ ਮੁਲਾਜ਼ਮ ਨੇ ਬਣਾਈ ਹੈ ਤਾਂ ਕਿ ਬਲੱਡ ਬੈਂਕ ਦੇ ਮੁਲਾਜ਼ਮਾਂ ਦੀ ਕਾਰਸਤਾਨੀ ਸਾਹਮਣੇ ਆ ਸਕੇ ਪਰ ਵੀਡੀਓ ਵਾਇਰਲ ਤੋਂ ਬਾਅਦ ਬੱਲਡ ਬੈਂਕ ਦੇ ਮੁਲਾਜ਼ਮਾਂ ਨੇ ਰੰਜਿਸ਼ ਕਾਰਨ ਵੀਡੀਓ ਬਣਾਉਣ ਵਾਲੇ ਮੁਲਾਜ਼ਮ ’ਤੇ ਬੈਟਰੀ ਚੋਰੀ ਕਰਨ ਦਾ ਦੋਸ਼ ਲਗਾ ਕੇ ਉਸ ਨੂੰ ਫਸਾਉਣ ਦੀ ਕੋਸ਼ਿਸ਼ ਵੀ ਕੀਤੀ। ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਦੇ ਬੱਲਡ ਬੈਂਕ ’ਚ ਕਾਫੀ ਸਮੇਂ ਤੋਂ ਖੂਨ ਵੇਚਣ ਦਾ ਕਾਲਾ ਕਾਰੋਬਾਰ ਚੱਲ ਰਿਹਾ ਸੀ, ਜਿਸ ਦਾ ਟੀ. ਬੀ. ਮਹਿਕਮੇ ’ਚ ਕੰਮ ਕਰਨ ਵਾਲੇ ਮੁਲਾਜ਼ਮ ਨੂੰ ਪਤਾ ਲੱਗ ਗਿਆ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲਿਫ਼ਾਫੇ 'ਚ 'ਸ਼ਰਾਬ' ਵੇਚਦੇ ਬੱਚੇ ਦੀ ਵੀਡੀਓ ਵਾਇਰਲ, ਛਾਪੇ ਤੋਂ ਪਹਿਲਾਂ ਹੀ ਜਿੰਦੇ ਲਾ ਭੱਜੇ ਲੋਕ (ਵੀਡੀਓ

PunjabKesari

ਉਸ ਨੇ ਇਸ ਬਾਰੇ ਹਸਪਤਾਲ ਦੀ ਇਕ ਮੁਲਾਜ਼ਮ ਬੀਬੀ ਨੂੰ ਦੱਸਿਆ, ਜਿਸ ਤੋਂ ਬਾਅਦ ਮੁਲਾਜ਼ਮ ਬੀਬੀ ਨੇ ਇਸ ਦੀ ਵੀਡੀਓ ਬਣਾਉਣ ਲਈ ਉਸ ਨੂੰ ਕਿਹਾ ਸੀ ਤਾਂ ਕਿ ਇਸ ਕਾਲੇ ਕਾਰੋਬਾਰ ਦਾ ਖ਼ੁਲਾਸਾ ਕੀਤਾ ਜਾ ਸਕੇ। ਇਸ ਤੋਂ ਬਾਅਦ ਉਕਤ ਮੁਲਾਜ਼ਮ ਨੇ ਬਲੱਡ ਬੈਂਕ ’ਚ ਬੈਠ ਕੇ ਆਪਣੇ ਮੋਬਾਇਲ ਨਾਲ ਵੀਡਿਓ ਬਣਾਈ, ਜਦੋਂ ਬਲੱਡ ਬੈਂਕ ਦੇ ਮੁਲਾਜ਼ਮ ਇਕ ਪੈਕੇਟ ਤੋਂ ਖੂਨ ਕੱਢ ਕੇ ਦੂਜੇ ’ਚ ਭਰ ਰਹੇ ਸਨ ਪਰ ਵੀਡੀਓ ਬਣਾਉਂਦੇ ਸਮੇਂ ਉਕਤ ਮੁਲਾਜ਼ਮ ਡਿੱਗ ਗਿਆ ਅਤੇ ਉਸ ਦਾ ਮੋਬਾਇਲ ਵੀ ਜੇਬ ਤੋਂ ਬਾਹਰ ਡਿੱਗ ਗਿਆ। ਬਲੱਡ ਬੈਂਕ ਦੇ ਮੁਲਾਜ਼ਮ ਨੂੰ ਇਸ ਦਾ ਪਤਾ ਲੱਗ ਗਿਆ ਕਿ ਉਕਤ ਮੁਲਾਜ਼ਮ ਉਨ੍ਹਾਂ ਦੀ ਵੀਡੀਓ ਬਣਾ ਰਿਹਾ ਹੈ। ਇਸ ਲਈ ਉਨ੍ਹਾਂ ਨੇ ਖੁਦ ਨੂੰ ਬਚਾਉਣ ਲਈ ਉਕਤ ਮੁਲਾਜ਼ਮ ’ਤੇ ਬੈਟਰੀ ਚੋਰੀ ਦਾ ਦੋਸ਼ ਲਾ ਕੇ ਐੱਸ. ਐੱਮ. ਓ. ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ ਸੀ ਅਤੇ ਮੁਲਾਜ਼ਮ ਨੂੰ ਚੌਂਕੀ ਪੁਲਸ ਦੇ ਹਵਾਲੇ ਕਰ ਦਿੱਤਾ। ਚੌਂਕੀ ’ਚ ਬੈਠੇ ਮੁਲਾਜ਼ਮ ਨੇ ਬਲੱਡ ਬੈਂਕ ’ਚ ਬਣਾਈ ਵੀਡੀਓ ਪੂਰੇ ਸਿਵਲ ਹਸਪਤਾਲ ’ਚ ਵਾਇਰਲ ਕਰ ਦਿੱਤੀ। ਹਾਲਾਂਕਿ ਬਾਅਦ ’ਚ ਪਤਾ ਲੱਗਣ ’ਤੇ ਪੁਲਸ ਨੇ ਜਾਂਚ ਦੀ ਗੱਲ ਕਹਿ ਕੇ ਉਕਤ ਮੁਲਾਜ਼ਮ ਨੂੰ ਜਾਣ ਦਿੱਤਾ।
ਪਹਿਲਾਂ ਵੀ ਬਣਾਈ ਸੀ ਵੀਡੀਓ, ਮਾਮਲਾ ਹੋ ਗਿਆ ਸੀ ਰਫਾ-ਦਫਾ
ਮੁਲਾਜ਼ਮ ਦਾ ਕਹਿਣਾ ਹੈ ਕਿ ਉਸ ਨੇ ਤਿੰਨ ਮਹੀਨੇ ਪਹਿਲਾਂ ਵੀ ਬਲੱਡ ਬੈਂਕ ਦੀ ਵੀਡਿਓ ਬਣਾਈ ਸੀ, ਜੋ ਉਸ ਨੇ ਹੋਰ ਮੁਲਾਜ਼ਮਾਂ ਦੀ ਮਦਦ ਨਾਲ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੂੰ ਦਿਖਾਈ ਸੀ ਪਰ ਉਸ ’ਤੇ ਕਾਰਵਾਈ ਦੀ ਬਜਾਏ ਮਾਮਲੇ ਨੂੰ ਦਬਾ ਦਿੱਤਾ ਗਿਆ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵੀ ਬੱਲਡ ਬੈਂਕ ਦੇ ਮੁਲਾਜ਼ਮਾਂ ਨੂੰ ਬਦਲਿਆ ਨਹੀਂ ਗਿਆ, ਸਗੋਂ ਉਨ੍ਹਾਂ ਨੂੰ ਫਿਰ ਉਸੇ ਸੀਟ ’ਤੇ ਕੰਮ ਕਰਨ ਦਿੱਤਾ ਗਿਆ।

ਇਹ ਵੀ ਪੜ੍ਹੋ : 6 ਸਾਲਾ ਦਲਿਤ ਬੱਚੀ ਨਾਲ ਜਬਰ-ਜ਼ਿਨਾਹ ਤੇ ਕਤਲ ਮਾਮਲੇ 'ਚ ਨਵਾਂ ਮੋੜ, ਪੰਜਾਬ ਪੁਲਸ ਨੇ ਪੇਸ਼ ਕੀਤਾ ਚਲਾਨ
ਮਰੀਜ਼ਾਂ ਦੀ ਮਦਦ ਲਈ ਕਈ ਸੰਸਥਾਵਾਂ ਅਤੇ ਲੋਕ ਕਰਦੇ ਨੇ ਖੂਨਦਾਨ
ਸਿਵਲ ਹਸਤਪਤਾਲ ਦੇ ਬੱਲਡ ਬੈਂਕ ’ਚ ਗਰਭਵਤੀ ਬੀਬੀਆਂ ਲਈ ਖੂਨ ਬਿਲਕੁਲ ਮੁਫ਼ਤ ਹੁੰਦਾ ਹੈ,ਜਦੋਂਕਿ ਬਾਕੀ ਮਰੀਜ਼ਾਂ ਲਈ ਸਰਕਾਰੀ ਫ਼ੀਸ 300 ਰੁਪਏ ਚਾਰਜ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਹੋਰ ਹਸਪਤਾਲ ਆਪਣੀ ਸਲਿੱਪ ਭੇਜਦਾ ਹੈ ਤਾਂ ਉਨ੍ਹਾਂ ਤੋਂ 1 ਹਜ਼ਾਰ ਰੁਪਏ ਸਰਕਾਰੀ ਫ਼ੀਸ ਚਾਰਜ ਹੁੰਦੀ ਹੈ। ਸਿਵਲ ਹਸਪਤਾਲ ਦੇ ਬਲੱਡ ਬੈਂਕ ’ਚ ਕਈ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਕੈਂਪ ਲਗਾ ਕੇ ਖੂਨਦਾਨ ਕਰਦੀਆਂ ਹਨ ਅਤੇ ਕਈ ਲੋਕ ਖ਼ੁਦ ਆ ਕੇ ਖੂਨਦਾਨ ਕਰਦੇ ਹਨ ਤਾਂ ਜੋ ਗਰੀਬ ਲੋਕਾਂ ਨੂੰ ਸਮੇਂ ’ਤੇ ਖੂਨ ਮਿਲ ਸਕੇ ਪਰ ਇਸ ਦੇ ਉਲਟ ਸੂਤਰਾਂ ਦਾ ਕਹਿਣਾ ਹੈ ਕਿ ਬੱਲਡ ਬੈਂਕ ਦੇ ਮੁਲਾਜ਼ਮ ਮਰੀਜ਼ਾਂ ਨੂੰ 1500 ਤੋਂ 1800 ਤੱਕ ਖੂਨ ਦੀ ਬੋਤਲ ਵੇਚਦੇ ਹਨ ਅਤੇ ਕਈ ਵਾਰ ਅਮਰਜੈਂਸੀ ’ਚ ਮਰੀਜ਼ਾਂ ਤੋਂ ਇਸ ਤੋਂ ਵੀ ਮੋਟੀ ਰਕਮ ਵਸੂਲੀ ਜਾਂਦੀ ਹੈ।

ਇਹ ਵੀ ਪੜ੍ਹੋ : ਨੂੰਹ ਤੇ ਪੋਤੇ ਦੇ ਸਤਾਏ ਬਜ਼ੁਰਗ ਨੇ ਲਿਆ ਫਾਹਾ, ਮਰਨ ਤੋਂ ਪਹਿਲਾਂ ਜ਼ਾਹਰ ਕੀਤੀਆਂ ਕਰਤੂਤਾਂ
ਕੀ ਕਹਿੰਦੇ ਨੇ ਐੱਸ. ਐੱਮ. ਓ.
ਸਿਵਲ ਹਸਪਤਾਲ ਦੀ ਐੱਸ. ਐੱਮ. ਓ. ਡਾ. ਅਮਰਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦਾ ਪਤਾ ਲੱਗ ਗਿਆ ਹੈ ਕਿ ਬੱਲਡ ਬੈਂਕ ’ਚ ਕੁੱਝ ਗੜਬੜ ਹੋ ਰਹੀ ਹੈ ਪਰ ਉਨ੍ਹਾਂ ਨੂੰ ਪੂਰੇ ਮਾਮਲੇ ਦਾ ਪਤਾ ਨਹੀਂ ਹੈ। ਉਹ ਪਹਿਲਾਂ ਵਾਇਰਲ ਹੋਈ ਵੀਡਿਓ ਦੇਖ ਕੇ ਇਸ ਦੀ ਜਾਂਚ ਕਰਵਾਵੇਗੀ। ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ’ਤੇ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਜਿਸ ਮੁਲਾਜ਼ਮ ਨੇ ਵੀਡੀਓ ਬਣਾਈ ਹੈ, ਉਸ ’ਤੇ ਬੈਟਰੀ ਚੋਰੀ ਦਾ ਦੋਸ਼ ਲੱਗਿਆ ਹੈ, ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਵਿਧਾਇਕ ਸੁਰਿੰਦਰ ਡਾਬਰ ਦਾ ਕਹਿਣਾ ਹੈ ਕਿ ਉਹ ਮਾਮਲੇ ਸਬੰਧੀ ਸੀ. ਐੱਮ. ਓ. ਅਤੇ ਐੱਸ. ਐੱਮ. ਓ. ਨਾਲ ਗੱਲ ਕਰ ਕੇ ਪੂਰੀ ਜਾਣਕਾਰੀ ਲੈਣਗੇ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਉਣਗੇ। ਜੇਕਰ ਕੁੱਝ ਅਜਿਹਾ ਗਲਤ ਸਾਹਮਣੇ ਆਉਂਦਾ ਹੈ ਤਾਂ ਉਹ ਦੋਸ਼ੀਆਂ ’ਤੇ ਕਾਰਵਾਈ ਲਈ ਕਹਿਣਗੇ।

 


 


Babita

Content Editor

Related News