ਨਵਾਂਸ਼ਹਿਰ ਪੁਲਸ ਨੇ ਹੈਰੋਇਨ, ਡਰੱਗ ਮਨੀ ਤੇ ਕਾਰ ਸਮੇਤ 5 ਮੁਲਜ਼ਮ ਕੀਤੇ ਗ੍ਰਿਫ਼ਤਾਰ
Friday, Apr 17, 2026 - 04:09 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਕਪਤਾਨ ਪੁਲਸ ਤੁਸ਼ਾਰ ਗੁਪਤਾ ਦੀਆਂ ਹਦਾਇਤਾਂ 'ਤੇ ਔੜ ਪੁਲਸ ਨੇ 100 ਗ੍ਰਾਮ ਹੈਰੋਇਨ ਅਤੇ ਲੱਖਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਕਾਰਵਾਈ ਰਾਜ ਕੁਮਾਰ ਬਜਾੜ, ਡੀ. ਐੱਸ. ਪੀ. ਸਬ ਡਿਵੀਜ਼ਨ ਨਵਾਂਸ਼ਹਿਰ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਖਪਾਲ ਸਿੰਘ ਮੁੱਖ ਅਫ਼ਸਰ ਥਾਣਾ ਔੜ ਦੀ ਟੀਮ ਵੱਲੋਂ ਅੰਜਾਮ ਦਿੱਤੀ ਗਈ।
ਪੁਲਸ ਅਨੁਸਾਰ ਮੁਖਬਰ ਖ਼ਾਸ ਦੀ ਇਤਲਾਹ 'ਤੇ ਜਦੋਂ ਪੁਲਸ ਪਾਰਟੀ ਦੇਵ ਰਾਜ ਉਰਫ਼ ਦੇਬੀ ਅਤੇ ਪਾਸੋਂ ਉਰਫ਼ ਪਾਲੇ ਦੇ ਘਰ ਰੇਡ ਕਰਨ ਪਹੁੰਚੀ ਤਾਂ ਤਸਕਰਾਂ ਨੇ ਬਚਾਅ ਲਈ ਲਗਾਏ ਲੋਹੇ ਦੇ ਵੱਡੇ ਗੇਟ ਅੰਦਰੋਂ ਬੰਦ ਕਰ ਲਏ। ਵਾਰ-ਵਾਰ ਅਪੀਲ ਕਰਨ 'ਤੇ ਵੀ ਜਦੋਂ ਦਰਵਾਜ਼ੇ ਨਾ ਖੋਲ੍ਹੇ ਗਏ ਤਾਂ ਪਿੰਡ ਦੇ ਸਰਪੰਚ ਦੀ ਮੌਜੂਦਗੀ 'ਚ ਕਟਰ ਮੰਗਵਾ ਕੇ ਗੇਟ ਕੱਟੇ ਗਏ ਅਤੇ ਪੁਲਸ ਅੰਦਰ ਦਾਖ਼ਲ ਹੋਈ।
ਇਹ ਵੀ ਪੜ੍ਹੋ: "ਅਮਨ ਮੁੜ ਆ ਪੁੱਤ ਓਏ"! ਪੈਰੋਲ ਕੱਟ ਕੇ ਵਾਪਸ ਜੇਲ੍ਹ ਗਏ ਨੌਜਵਾਨ ਦੀ ਮੌਤ, ਧਾਹਾਂ ਮਾਰ ਰੋਈ ਮਾਂ
ਛਾਪੇਮਾਰੀ ਦੌਰਾਨ ਜਰਨੈਲ ਸਿੰਘ ਉਰਫ਼ ਜੈਲੀ ਦੀ ਭਾਣਜੀ ਅਮਨਦੀਪ ਉਰਫ਼ ਅਮਨੀ ਨੇ ਪੁਲਿਸ ਨੂੰ ਵੇਖ ਕੇ ਝੋਲਾ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ 'ਚ ਉਸ ਦੀ ਮਦਦ ਜੈਲੀ ਦੀ ਲੜਕੀ ਜੋਤੀ ਨੇ ਕੀਤੀ। ਪੁਲਸ ਨੇ ਮੁਸਤੈਦੀ ਵਿਖਾਉਂਦੇ ਹੋਏ ਦੋਵਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਅਮਨੀ ਦੇ ਝੋਲੇ ਵਿੱਚੋਂ 49 ਗ੍ਰਾਮ ਹੈਰੋਇਨ ਅਤੇ 2,75,040 ਰੁਪਏ ਡਰੱਗ ਮਨੀ ਬਰਾਮਦ ਹੋਈ। ਦੇਬੀ ਦੇ ਘਰ ਦੀ ਤਲਾਸ਼ੀ ਲੈਣ 'ਤੇ ਸੋਫ਼ਾ ਸੈੱਟ ਵਿੱਚੋਂ ਸਿਲਵਰ ਰੋਲ, ਪੰਨੀ, ਲਾਈਟਰ, ਸਰਿੰਜਾਂ, 13 ਨਸ਼ੀਲੇ ਟੀਕੇ ਅਤੇ 51 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਮੌਕੇ ਤੋਂ ਇਕ ਸਵਿੱਫ਼ਟ ਕਾਰ (PB 10 CL 8356) ਵੀ ਜ਼ਬਤ ਕੀਤੀ ਹੈ।
ਪੁਲਸ ਨੇ ਇਸ ਮਾਮਲੇ 'ਚ ਹੁਣ ਤੱਕ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ 'ਚ ਸੰਨੀ ਕੁਮਾਰ (ਦੇਬੀ ਦਾ ਲੜਕਾ), ਵਿਜੇ ਕੁਮਾਰ (ਦੇਬੀ ਦਾ ਲੜਕਾ), ਹਰਪ੍ਰੀਤ ਸਿੰਘ ਉਰਫ਼ ਹਰੀਆ (ਨੌਕਰ), ਅਮਨਦੀਪ ਉਰਫ਼ ਅਮਨੀ, ਜੋਤੀ ਸ਼ਾਮਲ ਸਨ। ਪੁਲਸ ਅਨੁਸਾਰ ਮੁੱਖ ਮੁਲਜ਼ਮ ਦੇਵ ਰਾਜ ਉਰਫ਼ ਦੇਬੀ ਅਤੇ ਪਾਸੋ ਅਜੇ ਫ਼ਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਫੜੇ ਗਏ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਖਾੜੀ ਜੰਗ ਦਾ ਪੰਜਾਬ 'ਚ ਦਿਸਿਆ ਅਸਰ! ਘਰ ਬਣਾਉਣ ਵਾਲਿਆਂ ਲਈ ਹੋਇਆ ਔਖਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
