''ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਕੋਈ ਕਾਨੂੰਨ ਨਹੀਂ ਬਣ ਸਕਦਾ'' ਖ਼ਾਲਸੇ ਦੀ ਜਨਮ ਭੂਮੀ ''ਚ ਬੋਲੇ ਜਥੇਦਾਰ ਗੜਗੱਜ (ਵੀਡੀਓ)

Tuesday, Apr 14, 2026 - 02:01 PM (IST)

''ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਕੋਈ ਕਾਨੂੰਨ ਨਹੀਂ ਬਣ ਸਕਦਾ'' ਖ਼ਾਲਸੇ ਦੀ ਜਨਮ ਭੂਮੀ ''ਚ ਬੋਲੇ ਜਥੇਦਾਰ ਗੜਗੱਜ (ਵੀਡੀਓ)

ਸ੍ਰੀ ਅਨੰਦਪੁਰ ਸਾਹਿਬ (ਵੈੱਬ ਡੈਸਕ): ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਖ਼ਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਕੋਈ ਕਾਨੂੰਨ ਨਹੀਂ ਬਣ ਸਕਦਾ। ਉਨ੍ਹਾਂ ਇਹ ਵੀ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ, ਅਸੀਂ ਇਸ ਦਾ ਹਿਸਾਬ-ਕਿਤਾਬ ਸਰਕਾਰਾਂ ਨੂੰ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਬੇਅਦਬੀਆਂ ਦਾ ਇੱਕੋ ਇਕ ਹੱਲ ਪੰਥ ਦੀ ਪਹਿਰੇਦਾਰੀ ਹੈ। 

ਵਿਸਾਖੀ ਮੌਕੇ ਖ਼ਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜੇਕਰ ਕੋਈ ਵੀ ਮੰਦਭਾਵਨਾ ਨਾਲ ਸ੍ਰੀ ਗੁਰੂ ਸਾਹਿਬ ਦੇ ਸਤਿਕਾਰ ਨੂੰ ਘਟਾਉਣਾ ਚਾਹੁੰਦਾ ਹੈ ਤਾਂ ਉਸ ਦੋਸ਼ੀ ਉੱਪਰ ਕੋਈ ਕਾਨੂੰਨ ਬਣ ਸਕਦਾ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਕੋਈ ਕਾਨੂੰ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਜੇ ਕੋਈ ਦੋਸ਼ੀ ਹੈ ਤਾਂ ਉਸ ਨੂੰ ਭਾਵੇਂ ਫਾਂਸੀ ਦੇ ਦਿਓ, ਪਰ ਜੇ ਕੋਈ ਆਖੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਛਾਪਣ ਦਾ ਹਿਸਾਬ-ਕਿਤਾਬ ਸਰਕਾਰ ਨੂੰ ਦਿਓ ਤਾਂ ਇਹ ਨਹੀਂ ਹੋ ਸਕਦਾ ਤੇ ਪੰਥ ਕਦੇ ਵੀ ਇਸ ਨੂੰ ਮਨਜ਼ੂਰ ਨਹੀਂ ਕਰੇਗਾ। ਉਨ੍ਹਾਂ ਸਰਕਾਰਾਂ ਨੂੰ ਕਿਹਾ ਕਿ ਉਹ ਦੋਸ਼ੀਆਂ ਲਈ ਸਖ਼ਤ ਕਾਨੂੰਨ ਬਣਾਉਣ, ਪਰ ਜੋ ਕੁਝ ਵੀ ਕਰਨਾ ਹੈ, ਉਹ ਪੰਥ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋ ਸਕਦਾ। ਪੰਥ ਦੇ ਫ਼ੈਸਲੇ ਪੰਥ ਕਰਦਾ ਆਇਆ ਹੈ। ਚੰਗੇ ਤੋਂ ਚੰਗਾ ਕਾਨੂੰਨ ਲਿਆਉਣਾ ਚਾਹੀਦਾ ਹੈ, ਪਰ ਪੰਥ ਦੀ ਰਾਏ ਵਿਚ ਜ਼ਰੂਰ ਸ਼ਾਮਲ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਆਖ਼ਿਆ ਕਿ ਬੇਅਦਬੀਆਂ ਕਰਨ ਵਾਲਿਆਂ ਦੇ ਮਗਰ ਖੜ੍ਹੀਆਂ ਤਾਕਤਾਂ  ਦਾ ਪਤਾ ਲਗਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ ਬੇਅਦਬੀਆਂ ਦਾ ਇੱਕੋ ਹੱਲ ਹੈ, ਪੰਥ ਦੀ ਪਹਿਰੇਦਾਰੀ। ਉਨ੍ਹਾਂ 2022 ਦੀ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਦੋਂ ਇਕ ਪਾਪੀ ਨੇ ਸ੍ਰੀ ਦਰਬਾਰ ਸਾਹਿਬ ਵਿਚ ਜੰਗਲਾ ਟੱਪਿਆ ਤਾਂ ਉੱਥੇ ਪੰਥ ਹਾਜ਼ਰ ਸੀ ਤੇ ਪੰਥ ਨੇ ਉਸ ਦੇ ਇਰਾਦੇ ਪੂਰੇ ਨਹੀਂ ਹੋਣ ਦਿੱਤੇ। ਉਨ੍ਹਾਂ ਕਿਹਾ ਕਿ ਜਿੱਥੇ ਪੰਥ ਹੋਵੇਗਾ, ਉੱਥੇ ਬੇਅਦਬੀ ਨਹੀਂ ਹੋਵੇਗੀ, ਜਿੱਥੇ ਪੰਥ ਮਨਫ਼ੀ ਹੈ, ਉੱਥੇ ਬੇਅਦਬੀ ਕਿਵੇਂ ਰੋਕ ਲਵਾਂਗੇ? ਉਨ੍ਹਾਂ ਕਿਹਾ ਕਿ ਪੁਰਾਣੇ ਦਰਬਾਰ ਵੇਖੀਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਜੇ ਪਾਸੇ ਤੇਗ ਤੇ ਬਰਛੇ ਵਾਲਾ ਸਿੰਘ ਖੜ੍ਹਾ ਹੁੰਦਾ ਸੀ। ਉਨ੍ਹਾਂ ਕਿਹਾ ਕਿ ਗੁਰੂ ਪੰਥ ਨੂੰ ਆਪਣੀ ਪਹਿਰੇਦਾਰੀ ਨੂੰ ਨਿਭਾਉਣਾ ਚਾਹੀਦਾ ਹੈ। 


author

Anmol Tagra

Content Editor

Related News